- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਜਾਂਚ ਦੌਰਾਨ ਪਤਾ ਲੱਗਾ ਕਿ ਠੱਗੀ ਦੀ ਰਕਮ ਦਾ ਇਕ ਹਿੱਸਾ ਮੁਲਜ਼ਮਾਂ ਵੱਲੋਂ ਬਣਾਈ ਫਰਜ਼ੀ ਕੰਸਟਰਕਸ਼ਨ ਕੰਪਨੀ ਦੇ ਖਾਤਿਆਂ ’ਚ ਵੀ ਗਿਆ ਸੀ। ਬੈਂਕ ਖਾਤਿਆਂ, ਕੰਪਨੀ ਦੇ ਦਸਤਾਵੇਜ਼ਾਂ, ਮੋਬਾਈਲ ਨੰਬਰਾਂ ਅਤੇ ਹੋਰ ਤਕਨੀਕੀ ਸਬੂਤਾਂ ਦੀ ਜਾਂਚ ਮਗਰੋਂ ਪੁਲਿਸ ਮੁਲਜ਼ਮਾਂ ਤੱਕ ਪਹੁੰਚੀ। ਪੁਲਿਸ ਮੁਤਾਬਕ ਰਕਮ ਟਰਾਂਸਫਰ ਕਰਵਾਉਣ ਤੋਂ ਬਾਅਦ ਦੋਵੇਂ ਮੁਲਜ਼ਮ ਦਿੱਲੀ ਵੀ ਆਉਂਦੇ-ਜਾਂਦੇ ਰਹੇ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਬਠਿੰਡਾ ਦੇ ਇਕ ਵਿਅਕਤੀ ਨੂੰ ਡਿਜੀਟਲ ਅਰੇਸਟ ਕਰਕੇ 35 ਲੱਖ ਰੁਪਏ ਦੀ ਸਾਈਬਰ ਠੱਗੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਸੋਨਭੱਦਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੁਜਾਹਿਦ ਤੇ ਨੂਰ ਆਲਮ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਪੁਲਿਸ ਮੁਤਾਬਕ ਮੁਲਜ਼ਮਾਂ ਨੇ ਠੱਗੀ ਦੀ ਰਕਮ ਮੰਗਵਾਉਣ ਲਈ ਇਕ ਫਰਜ਼ੀ ਕੰਸਟਰਕਸ਼ਨ ਕੰਪਨੀ ਬਣਾਈ ਹੋਈ ਸੀ। ਪੀੜਤ ਤੋਂ ਡਿਜੀਟਲ ਅਰੇਸਟ ਦੌਰਾਨ ਜਿਨ੍ਹਾਂ ਖਾਤਿਆਂ ’ਚ ਰਕਮ ਟਰਾਂਸਫਰ ਕਰਵਾਈ ਗਈ, ਉਨ੍ਹਾਂ ’ਚ ਇਸ ਕੰਪਨੀ ਨਾਲ ਸਬੰਧਤ ਖਾਤੇ ਵੀ ਸ਼ਾਮਲ ਸਨ। ਕੰਪਨੀ ਦੇ ਦਸਤਾਵੇਜ਼ਾਂ ਅਤੇ ਬੈਂਕ ਖਾਤਿਆਂ ਦੀ ਜਾਂਚ ’ਚ ਇਸ ਦੇ ਫਰਜ਼ੀ ਹੋਣ ਦੀ ਗੱਲ ਸਾਹਮਣੇ ਆਈ। ਪੁਲਿਸ ਮੁਤਾਬਕ ਇਸ ਦਾ ਸੰਚਾਲਨ ਗ੍ਰਿਫ਼ਤਾਰ ਦੋਵੇਂ ਮੁਲਜ਼ਮ ਕਰ ਰਹੇ ਸਨ।
ਦਿੱਲੀ ਪੁਲਿਸ ਅਧਿਕਾਰੀ ਬਣ ਕੇ ਕੀਤਾ ਫੋਨ
ਪੁਲਿਸ ਅਨੁਸਾਰ 13 ਜੁਲਾਈ ਨੂੰ ਪੀੜਤ ਨੂੰ ਫੋਨ ਕਰਕੇ ਇਕ ਵਿਅਕਤੀ ਨੇ ਖੁਦ ਨੂੰ ਦਿੱਲੀ ਪੁਲਿਸ ਦਾ ਅਧਿਕਾਰੀ ਦੱਸਿਆ। ਉਸ ਨੇ ਕਿਹਾ ਕਿ ਪੀੜਤ ਦੇ ਆਧਾਰ ਕਾਰਡ ਦੀ ਗਲਤ ਵਰਤੋਂ ਹੋਈ ਹੈ ਅਤੇ ਉਸ ਦੇ ਨਾਮ ’ਤੇ ਅਪਰਾਧਿਕ ਗਤੀਵਿਧੀਆਂ ਸਬੰਧੀ ਜਾਂਚ ਚੱਲ ਰਹੀ ਹੈ। ਕਾਨੂੰਨੀ ਕਾਰਵਾਈ ਦਾ ਡਰ ਦਿਖਾ ਕੇ ਉਸ ਨੂੰ ਡਿਜੀਟਲ ਅਰੇਸਟ ਕਰ ਲਿਆ ਗਿਆ।
ਇਸ ਤੋਂ ਬਾਅਦ ਵੱਖ-ਵੱਖ ਨੰਬਰਾਂ ਤੋਂ ਸੰਪਰਕ ਕਰਕੇ ਮੁਲਜ਼ਮਾਂ ਨੇ ਖੁਦ ਨੂੰ ਕੇਂਦਰੀ ਜਾਂਚ ਏਜੰਸੀਆਂ ਦੇ ਅਧਿਕਾਰੀ ਦੱਸਿਆ। ਜਾਂਚ ਤੇ ਵੈਰੀਫਿਕੇਸ਼ਨ ਦੇ ਨਾਮ ’ਤੇ ਪੀੜਤ ’ਤੇ ਦਬਾਅ ਬਣਾਇਆ ਗਿਆ ਅਤੇ ਕਿਹਾ ਗਿਆ ਕਿ ਜਾਂਚ ਪੂਰੀ ਹੋਣ ਤੱਕ ਰਕਮ ਸੁਰੱਖਿਅਤ ਰੱਖਣ ਲਈ ਦੱਸੇ ਗਏ ਬੈਂਕ ਖਾਤਿਆਂ ’ਚ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ। ਇਸ ਤਰ੍ਹਾਂ ਪੀੜਤ ਨੇ ਵੱਖ-ਵੱਖ ਪੜਾਵਾਂ ’ਚ 35 ਲੱਖ ਰੁਪਏ ਟਰਾਂਸਫਰ ਕਰ ਦਿੱਤੇ।
ਫਰਜ਼ੀ ਕੰਪਨੀ ਦੇ ਖਾਤਿਆਂ ’ਚ ਵੀ ਪਹੁੰਚੀ ਰਕਮ
ਪੁਲਿਸ ਜਾਂਚ ਦੌਰਾਨ ਪਤਾ ਲੱਗਾ ਕਿ ਠੱਗੀ ਦੀ ਰਕਮ ਦਾ ਇਕ ਹਿੱਸਾ ਮੁਲਜ਼ਮਾਂ ਵੱਲੋਂ ਬਣਾਈ ਫਰਜ਼ੀ ਕੰਸਟਰਕਸ਼ਨ ਕੰਪਨੀ ਦੇ ਖਾਤਿਆਂ ’ਚ ਵੀ ਗਿਆ ਸੀ। ਬੈਂਕ ਖਾਤਿਆਂ, ਕੰਪਨੀ ਦੇ ਦਸਤਾਵੇਜ਼ਾਂ, ਮੋਬਾਈਲ ਨੰਬਰਾਂ ਅਤੇ ਹੋਰ ਤਕਨੀਕੀ ਸਬੂਤਾਂ ਦੀ ਜਾਂਚ ਮਗਰੋਂ ਪੁਲਿਸ ਮੁਲਜ਼ਮਾਂ ਤੱਕ ਪਹੁੰਚੀ। ਪੁਲਿਸ ਮੁਤਾਬਕ ਰਕਮ ਟਰਾਂਸਫਰ ਕਰਵਾਉਣ ਤੋਂ ਬਾਅਦ ਦੋਵੇਂ ਮੁਲਜ਼ਮ ਦਿੱਲੀ ਵੀ ਆਉਂਦੇ-ਜਾਂਦੇ ਰਹੇ।
ਰਿਮਾਂਡ ਦੌਰਾਨ ਨੈੱਟਵਰਕ ਦੀ ਜਾਂਚ
ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਹੋਰ ਕਿੰਨੇ ਲੋਕਾਂ ਨਾਲ ਠੱਗੀ ਕੀਤੀ ਅਤੇ ਰਕਮ ਕਿਹੜੇ-ਕਿਹੜੇ ਖਾਤਿਆਂ ’ਚ ਟਰਾਂਸਫਰ ਕਰਵਾਈ। ਪੁਲਿਸ ਫਰਜ਼ੀ ਕੰਪਨੀ ਰਾਹੀਂ ਰਕਮ ਅੱਗੇ ਭੇਜਣ ਦੇ ਤਰੀਕੇ ਅਤੇ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਵੀ ਜਾਂਚ ਕਰ ਰਹੀ ਹੈ।