- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਹੁਣ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਕਈ ਅਜਿਹੇ ਖੇਤਰ ਹਨ, ਜਿਨ੍ਹਾਂ ਦਾ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਫ਼ਸਲਾਂ ਲਈ ਲਾਹੇਵੰਦ ਨਹੀਂ ਹੈ। ਮਾਲਵਾ ਖੇਤਰ ਅੰਦਰ ਕਣਕ ਦੀ 40 ਫੀਸਦੀ ਬਿਜਾਈ ਹੋ ਚੁੱਕੀ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਕਾਰ ਵੱਲੋਂ ਬਠਿੰਡਾ ਦੀ ਸਰਹਿੰਦ ਨਹਿਰ ਦੀ ਬੰਦੀ ਕਰ ਦੇਣ ਨਾਲ ਮਾਲਵਾ ਖੇਤਰ ਅੰਦਰ ਕਣਕ ਦੀ ਬਿਜਾਈ ਪ੍ਰਭਾਵਿਤ ਹੋ ਸਕਦੀ ਹੈ। ਸਰਹਿੰਦ ਨਹਿਰ ਵਿਚ ਪਾਣੀ ਬੰਦ ਕੀਤੇ ਜਾਣ ਕਾਰਨ ਮਾਲਵਾ ਖੇਤਰ ਦੇ ਅੱਧੀ ਦਰਜਨ ਜ਼ਿਲ੍ਹਿਆਂ ਅੰਦਰ ਸਿੰਚਾਈ ਲਈ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਇਸ ਖੇਤਰ ਦਾ ਜਿਆਦਾਤਰ ਜ਼ਮੀਨੀ ਰਕਬਾ ਨਹਿਰੀ ਪਾਣੀ ਨਾਲ ਸਿੰਝਿਆ ਜਾਂਦਾ ਹੈ। ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਹੁਣ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਕਈ ਅਜਿਹੇ ਖੇਤਰ ਹਨ, ਜਿਨ੍ਹਾਂ ਦਾ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਫ਼ਸਲਾਂ ਲਈ ਲਾਹੇਵੰਦ ਨਹੀਂ ਹੈ। ਮਾਲਵਾ ਖੇਤਰ ਅੰਦਰ ਕਣਕ ਦੀ 40 ਫੀਸਦੀ ਬਿਜਾਈ ਹੋ ਚੁੱਕੀ ਹੈ।
ਮਾਲਵਾ ਖੇਤਰ ਅੰਦਰ ਕਈ ਅਜਿਹੇ ਛੋਟੇ ਕਿਸਾਨ ਹਨ ਜਿਨ੍ਹਾਂ ਦੀ ਖੇਤੀ ਨਹਿਰੀ ਪਾਣੀ ’ਤੇ ਹੀ ਨਿਰਭਰ ਹੈ। ਪਰ ਵਿਭਾਗ ਨੇ ਨਹਿਰ ਬੰਦ ਕਰ ਰੱਖੀ ਹੈ। ਨਹਿਰੀ ਵਿਭਾਗ ਨੇ ਬਕਾਇਦਾ ਸੱਤ ਜ਼ਿਲ੍ਹਿਆਂ ਬਠਿੰਡਾ, ਲੁਧਿਆਣਾ, ਸ੍ਰੀ ਮੁਕਤਸਰ, ਬਰਨਾਲਾ, ਫਰੀਦਕੋਟ ਅਤੇ ਮੋਗਾ ਦੇ ਡਿਪਟੀ ਕਮਿਸ਼ਨਰਾਂ ਅਤੇ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਭੇਜ ਕੇ ਪਾਣੀ ਭੰਡਾਰ ਕਰਨ ਲਈ ਕਿਹਾ ਗਿਆ ਸੀ। ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਵਿੱਚੋਂ ਨਿਕਲਦੇ ਰਜਬਾਹੇ ਤੇ ਕੱਸੀਆਂ ਇਨ੍ਹਾਂ ਖੇਤਰਾਂ ਨੂੰ ਪਾਣੀ ਦੀ ਸਪਲਾਈ ਕਰਦੀਆਂ ਹਨ। ਬਠਿੰਡਾ ਜ਼ਿਲ੍ਹੇ ਅੰਦਰ 2.81 ਲੱਖ ਹੈਕਟੇਅਰ ਰਕਬਾ ਖੇਤੀ ਯੋਗ ਹੈ, ਜਿਸ ਵਿੱਚੋਂ ਕਰੀਬ 2 ਲੱਖ 37 ਹਜ਼ਾਰ 65 ਹੈਕਟੇਅਰ ਰਕਬਾ ਨਹਿਰੀ ਪਾਣੀ ਨਾਲ ਸਿੰਝਿਆ ਜਾਂਦਾ ਹੈ ਜਦੋਂ ਕਿ 43 ਹਜ਼ਾਰ 209 ਹੈਕਟੇਅਰ ਰਕਬੇ ਵਿਚ ਸਿੰਚਾਈ ਟਿਊਬਵੈਲਾਂ ਰਾਹੀ ਹੁੰਦੀ ਹੈ। ਇਸ ਤਰ੍ਹਾਂ ਮੋਗਾ ਜ਼ਿਲ੍ਹੇ ਅੰਦਰ 1 ਲੱਖ 94 ਹਜ਼ਾਰ 976 ਹੈਕਟੇਅਰ ਵਿੱਚੋਂ 85 ਹਜ਼ਾਰ ਰਕਬਾ ਨਹਿਰੀ ਪਾਣੀ ਨਾਲ ਸਿੰਝਿਆ ਜਾਂਦਾ ਹੈ। ਸ੍ਰੀ ਮੁਕਤਸਰ ਸਾਹਿਬ ਵਿਚ 2 ਲੱਖ 42 ਹਜ਼ਾਰ 989 ਹੈਕਟੇਅਰ ਰਬਮੇ ਵਿੱਚੋਂ 90 ਫ਼ੀਸਦੀ ਰਕਬਾ ਨਹਿਰੀ ਪਾਣੀ ’ਤੇ ਨਿਰਭਰ ਹੈ। ਇਸ ਤਰ੍ਹਾਂ ਹੀ ਫਰੀਦਕੋਟ ਦੇ 1 ਲੱਖ 28 ਹਜ਼ਾਰ 198 ਹੈਕਟੇਅਰ ਖੇਤੀਯੋਗ ਰਕਬੇ ਵਿੱਚੋਂ 85 ਫ਼ੀਸਦੀ ਨਹਿਰੀ ਪਾਣੀ ਨਾਲ ਸਿੰਝਿਆ ਜਾਂਦਾ ਹੈ। ਸੰਗਰੂਰ ਜ਼ਿਲ੍ਹੇ ਵਿਚ ਕਰੀਬ 3 ਲੱਖ 11 ਹਜ਼ਾਰ ਹੈਕਟੇਅਰ ਖੇਤੀ ਯੋਗ ਰਕਬੇ ਵਿਚੋ ਜਿਆਦਾਤਰ ਨਹਿਰੀ ਪਾਣੀ ਨਾਲ ਸਿੰਚਾਈ ਹੁੰਦੀ ਹੈ। ਇਸ ਤਰ੍ਹਾਂ ਹੋਰਨਾਂ ਜ਼ਿਲ੍ਹਿਆਂ ਵਿਚ ਇਹੀ ਸਥਿਤੀ ਹੈ। ਨਹਿਰ ਬੰਦੀ ਨੂੰ ਲੈ ਕੇ ਵਿਭਾਗ ਦਾ ਤਰਕ ਹੈ ਕਿ ਉਨ੍ਹਾਂ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਨਹਿਰਾਂ ਰਜਬਾਹਿਆਂ ਅਤੇ ਮਾਈਨਰ ਦੀ ਰਿਪੇਅਰ ਕਰਾਉਣੀ ਵੀ ਅਤਿ ਜ਼ਰੂਰੀ ਹੁੰਦੀ ਹੈ। ਇਸ ਲਈ ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ਬੰਦ ਕੀਤੀ ਗਈ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਹਾੜ੍ਹੀ ਦੀ ਫਸਲ ਕਣਕ ਦੀ ਬਿਜਾਈ 1 ਨਵੰਬਰ ਤੋਂ 15 ਨਵੰਬਰ ਤਕ ਕਰਨੀ ਹੁੰਦੀ ਹੈ। ਇਸ ਤੋਂ ਬਾਅਦ ਬੀਜੀ ਗਈ ਕਣਕ ਦਾ ਝਾੜ ਘਟ ਜਾਂਦਾ ਹੈ। ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹੁਤੇ ਕਿਸਾਨ ਰੌਣੀ ਕਰਨ ਦੀ ਬਜਾਏ ਝੋਨੇ ਦੇ ਖੇਤਾਂ ਦੀ ਗਿੱਲ ਵਿਚ ਹੀ ਕਣਕ ਦੀ ਬਿਜਾਈ ਕਰਦੇ ਹਨ। ਕਿਸਾਨਾਂ ਨੂੰ ਕਰੀਬ 20 ਦਿਨ ਬਾਅਦ ਨਹਿਰੀ ਪਾਣੀ ਦੀ ਜਰੂਰਤ ਪਵੇਗੀ।
ਬਾਕਸ
ਹੁਣ ਕਿਸਾਨਾਂ ਨੂੰ ਵੱਧ ਨਹਿਰੀ ਪਾਣੀ ਦੀ ਜ਼ਰੂਰਤ : ਰਾਮਾਂ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਦਾ ਕਹਿਣਾ ਸੀ ਕਿ ਹੁਣ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਜ਼ਰੂਰਤ ਹੈ। ਜਿੱਥੇ ਕਿਸਾਨਾਂ ਨੇ ਕਣਕ ਦੀ ਬਿਜਾਈ ਕਰਨੀ ਹੈ, ਉਥੇ ਨਰਮੇ ਸਮੇਤ ਹੋਰਨਾਂ ਫਸਲਾਂ ਨੂੰ ਨਹਿਰੀ ਪਾਣੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਖੇਤੀਬਾੜੀ, ਨਹਿਰੀ ਵਿਭਾਗ ਤੇ ਪਾਵਰਕਾਮ ਵਿਚ ਆਪਸੀ ਤਾਲਮੇਲ ਦੀ ਘਾਟ ਹੈ। ਇਸ ਤੋਂ ਪਹਿਲਾਂ ਵੀ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਵਿਭਾਗ, ਖੇਤੀਬਾੜੀ ਅਤੇ ਪਾਵਰਕਾਮ ਵਿਚਕਾਰ ਤਾਲਮੇਲ ਨਾ ਹੋਣ ਕਾਰਨ ਕਿਸਾਨਾਂ ਦਾ ਨੁਕਸਾਨ ਹੋਇਆ ਸੀ। ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ਮਾਲਵਾ ਦੇ ਕਈ ਜ਼ਿਲ੍ਹਿਆਂ ਦੇ ਖੇਤਰਾਂ ਤਕ ਪਾਣੀ ਦੀ ਸਪਲਾਈ ਕਰਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਆਰਥਿਕ ਤੌਰ ’ਤੇ ਮੰਦਹਾਲੀ ਦਾ ਸਾਹਮਣਾ ਕਰਨ ਰਹੇ ਕਿਸਾਨਾਂ ’ਤੇ ਹੋਰ ਆਰਥਿਕ ਬੋਝ ਪਵੇਗਾ, ਕਿਊਂਕਿ ਉਨ੍ਹਾਂ ਨੂੰ ਜਮੀਨ ਦੀ ਸਿੰਚਾਈ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਹਿਰਾਂ ਦੀ ਸਫਾਈ ਅਕਤੂਬਰ ਮਹੀਨੇ ਵਿਚ ਕਰਨੀ ਚਾਹੀਦੀ ਸੀ ਕਿਉਂਕ ਅਕਤੂਬਰ ਮਹੀਨੇ ਵਿਚ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਬਹੁਤੀ ਜਰੂਰਤ ਨਹੀਂ ਹੁੰਦੀ, ਪਰ ਨਵੰਬਰ ਮਹੀਨੇ ਵਿਚ ਕਿਸਾਨਾਂ ਨੂੰ ਸਭ ਤੋਂ ਵੱਧ ਨਹਿਰੀ ਪਾਣੀ ਦੀ ਜਰੂਰਤ ਹੁੰਦੀ ਹੈ। ਨਹਿਰੀ ਵਿਭਾਗ ਅਨੁਸਾਰ ਇਕ ਦੋ ਦਿਨ ਵਿਚ ਨਹਿਰ ਵਿਚ ਪਾਣੀ ਛੱਡ ਦਿੱਤਾ ਜਾਵੇਗਾ।