- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਕਿੱਤੇ ਨੂੰ ਹੋਰ ਅੱਗੇ ਵਧਾਉਣ ਲਈ ਬਾਗਬਾਨੀ ਵਿਭਾਗ ਪੰਜਾਬ ਅਤੇ ਪੰਜਾਬ ਰਾਜ ਦਿਹਾਤੀ ਮਿਸ਼ਨ ਤੋਂ ਵਿੱਤੀ ਸਹਾਇਤਾ ਦੇ ਤੌਰ 'ਤੇ ਮਿਲੇ ਸਹਿਯੋਗ ਸਦਕਾ ਅੱਜ ਉਨ੍ਹਾਂ ਕੋਲ ਮਧੂ ਮੱਖੀਆਂ ਦੇ 2500 ਬਕਸੇ ਹਨ। ਉਨ੍ਹਾਂ ਦੱਸਿਆ ਕਿ ਅੱਜ ਇਸ ਗਰੁੱਪ ਵਿੱਚ 200 ਮੈਂਬਰਾਂ ਨੂੰ ਇਸ ਕਿੱਤੇ ਰਾਹੀਂ ਹੋ ਰਹੀ ਆਮਦਨ ਦੇ ਨਾਲ-ਨਾਲ ਸਾਰਾ ਸਾਲ 5 ਜਾਂ 6 ਕਾਮਿਆਂ ਨੂੰ ਰੁਜ਼ਗਾਰ ਵੀ ਮਿਲਦਾ ਰਹਿੰਦਾ ਹੈ।

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਮੱਖੀ ਪਾਲਣ ਦੇ ਕਿੱਤੇ ਨੂੰ ਨਵਾਂ ਰੂਪ ਦਿੰਦਿਆਂ ਕਿਸਾਨ ਬੀਬੀਆਂ ਨੇ ਮਿਸਾਲ ਬਣਾਈ ਹੈ। ਇਹ ਬੀਬੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਪੁਰਸ਼ਾਂ ਤੋਂ ਕਿਧਰੇ ਵੀ ਪਿੱਛੇ ਨਹੀਂ ਹਨ ਤੇ ਉਹ ਹਰ ਕੰਮ ਬਾਖੂਬੀ ਕਰ ਕੇ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਸਕਦੀਆਂ ਹਨ। ਏਕ ਓਂਕਾਰ ਸੈਲਫ ਹੈਲਪ ਗਰੁੱਪ ਪਿੰਡ ਦਿਆਲਪੁਰਾ ਭਾਈਕਾ ਤੇ ਭਗਤਾ ਬਲਾਕ ਦੇ ਹੋਰਨਾਂ ਪਿੰਡਾਂ ਤੋਂ ਸ਼ਾਮਲ ਹੋਈਆਂ ਕਿਸਾਨ ਬੀਬੀਆਂ ਵੱਲੋ ਵੀ ਅਜੀਵਿਕਾ ਹਨੀ, ਕੌਰ ਹਨੀ ਤੇ ਕੁਦਰਤ ਹਨੀ ਬ੍ਰਾਂਡ ਹੇਠਾਂ ਅਨੇਕਾਂ ਪ੍ਰਕਾਰ ਦੇ ਸ਼ਹਿਦ ਤੇ ਉਸ ਤੋਂ ਬਣੇ ਉਤਪਾਦ ਵੇਚੇ ਜਾਂਦੇ ਹਨ। ਉਨ੍ਹਾਂ ਵੱਲੋਂ ਬੇਰੀ, ਸਰ੍ਹੋਂ, ਸਫੇਦਾ, ਟਾਹਲੀ, ਲੀਚੀ, ਕਿੱਕਰ, ਅਜਵੈਨ, ਧਨੀਆ, ਬਰਸੀਮ ਆਦਿ ਤੋਂ ਤਿਆਰ ਸ਼ਹਿਦ ਦਾ ਉਤਪਾਦਨ ਕੀਤਾ ਜਾਂਦਾ ਹੈ। ਗਰੁੱਪ ਦੀ ਮੈਂਬਰ ਜਸਵੀਰ ਕੌਰ ਨੇ ਦੱਸਿਆ ਕਿ ਸਾਰਾ ਸਾਲ ਵੱਖ-ਵੱਖ ਤਰ੍ਹਾਂ ਦੇ ਸ਼ਹਿਦ ਦੇ ਉਤਪਾਦਨ ਲਈ ਗਰੁੱਪ ਵੱਲੋਂ ਮੱਖੀਆਂ ਨੂੰ ਹਰਿਆਣਾ, ਰਾਜਸਥਾਨ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਵਾਸ ਲਈ ਲਿਜਾਇਆ ਜਾਂਦਾ ਹੈ। ਜਸਵੀਰ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਨੇ 2020 ਤੋਂ ਮੱਖੀ ਪਾਲਣ ਦੇ ਕਿੱਤੇ ਨੂੰ ਰੁਜ਼ਗਾਰ ਦੇ ਤੌਰ 'ਤੇ ਅਪਣਾਇਆ। ਇਨ੍ਹਾਂ ਕਿਸਾਨ ਬੀਬੀਆਂ ਨੇ ਮਾਨ ਮੱਖੀ ਫਾਰਮ, ਪਿੰਡ ਤੁੰਗਵਾਲੀ, ਜ਼ਿਲ੍ਹਾ ਬਠਿੰਡਾ ਵਿਖੇ ਲੱਗੇ ਜਾਗਰੂਕਤਾ ਕੈਂਪ ਤੋਂ ਪ੍ਰੇਰਨਾ ਲੈ ਕੇ ਪੰਜ ਮੈਂਬਰਾਂ ਦੀ ਟੀਮ ਬਣਾਈ ਤੇ ਮੱਖੀ ਪਾਲਣ ਦਾ ਕੰਮ 50 ਬਕਸਿਆਂ ਨਾਲ ਸ਼ੁਰੂ ਕੀਤਾ। ਇਸ ਕਿੱਤੇ ਨੂੰ ਹੋਰ ਅੱਗੇ ਵਧਾਉਣ ਲਈ ਬਾਗਬਾਨੀ ਵਿਭਾਗ ਪੰਜਾਬ ਅਤੇ ਪੰਜਾਬ ਰਾਜ ਦਿਹਾਤੀ ਮਿਸ਼ਨ ਤੋਂ ਵਿੱਤੀ ਸਹਾਇਤਾ ਦੇ ਤੌਰ 'ਤੇ ਮਿਲੇ ਸਹਿਯੋਗ ਸਦਕਾ ਅੱਜ ਉਨ੍ਹਾਂ ਕੋਲ ਮਧੂ ਮੱਖੀਆਂ ਦੇ 2500 ਬਕਸੇ ਹਨ। ਉਨ੍ਹਾਂ ਦੱਸਿਆ ਕਿ ਅੱਜ ਇਸ ਗਰੁੱਪ ਵਿੱਚ 200 ਮੈਂਬਰਾਂ ਨੂੰ ਇਸ ਕਿੱਤੇ ਰਾਹੀਂ ਹੋ ਰਹੀ ਆਮਦਨ ਦੇ ਨਾਲ-ਨਾਲ ਸਾਰਾ ਸਾਲ 5 ਜਾਂ 6 ਕਾਮਿਆਂ ਨੂੰ ਰੁਜ਼ਗਾਰ ਵੀ ਮਿਲਦਾ ਰਹਿੰਦਾ ਹੈ। ਗਰੁੱਪ ਨੂੰ ਪੰਜਾਬ ਐਗਰੋ ਵੱਲੋਂ ਸਬਸਿਡੀ ਉੱਤੇ 10 ਲੱਖ ਰੁਪਏ ਦਾ ਪ੍ਰੋਜੈਕਟ ਦਿੱਤਾ ਗਿਆ ਹੈ, ਜਿਸ ਨਾਲ ਉਹ ਸ਼ਹਿਦ ਨੂੰ ਦੀ ਪ੍ਰੋਸੈਸਿੰਗ ਕਰਕੇ ਉਸ ਦਾ ਮੰਡੀਕਰਨ ਕੀਤਾ ਜਾਂਦਾ ਹੈ । ਸ਼ਹਿਦ ਦੇ ਮੰਡੀਕਰਨ ਲਈ ਗਰੁੱਪ ਵੱਲੋਂ ਆਜੀਵਿਕਾ, ਕੁਦਰਤ ਅਤੇ ਕੌਰ ਹਨੀ ਦੇ ਮਾਰਕੇ ਹੇਠ ਖੁਦ ਪ੍ਰੋਸੈਸਿੰਗ ਅਤੇ ਪੈਕਿੰਗ ਕਰਕੇ ਵਿਕਰੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਗਰੁੱਪ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਪ੍ਰਦਰਸ਼ਨੀਆਂ, ਮੇਲਿਆਂ ਵਿੱਚ ਜਾ ਕੇ ਅਤੇ ਭਗਤਾ-ਬਰਨਾਲਾ ਰੋਡ, ਪਿੰਡ ਦਿਆਲਪੁਰਾ ਭਾਈਕਾ ਵਿਖੇ ਗੁਰੱਪ ਦੇ ਬਣੇ ਹੋਏ ਵਿਕਰੀ ਕੇਂਦਰ 'ਤੇ ਸ਼ਹਿਦ ਵੇਚਿਆ ਜਾਂਦਾ ਹੈ। ਸ਼ਹਿਦ ਦੇ ਮੰਡੀਕਰਨ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹੋਏ ਜਸਵੀਰ ਕੌਰ ਨੇ ਦੱਸਿਆ ਕਿ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੋਣ ਕਰਕੇ ਸਰ੍ਹੋਂ ਦੀ ਫ਼ਸਲ ਤੋਂ ਤਿਆਰ ਹੋਇਆ ਸ਼ਹਿਦ ਜੋ ਕਿ ਕੁਦਰਤੀ ਤੌਰ 'ਤੇ ਘੱਟ ਤਾਪਮਾਨ ’ਤੇ ਜੰਮ ਜਾਂਦਾ ਹੈ, ਉਸ ਨੂੰ ਮਿਲਾਵਟੀ ਸਮਝ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਗਰੁੱਪ ਵੱਲੋਂ ਸ਼ਹਿਦ ਦੇ ਧੰਦੇ ਤੋਂ ਚੰਗਾ ਮੁਨਾਫਾ ਕਮਾਉਣ ਲਈ ਮੰਡੀਕਰਨ ਦੀਆਂ ਨਵੀਆਂ ਤਕਨੀਕਾਂ ਸਬੰਧੀ ਸੇਧਾਂ ਲੈਣ ਲਈ ਮੰਡੀਕਰਨ ਵਿੰਗ, ਖੇਤੀਬਾੜੀ ਵਿਭਾਗ ਦੇ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਸਮਾਜਿਕ, ਆਰਥਿਕ ਔਕੜਾਂ ਹੋਣ ਦੇ ਬਾਵਜੂਦ ਇਸ ਕਿੱਤੇ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਵਾਲੀਆਂ ਕਿਸਾਨ ਬੀਬੀਆਂ ਦਾ ਇਹ ਸਮੂਹ ਆਪਸ ਵਿੱਚ ਜੁੜਕੇ ਸਾਂਝੇ ਤੌਰ 'ਤੇ ਕੰਮ ਕਰਨ ਦੀ ਚੰਗੀ ਮਿਸਾਲ ਬਣ ਰਿਹਾ ਹੈ। ਅੱਜ ਦੇ ਇਸ ਵੱਧ ਰਹੇ ਖਰਚਿਆਂ ਦੇ ਸਮੇਂ ਵਿੱਚ ਪਿੰਡਾਂ/ਸ਼ਹਿਰਾਂ ਵਿੱਚ ਖੇਤੀਬਾੜੀ ਦੇ ਧੰਦੇ ਨਾਲ ਜੁੜੀਆਂ ਕਿਸਾਨ ਬੀਬੀਆਂ ਨੂੰ ਇਸ ਗਰੁੱਪ ਤੋਂ ਸੇਧ ਲੈ ਕੇ ਇਸ ਤਰ੍ਹਾਂ ਸਵੈ ਸਹਾਇਤਾ ਗਰੁੱਪ ਜਾਂ ਕਿਸਾਨ ਉਤਪਾਦਕ ਸੰਗਠਨ ਬਣਾਕੇ ਖੇਤੀਬਾੜੀ ਨਾਲ ਜੁੜੇ ਅਜਿਹੇ ਧੰਦੇ ਅਪਨਾਉਣ ਦੀ ਲੋੜ ਹੈ।
ਹੋਰਨਾਂ ਲਈ ਚਾਨਣ ਮੁਨਾਰਾ ਨੇ ਕਿਸਾਨ ਬੀਬੀਆਂ : ਡੀਸੀ
ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਇਨ੍ਹਾਂ ਕਿਸਾਨ ਬੀਬੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬੀਬੀਆਂ ਹੋਰਨਾਂ ਲਈ ਚਾਨਣ ਮੁਨਾਰਾ ਹਨ ਅਤੇ ਇਨ੍ਹਾਂ ਤੋਂ ਸੇਧ ਲੈ ਕੇ ਕਿਸਾਨ ਸਵੈ-ਰੁਜ਼ਗਾਰ ਵੱਲ ਆਪਣੇ ਕਦਮ ਵਧਾਉਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦਿੱਤੀ ਗਈ ਹੈ, ਜਿਸ ਵਿਚ ਤਕਨੀਕੀ ਸਿੱਖਿਆ, ਸਬਸਿਡੀ ਉੱਤੇ ਮਸ਼ੀਨਰੀ ਅਤੇ ਮੰਡੀਕਰਨ ਸਬੰਧੀ ਸਹਾਇਤਾ ਸ਼ਾਮਲ ਹੈ।
ਲਸਣ ਵਾਲਾ ਸ਼ਹਿਦ, ਪੋਲਨ, ਸਫੇਦ ਸ਼ਹਿਦ ਬਣਾਏ ਜਾਂਦੇ ਨੇ
ਕਿਸਾਨ ਬੀਬੀਆਂ ਵੱਲੋਂ ਸ਼ਹਿਦ ਦੀ ਪ੍ਰੋਸੈਸਿੰਗ ਕਰ ਕੇ ਉਸ ਤੋਂ ਵੱਖ-ਵੱਖ ਉਤਪਾਦ ਬਣਾਏ ਜਾਂਦੇ ਹਨ, ਜਿਨ੍ਹਾਂ ਦੀ ਮਾਰਕੀਟ ਵਿਚ ਭਰਪੂਰ ਮੰਗ ਹੈ। ਇਨ੍ਹਾਂ ਵੱਲੋਂ ਦਿਲ ਦੀਆਂ ਬਿਮਾਰੀਆਂ ਨਾਲ ਲੜਨ ਵਾਲਾ ਲਸਣ ਵਾਲਾ ਸ਼ਹਿਦ, ਲਸਣ- ਸ਼ਹਿਦ ਦਾ ਅਰਕ, ਪੋਲਨ ਗ੍ਰੈਨ - ਸਰ੍ਹੋਂ ਅਤੇ ਪਿਆਜ਼ੀ ਵਰਾਇਟੀ ਦੇ (ਜਿਹੜੇ ਕਿ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ), ਡ੍ਰਾਈ ਫਰੂਟ ਵਾਲਾ ਸ਼ਹਿਦ, ਸ਼ਹਿਦ ਦੀ ਬਰਫੀ, ਨਾਰੀਅਲ ਲੱਡੂ ਆਦਿ ਵੀ ਬਣਾ ਕੇ ਵੇਚੇ ਜਾਂਦੇ ਹਨ।