ਵਿਜੀਲੈਂਸ ਦੀਆਂ ਟੀਮਾਂ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ, ਪਰ ਛੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਮਨਪ੍ਰੀਤ ਵਿਜੀਲੈਂਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ। ਵਿਜੀਲੈਂਸ ਟੀਮਾਂ ਸਾਬਕਾ ਮੰਤਰੀ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਇਲਾਵਾ ਰਾਜਸਥਾਨ ਤੇ ਹਰਿਆਣਾ ਵਿਚ ਛਾਪੇਮਾਰੀ ਕਰ ਚੁੱਕੀਆਂ ਹਨ। ਸੂਤਰਾਂ ਅਨੁਸਾਰ ਗ੍ਰਿਫ਼ਤਾਰੀ ਤੋਂ ਬਚਣ ਲਈ ਮਨਪ੍ਰੀਤ ਨੇ ਆਪਣਾ ਮੋਬਾਈਲ ਬੰਦ ਕੀਤਾ ਹੋਇਆ ਹੈ।

ਗੁਰਤੇਜ ਸਿੰਘ ਸਿੱਧੂ, ਬਠਿੰਡਾ: ਪਲਾਟ ਖਰੀਦ ਮਾਮਲੇ ਵਿਚ ਪੰਜਾਬ ਸਰਕਾਰ ਨੂੰ 65 ਲੱਖ ਰੁਪਏ ਦਾ ਚੂਨਾ ਲਾਉਣ ਦੇ ਦੋਸ਼ਾਂ ਹੇਠ ਫਰਾਰ ਚੱਲ ਰਹੇ ਮਨਪ੍ਰੀਤ ਸਿੰਘ ਬਾਦਲ ਦੇ ਨੇੜਲਿਆਂ ’ਤੇ ਵੀ ਹੁਣ ਵਿਜੀਲੈਂਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵੀਰਵਾਰ ਦੇਰ ਸ਼ਾਮ ਵਿਜੀਲੈਂਸ ਵਿਭਾਗ ਨੇ ਮਨਪ੍ਰੀਤ ਦੇ ਬਹੁਤ ਕਰੀਬੀ ਸਮਝੇ ਜਾਂਦੇ ਸ਼ਰਾਬ ਠੇਕੇਦਾਰ ਜਸਵਿੰਦਰ ਸਿੰਘ ਜੁਗਨੂੰ ਦੇ ਦਫਤਰ ਵਿਚ ਛਾਪੇਮਾਰੀ ਕੀਤੀ ਜਦੋਂਕਿ ਇਸੇ ਦੌਰਾਨ ਹੀ ਉਕਤ ਠੇਕੇਦਾਰ ਦੇ ਨੇੜਲੇ ਰਿਸ਼ਤੇਦਾਰ ਕੌਂਸਲਰ ਦੇ ਘਰ ਵੀ ਵਿਜੀਲੈਂਸ ਦੀ ਟੀਮ ਪੁੱਜੀ। ਦੱਸਿਆ ਜਾਂਦਾ ਹੈ ਕਿ ਸ਼ਰਾਬ ਠੇਕੇਦਾਰ ਦੇ ਦਫ਼ਤਰ ਵਿੱਚੋਂ ਵਿਜੀਲੈਂਸ ਨੇ ਇਕ ਲੈਪਟਾਪ ਤੇ ਹੋਰ ਸਾਮਾਨ ਕਬਜ਼ੇ ਵਿਚ ਲਿਆ ਹੈ। ਉਕਤ ਸ਼ਰਾਬ ਠੇਕੇਦਾਰ ਅਤੇ ਕੌਂਸਲਰ ਮਨਪ੍ਰੀਤ ਤੇ ਉਸ ਦੇ ਸਾਲੇ ਜੈਜੀਤ ਜੌਹਲ ਦੇ ਬਹੁਤ ਨਜ਼ਦੀਕੀਆਂ ਵਿੱਚੋਂ ਹਨ। ਪਲਾਟ ਮਾਮਲੇ ਨਾਲ ਉਕਤ ਸ਼ਰਾਬ ਕਾਰੋਬਾਰੀ ਦਾ ਨਾਮ ਵੀ ਜੁੜਦਾ ਹੈ। ਬੀਡੀਏ ਵੱਲੋਂ ਪਲਾਟ ਦੀ ਅਲਾਟਮੈਂਟ ਤੋਂ ਪਹਿਲਾਂ ਹੀ ਮਨਪ੍ਰੀਤ ਵੱਲੋਂ ਅਲਾਟੀਆਂ ਨਾਲ ਕੀਤੇ ਗਏ ਇਕਰਾਰਨਾਮੇ ’ਤੇ ਉਕਤ ਸ਼ਰਾਬ ਕਾਰੋਬਾਰੀ ਦੇ ਬਤੌਰ ਗਵਾਹ ਦਸਤਖਤ ਹਨ। ਇਕਰਾਰਨਾਮੇ ’ਤੇ ਇਕ ਹੋਰ ਵਿਅਕਤੀ ਸੁਖਮੰਦਰ ਸਿੰਘ ਦੇ ਬਤੌਰ ਗਵਾਹ ਦਸਤਖਤ ਹਨ। ਉਸ ਕੋਲੋਂ ਵੀ ਪੁਛਗਿੱਛ ਕਰਨ ਦੀ ਤਿਆਰੀ ਹੈ।
ਜ਼ਿਕਰਯੋਗ ਹੈ ਕਿ ਬੀਡੀਏ ਵੱਲੋਂ ਵਿਕਾਸ ਅਰੋੜਾ ਤੇ ਰਾਜੀਵ ਕੁਮਾਰ ਨੂੰ ਉਕਤ ਪਲਾਟਾਂ ਦਾ ਅਲਾਟਮੈਂਟ ਪੱਤਰ 8 ਅਕਤੂਬਰ 2021 ਨੂੰ ਦਿੱਤਾ ਗਿਆ ਜਦੋਂਕਿ ਇਸ ਤੋਂ ਪਹਿਲਾਂ ਹੀ ਪਲਾਟਾਂ ਦਾ ਇਕਰਾਰਨਾਮਾ 4 ਅਕਤੁਬਰ 2021 ਨੂੰ ਮਨਪ੍ਰੀਤ ਬਾਦਲ ਵੱਲੋਂ ਕੀਤਾ ਗਿਆ ਸੀ। ਇਕਰਾਰਨਾਮੇ ਲਈ ਅਸ਼ਟਾਮ ਵੀ ਪਹਿਲਾਂ ਹੀ 30 ਸੰਤਬਰ 2021 ਨੂੰ ਖਰੀਦੇ ਗਏ ਸਨ।
ਇਕ ਦਰਜਨ ਵਿਅਕਤੀਆਂ ਦੀ ਸੂਚੀ ਤਿਆਰ
ਅਗਲੇ ਦਿਨਾਂ ਵਿਚ ਮਨਪ੍ਰੀਤ ਦੇ ਨੇੜਲੇ ਕਈ ਕਾਂਗਰਸੀ ਆਗੂਆਂ ਤੇ ਕੌਂਸਲਰਾਂ ਤੋਂ ਇਲਾਵਾ ਕਾਲੋਨਾਈਜ਼ਰਾਂ ਤੇ ਪ੍ਰਾਪਰਟੀ ਡੀਲਰਾਂ ਤੋਂ ਪੁਛਗਿੱਛ ਹੋ ਸਕਦੀ ਹੈ। ਵਿਜੀਲੈਂਸ ਨੇ ਕਰੀਬ ਇਕ ਦਰਜਨ ਅਜਿਹੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਨੂੰ ਵਿਜੀਲੈਂਸ ਵੱਲੋਂ ਬੁਲਾਇਆ ਜਾ ਸਕਦਾ ਹੈ। ਵਿਜੀਲੈਂਸ ਵੱਲੋਂ ਸੁੱਕਰਵਾਰ ਨੂੰ ਇਕ ਕਾਲੋਨੀ ਮਾਲਕ ਤੋਂ ਕਈ ਘੰਟੇ ਪੁਛਗਿੱਛ ਕੀਤੀ ਗਈ ਹੈ। ਸ਼ੱਕ ਹੈ ਕਿ ਉਸ ਦੀ ਕਾਲੋਨੀ ਵਿਚ ਮਨਪ੍ਰੀਤ ਦਾ ਬੇਨਾਮੀ ਹਿੱਸਾ ਹੋ ਸਕਦਾ ਹੈ। ਇਸ ਤਰ੍ਹਾਂ ਹੀ ਪ੍ਰਾਪਰਟੀ ਡੀਲਰ ਤੋਂ ਕੌਂਸਲਰ ਬਣੇ ਇਕ ਆਗੂ ’ਤੇ ਵੀ ਵਿਜੀਲੈਂਸ ਦੀ ਅੱਖ ਹੈ, ਜਿਸ ਤੋਂ ਵਿਜੀਲੈਂਸ ਪੁਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ।
ਮਨਪ੍ਰੀਤ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ
ਵਿਜੀਲੈਂਸ ਦੀਆਂ ਟੀਮਾਂ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ, ਪਰ ਛੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਮਨਪ੍ਰੀਤ ਵਿਜੀਲੈਂਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ। ਵਿਜੀਲੈਂਸ ਟੀਮਾਂ ਸਾਬਕਾ ਮੰਤਰੀ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਇਲਾਵਾ ਰਾਜਸਥਾਨ ਤੇ ਹਰਿਆਣਾ ਵਿਚ ਛਾਪੇਮਾਰੀ ਕਰ ਚੁੱਕੀਆਂ ਹਨ। ਸੂਤਰਾਂ ਅਨੁਸਾਰ ਗ੍ਰਿਫ਼ਤਾਰੀ ਤੋਂ ਬਚਣ ਲਈ ਮਨਪ੍ਰੀਤ ਨੇ ਆਪਣਾ ਮੋਬਾਈਲ ਬੰਦ ਕੀਤਾ ਹੋਇਆ ਹੈ।