11 ਗੋਲੀਆਂ, ਸਕੈਚ ਅਤੇ 2 ਲੱਖ ਦਾ ਇਨਾਮ: ਅਵਤਾਰ ਸਿੰਘ ਤਾਰੀ ਕਤਲਕਾਂਡ 'ਚ 15 ਸਾਲਾਂ ਬਾਅਦ ਵੀ CBI ਦੇ ਹੱਥ ਖਾਲੀ ਨਾਮਧਾਰੀ ਸੰਪਰਦਾ 'ਚ ਉੱਤਰਾਧਿਕਾਰ ਦੀ ਜੰਗ ਨੇ ਸਾਲ 2011 'ਚ ਅਜਿਹਾ ਖ਼ੂਨੀ ਮੋੜ ਲਿਆ ਸੀ, ਜਿਸ ਨੇ ਪੂਰੇ ਪੰਜਾਬ ਨੂੰ ਝਕਝੋਰ ਕੇ ਰੱਖ ਦਿੱਤਾ। ਸੰਪਰਦਾ ਦੇ ਪ੍ਰਭਾਵਸ਼ਾਲੀ ਸੇਵਾਦਾਰ, ਕਾਰੋਬਾਰੀ ਅਤੇ ਅੰਦਰੂਨੀ ਸ਼ਕਤੀ ਸੰਤੁਲਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਵਤਾਰ ਸਿੰਘ ਤਾਰੀ ਦੀ ਦਿਨ-ਦਿਹਾੜੇ ਏਕੇ-47 ਨਾਲ ਗੋਲੀਆਂ ਵਰ੍ਹਾ ਕੇ ਹੱਤਿਆ ਕਰ ਦਿੱਤੀ ਗਈ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਅੱਜ ਵੀ ਕਾਨੂੰਨ ਦੀ ਗ੍ਰਿਫ਼ਤ ਤੋਂ ਬਾਹਰ ਹਨ। ਹੁਣ ਕਰੀਬ 15 ਸਾਲ ਪੁਰਾਣੇ ਇਸ ਹਾਈ-ਪ੍ਰੋਫਾਈਲ ਹੱਤਿਆਕਾਂਡ 'ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜਾਂਚ ਨੂੰ ਨਵਾਂ ਮੋੜ ਦਿੰਦੇ ਹੋਏ ਇੱਕ ਮੁੱਖ ਸ਼ੱਕੀ ਦਾ ਸਕੈਚ ਜਾਰੀ ਕੀਤ
Publish Date: Sat, 04 Jul 2026 10:43 AM (IST)
Updated Date: Sat, 04 Jul 2026 10:45 AM (IST)
ਰੋਹਿਤ ਕੁਮਾਰ, ਚੰਡੀਗੜ੍ਹ - ਨਾਮਧਾਰੀ ਸੰਪਰਦਾ 'ਚ ਉੱਤਰਾਧਿਕਾਰ ਦੀ ਜੰਗ ਨੇ ਸਾਲ 2011 'ਚ ਅਜਿਹਾ ਖ਼ੂਨੀ ਮੋੜ ਲਿਆ ਸੀ, ਜਿਸ ਨੇ ਪੂਰੇ ਪੰਜਾਬ ਨੂੰ ਝਕਝੋਰ ਕੇ ਰੱਖ ਦਿੱਤਾ। ਸੰਪਰਦਾ ਦੇ ਪ੍ਰਭਾਵਸ਼ਾਲੀ ਸੇਵਾਦਾਰ, ਕਾਰੋਬਾਰੀ ਅਤੇ ਅੰਦਰੂਨੀ ਸ਼ਕਤੀ ਸੰਤੁਲਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਵਤਾਰ ਸਿੰਘ ਤਾਰੀ ਦੀ ਦਿਨ-ਦਿਹਾੜੇ ਏਕੇ-47 ਨਾਲ ਗੋਲੀਆਂ ਵਰ੍ਹਾ ਕੇ ਹੱਤਿਆ ਕਰ ਦਿੱਤੀ ਗਈ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਅੱਜ ਵੀ ਕਾਨੂੰਨ ਦੀ ਗ੍ਰਿਫ਼ਤ ਤੋਂ ਬਾਹਰ ਹਨ। ਹੁਣ ਕਰੀਬ 15 ਸਾਲ ਪੁਰਾਣੇ ਇਸ ਹਾਈ-ਪ੍ਰੋਫਾਈਲ ਹੱਤਿਆਕਾਂਡ 'ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜਾਂਚ ਨੂੰ ਨਵਾਂ ਮੋੜ ਦਿੰਦੇ ਹੋਏ ਇੱਕ ਮੁੱਖ ਸ਼ੱਕੀ ਦਾ ਸਕੈਚ ਜਾਰੀ ਕੀਤਾ ਹੈ ਅਤੇ ਮਾਮਲੇ ਨੂੰ ਸੁਲਝਾਉਣ 'ਚ ਮਦਦਗਾਰ ਜਾਣਕਾਰੀ ਦੇਣ ਵਾਲੇ ਲਈ ਦੋ ਲੱਖ ਰੁਪਏ ਇਨਾਮ ਦੀ ਘੋਸ਼ਣਾ ਕੀਤੀ ਹੈ। ਸੀਬੀਆਈ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ, ਚੰਡੀਗੜ੍ਹ ਦਾ ਮੰਨਣਾ ਹੈ ਕਿ ਇਹ ਮਾਮਲਾ ਸਿਰਫ਼ ਇੱਕ ਕਤਲ ਨਹੀਂ, ਬਲਕਿ ਨਾਮਧਾਰੀ ਸੰਪਰਦਾ ਦੇ ਅੰਦਰ ਸਾਲਾਂ ਤੋਂ ਚੱਲ ਰਹੇ ਵਰਚਸਵ ਦੇ ਸੰਘਰਸ਼ ਦਾ ਸਭ ਤੋਂ ਹਿੰਸਕ ਰੂਪ ਸੀ। ਜਾਂਚ ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਜੋ ਵੀ ਵਿਅਕਤੀ ਮੁਲਜ਼ਮਾਂ ਤੱਕ ਪਹੁੰਚਾਉਣ ਵਾਲੀ ਭਰੋਸੇਯੋਗ ਜਾਣਕਾਰੀ ਦੇਵੇਗਾ, ਉਸਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਅਵਤਾਰ ਸਿੰਘ ਤਾਰੀ ਕੇਵਲ ਧਾਰਮਿਕ ਗਤੀਵਿਧੀਆਂ ਨਾਲ ਜੁੜੇ ਵਿਅਕਤੀ ਨਹੀਂ ਸਨ। ਖੇਤੀਬਾੜੀ, ਰੀਅਲ ਐਸਟੇਟ ਅਤੇ ਸਮਾਜਿਕ ਪ੍ਰਭਾਵ ਕਾਰਨ ਉਨ੍ਹਾਂ ਦੀ ਪਛਾਣ ਇੱਕ ਮਜ਼ਬੂਤ ਨੈੱਟਵਰਕ ਵਾਲੇ ਪ੍ਰਭਾਵਸ਼ਾਲੀ ਵਿਅਕਤੀ ਵਜੋਂ ਸੀ। ਨਾਮਧਾਰੀ ਸੰਪਰਦਾ ਦੇ ਪੂਰਵ ਮੁਖੀ ਸਤਿਗੁਰੂ ਜਗਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਜਦੋਂ ਉੱਤਰਾਧਿਕਾਰ ਨੂੰ ਲੈ ਕੇ ਵੱਖ-ਵੱਖ ਗੁੱਟ ਸਰਗਰਮ ਹੋਏ, ਉਦੋਂ ਤਾਰੀ ਇੱਕ ਅਹਿਮ ਸ਼ਕਤੀ ਕੇਂਦਰ ਵਜੋਂ ਉੱਭਰੇ। ਉਨ੍ਹਾਂ ਦਾ ਝੁਕਾਅ ਸਤਿਗੁਰੂ ਜਗਜੀਤ ਸਿੰਘ ਦੇ ਜਵਾਈ ਸੰਤ ਜਗਤਾਰ ਸਿੰਘ ਦੇ ਧੜੇ ਵੱਲ ਮੰਨਿਆ ਜਾਂਦਾ ਸੀ। ਇਸੇ ਕਾਰਨ ਵਿਰੋਧੀ ਖੇਮੇ 'ਚ ਉਨ੍ਹਾਂ ਦਾ ਪ੍ਰਭਾਵ ਲਗਾਤਾਰ ਇੱਕ ਚੁਣੌਤੀ ਵਜੋਂ ਦੇਖਿਆ ਜਾਣ ਲੱਗਾ।
11 ਗੋਲੀਆਂ ਨਾਲ ਦਹਿਲ ਉੱਠਿਆ ਸੀ ਇਲਾਕਾ
12 ਅਪ੍ਰੈਲ 2011 ਦੀ ਸਵੇਰ ਅਵਤਾਰ ਸਿੰਘ ਤਾਰੀ ਆਪਣੀ ਟੋਇਟਾ ਕੋਰੋਲਾ ਕਾਰ 'ਚ ਮੋਹਾਲੀ ਤੋਂ ਸ੍ਰੀ ਭੈਣੀ ਸਾਹਿਬ ਲਈ ਰਵਾਨਾ ਹੋਏ ਸਨ। ਰੋਜ਼ ਦੀ ਤਰ੍ਹਾਂ ਇਹ ਇੱਕ ਆਮ ਯਾਤਰਾ ਲੱਗ ਰਹੀ ਸੀ, ਪਰ ਉਨ੍ਹਾਂ ਨੂੰ ਸ਼ੱਕ ਹੋਣ ਲੱਗਾ ਕਿ ਕੁਝ ਲੋਕ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ। ਸਵੇਰੇ ਕਰੀਬ 11 ਵਜੇ ਜਦੋਂ ਉਹ ਲੁਧਿਆਣਾ ਜ਼ਿਲ੍ਹੇ ਦੇ ਕਟਾਣੀ ਕਲਾਂ ਪਿੰਡ ਦੇ ਨੇੜੇ ਪਹੁੰਚੇ, ਤਾਂ ਸ਼ੱਕ ਹੋਰ ਗਹਿਰਾ ਹੋ ਗਿਆ। ਉਨ੍ਹਾਂ ਨੇ ਅਹਿਤਿਆਤ ਵਜੋਂ ਇੱਕ ਰਿਸ਼ਤੇਦਾਰ ਦੀ ਦੁਕਾਨ 'ਤੇ ਕਾਰ ਰੋਕ ਦਿੱਤੀ।
ਦੱਸਿਆ ਜਾਂਦਾ ਹੈ ਕਿ ਕੁਝ ਮਿੰਟਾਂ ਬਾਅਦ ਜਿਵੇਂ ਹੀ ਤਾਰੀ ਦੁਕਾਨ ਤੋਂ ਬਾਹਰ ਨਿਕਲੇ, ਮੋਟਰਸਾਈਕਲ ਸਵਾਰ ਦੋ ਹਮਲਾਵਰ ਅਚਾਨਕ ਉਨ੍ਹਾਂ ਦੇ ਬਹੁਤ ਨੇੜੇ ਪਹੁੰਚ ਗਏ। ਇਸ ਤੋਂ ਬਾਅਦ ਕੁਝ ਹੀ ਸੈਕੰਡਾਂ 'ਚ ਗੋਲੀਆਂ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਉੱਠਿਆ। ਹਮਲਾਵਰਾਂ ਨੇ ਏਕੇ-47 ਰਾਈਫਲ ਨਾਲ ਤਾਬੜਤੋੜ ਫਾਇਰਿੰਗ ਕੀਤੀ ਅਤੇ 11 ਗੋਲੀਆਂ ਤਾਰੀ ਦੇ ਸਰੀਰ 'ਚ ਉਤਾਰ ਦਿੱਤੀਆਂ। ਹਮਲਾ ਇੰਨਾ ਯੋਜਨਾਬੱਧ ਅਤੇ ਘਾਤਕ ਸੀ ਕਿ ਉਨ੍ਹਾਂ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ। ਉਨ੍ਹਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਉਸ ਵੇਲੇ ਦੀ ਜਾਂਚ 'ਚ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇੱਕ ਹਮਲਾਵਰ ਚਿੱਟਾ ਕੁੜਤਾ-ਪਜਾਮਾ ਅਤੇ ਚਿੱਟਾ ਪਰਨਾ ਬੰਨ੍ਹਿਆ ਹੋਇਆ ਸੀ, ਜਦੋਂ ਕਿ ਦੂਜਾ ਹਰੇ ਰੰਗ ਦੀ ਪੈਂਟ 'ਚ ਦੇਖਿਆ ਗਿਆ। ਮੁਢਲੀ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਕਿ ਤਾਰੀ 'ਤੇ ਇਸ ਤੋਂ ਪਹਿਲਾਂ ਵੀ ਦੋ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਸੀ। ਯਾਨੀ ਹਮਲਾਵਰ ਲੰਬੇ ਸਮੇਂ ਤੋਂ ਮੌਕੇ ਦੀ ਭਾਲ 'ਚ ਸਨ। ਮੋਹਾਲੀ 'ਚ ਇਹਨਾਂ ਕੋਸ਼ਿਸ਼ਾਂ ਨਾਲ ਜੁੜੇ ਦੋ ਮਾਮਲੇ ਵੀ ਦਰਜ ਕੀਤੇ ਗਏ ਸਨ।
ਜਾਂਚ ਪੁਲਿਸ ਤੋਂ ਸੀਬੀਆਈ ਕੋਲ ਪਹੁੰਚੀ
ਕਤਲ ਤੋਂ ਬਾਅਦ ਪਰਿਵਾਰ ਨੇ ਸਿੱਧੇ ਤੌਰ 'ਤੇ ਇਸ ਵਾਰਦਾਤ ਨੂੰ ਨਾਮਧਾਰੀ ਸੰਪਰਦਾ ਦੇ ਅੰਦਰ ਚੱਲ ਰਹੀ ਸੱਤਾ ਦੀ ਲੜਾਈ ਨਾਲ ਜੋੜਿਆ। ਅਵਤਾਰ ਸਿੰਘ ਤਾਰੀ ਦੇ ਬਹਿਨੋਈ ਬਲਵੰਤ ਸਿੰਘ ਦੇ ਬਿਆਨ 'ਤੇ ਸਾਹਨੇਵਾਲ ਥਾਣੇ 'ਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਸ਼ਿਕਾਇਤ 'ਚ ਠਾਕੁਰ ਦਲੀਪ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਗੰਭੀਰ ਆਰੋਪ ਲਗਾਏ ਗਏ। ਮਾਮਲਾ ਲਗਾਤਾਰ ਸੁਰਖੀਆਂ 'ਚ ਰਿਹਾ ਅਤੇ ਸਿਆਸੀ-ਸਮਾਜਿਕ ਦਬਾਅ ਵਧਣ ਤੋਂ ਬਾਅਦ ਜਾਂਚ ਸਥਾਨਕ ਪੁਲਿਸ ਤੋਂ ਲੈ ਕੇ ਸੀਬੀਆਈ ਨੂੰ ਸੌਂਪ ਦਿੱਤੀ ਗਈ।
ਸੀਬੀਆਈ ਨੇ 9 ਜਨਵਰੀ 2017 ਨੂੰ ਰਸਮੀ ਤੌਰ 'ਤੇ ਕੇਸ ਦਰਜ ਕੀਤਾ ਅਤੇ ਕਈ ਪਹਿਲੂਆਂ ਤੋਂ ਜਾਂਚ ਸ਼ੁਰੂ ਕੀਤੀ। ਏਜੰਸੀ ਨੇ ਪੁਰਾਣੇ ਬਿਆਨ, ਤਕਨੀਕੀ ਸਬੂਤ ਅਤੇ ਘਟਨਾਕ੍ਰਮ ਦੀ ਦੁਬਾਰਾ ਪੜਤਾਲ ਕੀਤੀ, ਪਰ ਸਾਲਾਂ ਬਾਅਦ ਵੀ ਕਤਲ ਦੀ ਗੁੱਥੀ ਪੂਰੀ ਤਰ੍ਹਾਂ ਨਹੀਂ ਸੁਲਝ ਸਕੀ। ਹੁਣ ਸਕੈਚ ਜਾਰੀ ਕਰਕੇ ਸੀਬੀਆਈ ਨੇ ਸੰਕੇਤ ਦਿੱਤਾ ਹੈ ਕਿ ਜਾਂਚ ਫਿਰ ਤੋਂ ਸਰਗਰਮ ਪੜਾਅ 'ਤੇ ਪਹੁੰਚ ਚੁੱਕੀ ਹੈ।
ਮਾਤਾ ਚੰਦ ਕੌਰ ਦਾ ਵੀ ਹੋਇਆ ਸੀ ਕਤਲ
ਇਸ ਹੱਤਿਆਕਾਂਡ ਤੋਂ ਬਾਅਦ ਵੀ ਨਾਮਧਾਰੀ ਸੰਪਰਦਾ ਦਾ ਵਿਵਾਦ ਸ਼ਾਂਤ ਨਹੀਂ ਹੋਇਆ। ਸਾਲ 2016 'ਚ ਸੰਪਰਦਾ ਦੇ ਪੂਰਵ ਮੁਖੀ ਦੀ ਪਤਨੀ ਮਾਤਾ ਚੰਦ ਕੌਰ ਦੀ ਵੀ ਅਗਿਆਤ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਹਨਾਂ ਘਟਨਾਵਾਂ ਨੇ ਸਾਫ਼ ਕਰ ਦਿੱਤਾ ਕਿ ਉੱਤਰਾਧਿਕਾਰ ਦਾ ਸੰਘਰਸ਼ ਕੇਵਲ ਵੈਚਾਰਿਕ ਜਾਂ ਜਥੇਬੰਦਕ ਨਹੀਂ ਰਿਹਾ, ਬਲਕਿ ਖ਼ੂਨੀ ਟਕਰਾਅ 'ਚ ਬਦਲ ਚੁੱਕਾ ਸੀ। ਕਰੀਬ ਡੇਢ ਦਹਾਕੇ ਬਾਅਦ ਵੀ ਅਵਤਾਰ ਸਿੰਘ ਤਾਰੀ ਹੱਤਿਆਕਾਂਡ ਪੰਜਾਬ ਦੇ ਸਭ ਤੋਂ ਰਹੱਸਮਈ ਅਤੇ ਚਰਚਿਤ ਮਾਮਲਿਆਂ 'ਚ ਗਿਣਿਆ ਜਾਂਦਾ ਹੈ।