ਡੇਰਾ ਬੱਸੀ ’ਚ ਆਵਾਰਾ ਕੁੱਤਿਆਂ ਦਾ ਆਤੰਕ ਅੱਧਾ ਦਰਜਨ ਲੋਕਾਂ
Publish Date: Sun, 05 Jul 2026 10:28 PM (IST)
Updated Date: Mon, 06 Jul 2026 04:12 AM (IST)
ਅੱਧਾ ਦਰਜਨ ਲੋਕਾਂ ਨੂੰ ਬਣਾਇਆ ਸ਼ਿਕਾਰ ਸੰਵਾਦ ਸਹਿਯੋਗੀ, ਜਾਗਰਣ, ਡੇਰਾ ਬੱਸੀ: ਸ਼ਹਿਰ ’ਚ ਆਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਵੱਧ ਰਿਹਾ ਹੈ। ਪਿਛਲੇ ਕੁਝ ਦਿਨਾਂ ’ਚ ਆਵਾਰਾ ਕੁੱਤਿਆਂ ਨੇ ਅੱਧਾ ਦਰਜਨ ਤੋਂ ਵੱਧ ਲੋਕਾਂ ਨੂੰ ਵੱਢ ਕੇ ਜ਼ਖਮੀ ਕਰ ਦਿੱਤਾ ਹੈ, ਜਿਸ ਨਾਲ ਸਥਾਨਕ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਨਾਗਰਿਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਆਵਾਰਾ ਕੁੱਤਿਆਂ ਦੇ ਝੁੰਡ ਖੁੱਲ੍ਹੇਆਮ ਘੁੰਮਦੇ ਰਹਿੰਦੇ ਹਨ ਪਰ ਸਬੰਧਤ ਵਿਭਾਗ ਵੱਲੋਂ ਇਨ੍ਹਾਂ ਨੂੰ ਫੜਨ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਤਾਜ਼ਾ ਘਟਨਾ ’ਚ ਸਾਧੂ ਨਗਰ ਦੇ ਨਿਵਾਸੀ ਮੋਂਟੂ ’ਤੇ ਪਿਛਲੇ ਦਿਨ ਤਹਿਸੀਲ ਰੋਡ ’ਤੇ ਸੇਵਾ ਕੇਂਦਰ ਦੇ ਨੇੜੇ ਇਕ ਆਵਾਰਾ ਕੁੱਤੇ ਨੇ ਅਚਾਨਕ ਹਮਲਾ ਕਰ ਦਿੱਤਾ। ਕੁੱਤੇ ਨੇ ਉਨ੍ਹਾਂ ਦੇ ਪੈਰ ’ਤੇ ਵੱਢ ਲਿਆ, ਜਿਸ ਨਾਲ ਉਹ ਜ਼ਖਮੀ ਹੋ ਗਏ। ਆਸ-ਪਾਸ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਕੁੱਤੇ ਤੋਂ ਬਚਾਇਆ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ, ਜਿੱਥੇ ਉਨ੍ਹਾਂ ਨੂੰ ਐਂਟੀ-ਰੇਬੀਜ਼ ਇੰਜੈਕਸ਼ਨ ਲਾਏ ਗਏ। ਸਥਾਨਕ ਲੋਕਾਂ ਅਨੁਸਾਰ ਸਵੇਰੇ-ਸ਼ਾਮ ਦੇ ਸਮੇਂ ਆਵਾਰਾ ਕੁੱਤਿਆਂ ਦਾ ਖ਼ਤਰਾ ਸਭ ਤੋਂ ਵੱਧ ਰਹਿੰਦਾ ਹੈ। ਸਕੂਲੀ ਬੱਚਿਆਂ, ਬੁਜ਼ੁਰਗਾਂ ਤੇ ਰਾਹਗੀਰਾਂ ਨੂੰ ਇਨ੍ਹਾਂ ਕੁੱਤਿਆਂ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰੀ ਕੁੱਤੇ ਰਾਹ ਚੱਲਦੇ ਲੋਕਾਂ ਦਾ ਪਿੱਛਾ ਕਰਦੇ ਹਨ, ਜਿਸ ਨਾਲ ਦੁਰਘਟਨਾਵਾਂ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਨਗਰ ਪੰਚਾਇਤ ਤੇ ਸਬੰਧਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ’ਤੇ ਢੁੱਕਵੇਂ ਕਦਮ ਨਹੀਂ ਚੁੱਕੇ ਗਏ ਤਾਂ ਭਵਿੱਖ ’ਚ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ। ਨਗਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਪ੍ਰਭਾਵਿਤ ਇਲਾਕਿਆਂ ’ਚ ਤੁਰੰਤ ਕਾਰਵਾਈ ਕਰਦਿਆਂ ਆਵਾਰਾ ਕੁੱਤਿਆਂ ਦੀ ਗਿਣਤੀ ’ਤੇ ਕੰਟਰੋਲ ਕੀਤਾ ਜਾਵੇ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਨਾਲ ਹੀ ਲੋਕਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਜੇ ਕਿਸੇ ਨੂੰ ਕੁੱਤਾ ਵੱਢ ਲਵੇ ਤਾਂ ਬਿਨਾਂ ਦੇਰੀ ਕੀਤੇ ਨੇੜੇ ਦੇ ਸਿਹਤ ਕੇਂਦਰ ’ਚ ਜਾ ਕੇ ਇਲਾਜ ਤੇ ਐਂਟੀ-ਰੇਬੀਜ਼ ਟੀਕਾ ਲਗਵਾਉਣ।