
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਾਲਾਂਕਿ, ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਮੌਤਾਂ ਨੂੰ ਸਿੱਧੇ ਤੌਰ 'ਤੇ ਮੈਨੂਅਲ ਸਕੈਵੇਂਜਿੰਗ ਕਾਰਨ ਹੋਈਆਂ ਮੌਤਾਂ ਨਹੀਂ ਮੰਨਿਆ ਗਿਆ। ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਤੋਂ ਮਿਲੇ ਅੰਕੜਿਆਂ ਮੁਤਾਬਕ ਇਕ ਜਨਵਰੀ 2021 ਤੋਂ 30 ਜੂਨ 2026 ਤੱਕ ਦੇਸ਼ ਵਿੱਚ ਸੀਵਰੇਜ ਅਤੇ ਸੈਪਟਿਕ ਟੈਂਕਾਂ ਦੀ ਖਤਰਨਾਕ ਸਫ਼ਾਈ ਦੌਰਾਨ 332 ਸਫ਼ਾਈ ਕਰਮਚਾਰੀਆਂ ਦੀ ਜਾਨ ਗਈ।

ਜੈ ਸਿੰਘ ਛਿੱਬਰ, ਚੰਡੀਗੜ੍ਹ: ਸੀਵਰੇਜ ਅਤੇ ਸੈਪਟਿਕ ਟੈਂਕਾਂ ਦੀ ਖਤਰਨਾਕ ਸਫ਼ਾਈ ਦੌਰਾਨ ਪੰਜਾਬ ਵਿੱਚ ਪਿਛਲੇ ਸਾਢੇ ਪੰਜ ਸਾਲਾਂ ਵਿੱਚ 12 ਸਫ਼ਾਈ ਮੁਲਾਜ਼ਮਾਂ ਦੀ ਮੌਤ ਹੋਈ ਹੈ। ਲੋਕ ਸਭਾ ਵਿੱਚ ਚਾਰ ਅਗਸਤ ਨੂੰ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਮੌਤਾਂ ਨੂੰ ਸਿੱਧੇ ਤੌਰ 'ਤੇ ਮੈਨੂਅਲ ਸਕੈਵੇਂਜਿੰਗ ਕਾਰਨ ਹੋਈਆਂ ਮੌਤਾਂ ਨਹੀਂ ਮੰਨਿਆ ਗਿਆ। ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਤੋਂ ਮਿਲੇ ਅੰਕੜਿਆਂ ਮੁਤਾਬਕ ਇਕ ਜਨਵਰੀ 2021 ਤੋਂ 30 ਜੂਨ 2026 ਤੱਕ ਦੇਸ਼ ਵਿੱਚ ਸੀਵਰੇਜ ਅਤੇ ਸੈਪਟਿਕ ਟੈਂਕਾਂ ਦੀ ਖਤਰਨਾਕ ਸਫ਼ਾਈ ਦੌਰਾਨ 332 ਸਫ਼ਾਈ ਕਰਮਚਾਰੀਆਂ ਦੀ ਜਾਨ ਗਈ।
ਦੇਸ਼ ਵਿੱਚ ਸਭ ਤੋਂ ਵੱਧ 58 ਮੌਤਾਂ ਮਹਾਰਾਸ਼ਟਰ ਵਿੱਚ ਹੋਈਆਂ ਹਨ। ਇਸ ਤੋਂ ਬਾਅਦ ਹਰਿਆਣਾ ਵਿੱਚ 47, ਤਾਮਿਲਨਾਡੂ ਵਿੱਚ 38, ਉੱਤਰ ਪ੍ਰਦੇਸ਼ ਵਿੱਚ 37, ਦਿੱਲੀ ਵਿੱਚ 29, ਗੁਜਰਾਤ ਵਿੱਚ 27 ਅਤੇ ਰਾਜਸਥਾਨ ਵਿੱਚ 23 ਮੌਤਾਂ ਦਰਜ ਕੀਤੀਆਂ ਗਈਆਂ ਹਨ। ਪੰਜਾਬ ਵਿੱਚ 12 ਮੌਤਾਂ ਤੋਂ ਇਲਾਵਾ ਕਰਨਾਟਕ ਵਿੱਚ ਵੀ 12, ਤੇਲੰਗਾਨਾ ਵਿੱਚ ਨੌਂ, ਆਂਧਰਾ ਪ੍ਰਦੇਸ਼ ਵਿੱਚ ਪੰਜ, ਦਾਦਰਾ ਅਤੇ ਨਗਰ ਹਵੇਲੀ ਵਿੱਚ ਤਿੰਨ, ਬਿਹਾਰ ਅਤੇ ਓਡੀਸ਼ਾ ਵਿੱਚ ਦੋ-ਦੋ ਅਤੇ ਗੋਆ ਤੇ ਝਾਰਖੰਡ ਵਿੱਚ ਇਕ-ਇਕ ਮੌਤ ਹੋਈ ਹੈ।
ਪੰਜਾਬ ਵਿੱਚ 231 ਮੈਨੂਅਲ ਸਕੈਵੇਂਜਰ ਚਿੰਨ੍ਹਿਤ
ਮੰਤਰਾਲੇ ਅਨੁਸਾਰ 2013 ਅਤੇ 2018 ਵਿੱਚ ਕਰਵਾਏ ਗਏ ਦੋ ਸਰਵੇਖਣਾਂ ਦੌਰਾਨ ਦੇਸ਼ ਭਰ ਵਿੱਚ 58,098 ਮੈਨੂਅਲ ਸਕੈਵੇਂਜਰ ਚਿੰਨ੍ਹਿਤ ਕੀਤੇ ਗਏ ਸਨ। ਇਨ੍ਹਾਂ ਵਿੱਚ ਪੰਜਾਬ ਦੇ 231 ਵਿਅਕਤੀ ਸ਼ਾਮਲ ਹਨ। ਸਾਲ 2024-25 ਵਿੱਚ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵਾਂ ਸਰਵੇਖਣ ਵੀ ਕਰਵਾਇਆ ਗਿਆ, ਪਰ ਸਰਕਾਰ ਨੇ ਜਵਾਬ ਵਿੱਚ ਦੱਸਿਆ ਕਿ ਇਸ ਦੌਰਾਨ ਕੋਈ ਮੈਨੂਅਲ ਸਕੈਵੇਂਜਰ ਨਹੀਂ ਮਿਲਿਆ।
ਮੈਨੂਅਲ ਸਕੈਵੇਂਜਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਬਦਲਵੇਂ ਰੁਜ਼ਗਾਰ ਨਾਲ ਜੋੜਨ ਲਈ ਕੇਂਦਰ ਵੱਲੋਂ ਹੁਨਰ ਵਿਕਾਸ ਸਿਖਲਾਈ ਅਤੇ ਪੂੰਜੀ ਸਬਸਿਡੀ ਦਾ ਪ੍ਰਬੰਧ ਕੀਤਾ ਗਿਆ ਹੈ। ਸਾਲ 2021-22 ਤੋਂ 2025-26 ਦੌਰਾਨ ਪੰਜਾਬ ਵਿੱਚ ਕਿਸੇ ਵੀ ਮੈਨੂਅਲ ਸਕੈਵੇਂਜਰ ਨੂੰ ਹੁਨਰ ਵਿਕਾਸ ਸਿਖਲਾਈ ਨਹੀਂ ਦਿੱਤੀ ਗਈ, ਜਦਕਿ ਸਿਰਫ਼ ਪੰਜ ਨੂੰ ਪੂੰਜੀ ਸਬਸਿਡੀ ਮਿਲੀ।
ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਹੋ ਰਹੀਆਂ ਮੌਤਾਂ
ਮੰਤਰਾਲੇ ਨੇ ਦੱਸਿਆ ਕਿ ਸੀਵਰੇਜ ਅਤੇ ਸੈਪਟਿਕ ਟੈਂਕਾਂ ਦੀ ਖਤਰਨਾਕ ਸਫ਼ਾਈ ਦੌਰਾਨ ਹੋਈਆਂ ਕੁਝ ਮੌਤਾਂ ਦਾ ਕਾਰਨ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਨਾ ਕਰਨਾ ਹੈ। ਮੈਨੂਅਲ ਸਕੈਵੇਂਜਰਾਂ ਦੇ ਰੁਜ਼ਗਾਰ 'ਤੇ ਰੋਕ ਅਤੇ ਪੁਨਰਵਾਸ ਕਾਨੂੰਨ, 2013, ਨਿਯਮਾਂ ਅਤੇ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੀ ਮਿਆਰੀ ਕਾਰਜ ਪ੍ਰਣਾਲੀ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਪਾਲਣਾ ਲਾਜ਼ਮੀ ਹੈ।
ਕੇਂਦਰ ਨੇ ਜੁਲਾਈ 2023 ਵਿੱਚ ਰਾਸ਼ਟਰੀ ਮਸ਼ੀਨੀਕ੍ਰਿਤ ਸਫ਼ਾਈ ਵਾਤਾਵਰਣ ਪ੍ਰਣਾਲੀ ਮੁਹਿੰਮ (ਨਮਸਤੇ) ਸ਼ੁਰੂ ਕੀਤੀ। ਇਸ ਤਹਿਤ ਦੇਸ਼ ਭਰ ਵਿੱਚ 89,915 ਸੀਵਰੇਜ ਅਤੇ ਸੈਪਟਿਕ ਟੈਂਕ ਸਫ਼ਾਈ ਕਰਮਚਾਰੀਆਂ ਦੀ ਤਸਦੀਕ ਕੀਤੀ ਗਈ ਹੈ। ਸਫ਼ਾਈ ਕਰਮਚਾਰੀਆਂ ਨੂੰ ਨਿੱਜੀ ਸੁਰੱਖਿਆ ਉਪਕਰਨ, ਸੁਰੱਖਿਆ ਸਿਖਲਾਈ, ਐਮਰਜੈਂਸੀ ਪ੍ਰਤੀਕਿਰਿਆ ਸਫ਼ਾਈ ਇਕਾਈਆਂ ਲਈ ਉਪਕਰਨ, ਸਫ਼ਾਈ ਮਸ਼ੀਨਰੀ ਲਈ ਪੂੰਜੀ ਸਬਸਿਡੀ, ਸਿਹਤ ਬੀਮਾ ਅਤੇ ਖਤਰਨਾਕ ਸਫ਼ਾਈ ਰੋਕਣ ਸਬੰਧੀ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਕਾਨੂੰਨ ਤਹਿਤ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਤੋਂ ਬਿਨਾਂ ਸੀਵਰੇਜ ਜਾਂ ਸੈਪਟਿਕ ਟੈਂਕ ਦੀ ਖਤਰਨਾਕ ਸਫ਼ਾਈ ਕਰਵਾਉਣ 'ਤੇ ਪਾਬੰਦੀ ਹੈ। ਉਲੰਘਣਾ ਕਰਨ ਵਾਲੇ ਨੂੰ ਪੰਜ ਸਾਲ ਤੱਕ ਦੀ ਕੈਦ ਜਾਂ ਪੰਜ ਲੱਖ ਰੁਪਏ ਤੱਕ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਕੇਂਦਰ ਨੇ ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਤਹਿਤ ਵੀ ਸੀਵਰੇਜ ਅਤੇ ਸੈਪਟਿਕ ਟੈਂਕਾਂ ਦੀ ਸਫ਼ਾਈ ਵਿੱਚ ਮਸ਼ੀਨੀਕਰਨ ਵਧਾਉਣ ਅਤੇ ਖਤਰਨਾਕ ਢੰਗ ਨਾਲ ਸੀਵਰੇਜ ਵਿੱਚ ਦਾਖਲ ਹੋਣ ਦੀ ਪ੍ਰਥਾ ਨੂੰ ਖਤਮ ਕਰਨ 'ਤੇ ਜ਼ੋਰ ਦਿੱਤਾ ਹੈ।