- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਕਿਹਾ ਕਿ ਸਰਕਾਰਾਂ ਖਰੀਦ ਟੀਚਿਆਂ ਤੇ ਫੰਡਾਂ ਦੀ ਗੱਲ ਕਰ ਰਹੀਆਂ ਹਨ, ਜਦਕਿ ਕਿਸਾਨ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਰਾਤਾਂ ਕੱਟ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਖਰੀਦ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਟੀਚਾ ਪੂਰਾ ਹੋਣ ਦੀ ਸਜ਼ਾ ਕਿਸਾਨਾਂ ਨੂੰ ਕਿਉਂ ਮਿਲ ਰਹੀ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਦਾ 180 ਲੱਖ ਮੀਟ੍ਰਿਕ ਟਨ ਦਾ ਟੀਚਾ ਪੂਰਾ ਹੋਣ ਮਗਰੋਂ ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ-ਖੁਆਰੀ ਵਧ ਗਈ ਹੈ। ਮਾਲਵਾ ਖੇਤਰ ਦੀਆਂ ਕਈ ਮੰਡੀਆਂ ਵਿੱਚ ਖਰੀਦ ਪ੍ਰਭਾਵਿਤ ਹੋਣ ਕਾਰਨ ਕਿਸਾਨ 5 ਤੋਂ 15 ਦਿਨਾਂ ਤੋਂ ਫ਼ਸਲ ਵਿਕਣ ਦੀ ਉਡੀਕ ਕਰ ਰਹੇ ਹਨ। ਕਈਆਂ ਦੀ ਦੀਵਾਲੀ ਵੀ ਮੰਡੀ ਵਿੱਚ ਲੰਘੀ। ਖਰੀਦੇ ਝੋਨੇ ਦੀ ਲਿਫਟਿੰਗ ਸੁਸਤ ਹੋਣ ਕਾਰਨ ਮੰਡੀਆਂ ਵਿੱਚ ਢੇਰ ਲੱਗੇ ਹਨ ਅਤੇ ਨਵੀਂ ਫ਼ਸਲ ਲਈ ਥਾਂ ਨਹੀਂ ਬਚੀ।
ਕਿਸਾਨਾਂ ਅਨੁਸਾਰ ਸੂਬੇ ਦੀਆਂ ਮੰਡੀਆਂ ਵਿੱਚ ਕਰੀਬ 20 ਲੱਖ ਮੀਟ੍ਰਿਕ ਟਨ ਝੋਨਾ ਵਿਕਣ ਦੀ ਉਡੀਕ ਵਿੱਚ ਹੈ। ਟੀਚਾ ਪੂਰਾ ਹੋਣ ਦਾ ਹਵਾਲਾ ਦੇ ਕੇ ਕਰੀਬ 400 ਮੰਡੀਆਂ ਬੰਦ ਕੀਤੇ ਜਾਣ ਕਾਰਨ ਮੁਸ਼ਕਲਾਂ ਵਧੀਆਂ ਹਨ। ਕਈ ਕਿਸਾਨਾਂ ਦੀ ਫ਼ਸਲ ਦੀਵਾਲੀ ਤੋਂ ਪਹਿਲਾਂ ਮੰਡੀ ਪਹੁੰਚੀ ਸੀ, ਪਰ ਬੋਲੀ ਨਹੀਂ ਲੱਗੀ।
ਇਸ ਸੀਜ਼ਨ ਲਈ 180 ਲੱਖ ਮੀਟ੍ਰਿਕ ਟਨ ਖਰੀਦ ਦਾ ਟੀਚਾ ਮਿੱਥਿਆ ਗਿਆ ਸੀ, ਪਰ ਬੰਪਰ ਫ਼ਸਲ ਕਾਰਨ ਆਮਦ ਵਧ ਗਈ। ਪੰਜਾਬ ਸਰਕਾਰ ਨੇ ਕੇਂਦਰ ਤੋਂ ਟੀਚਾ ਵਧਾ ਕੇ 200 ਲੱਖ ਮੀਟ੍ਰਿਕ ਟਨ ਕਰਨ ਅਤੇ ਵਾਧੂ ਖਰੀਦ ਲਈ 9,000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਮੰਗੀ ਹੈ। ਦੋਵਾਂ ਸਰਕਾਰਾਂ ਵਿਚਾਲੇ ਟੀਚੇ ਤੇ ਫੰਡਾਂ ਬਾਰੇ ਫ਼ੈਸਲਾ ਨਾ ਹੋਣ ਦਾ ਖਮਿਆਜ਼ਾ ਕਿਸਾਨ ਭੁਗਤ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਕਿਹਾ ਕਿ ਸਰਕਾਰਾਂ ਖਰੀਦ ਟੀਚਿਆਂ ਤੇ ਫੰਡਾਂ ਦੀ ਗੱਲ ਕਰ ਰਹੀਆਂ ਹਨ, ਜਦਕਿ ਕਿਸਾਨ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਰਾਤਾਂ ਕੱਟ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਖਰੀਦ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਟੀਚਾ ਪੂਰਾ ਹੋਣ ਦੀ ਸਜ਼ਾ ਕਿਸਾਨਾਂ ਨੂੰ ਕਿਉਂ ਮਿਲ ਰਹੀ ਹੈ।
ਬਠਿੰਡਾ ’ਚ ਪਿਛਲੇ ਸਾਲ ਨਾਲੋਂ ਵੱਧ ਆਮਦ
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਇਸ ਵਾਰ ਕਰੀਬ 15 ਲੱਖ ਮੀਟ੍ਰਿਕ ਟਨ ਝੋਨਾ ਪਹੁੰਚਿਆ, ਜਦਕਿ ਪਿਛਲੇ ਸਾਲ 13.94 ਲੱਖ ਮੀਟ੍ਰਿਕ ਟਨ ਆਇਆ ਸੀ। ਇਸ ਵਾਰ ਖਰੀਦ ਦਾ ਟੀਚਾ 14.73 ਲੱਖ ਮੀਟ੍ਰਿਕ ਟਨ ਸੀ, ਜੋ ਪੂਰਾ ਹੋ ਗਿਆ। ਵਾਧੂ ਆਮਦ ਲਈ ਵਿਸ਼ੇਸ਼ ਮਨਜ਼ੂਰੀ ਮਗਰੋਂ ਖਰੀਦ ਮੁੜ ਸ਼ੁਰੂ ਹੋਈ, ਪਰ ਕਈ ਮੰਡੀਆਂ ਵਿੱਚ ਅਜੇ ਵੀ ਬੋਲੀ ਨਹੀਂ ਲੱਗ ਰਹੀ।
ਪੰਜ ਤੋਂ 15 ਦਿਨਾਂ ਤੋਂ ਮੰਡੀ ’ਚ ਕਿਸਾਨ
ਬੀੜ ਤਲਾਬ ਦੇ ਨਾਜਾ ਸਿੰਘ ਨੇ ਦੱਸਿਆ ਕਿ ਉਹ ਪੰਜ ਦਿਨਾਂ ਤੋਂ ਝੋਨਾ ਲੈ ਕੇ ਮੰਡੀ ਵਿੱਚ ਬੈਠੇ ਹਨ। ਖਰੀਦ ਨਾ ਹੋਣ ਕਾਰਨ ਰਹਿਣ-ਖਾਣ ਤੇ ਫ਼ਸਲ ਦੀ ਰਾਖੀ ਦੀ ਚਿੰਤਾ ਹੈ। ਇਸੇ ਪਿੰਡ ਦੇ ਸਾਧਾ ਸਿੰਘ ਛੇ ਦਿਨਾਂ ਤੋਂ ਉਡੀਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਦੀਵਾਲੀ ਤੋਂ ਬਾਅਦ ਵੀ ਬੋਲੀ ਨਹੀਂ ਲੱਗੀ। ਜੱਸੀ ਪੌ ਵਾਲੀ ਦੇ ਨਾਇਬ ਸਿੰਘ ਨੇ ਦੱਸਿਆ ਕਿ ਉਹ ਦਸ ਦਿਨਾਂ ਤੋਂ ਮੰਡੀ ਵਿੱਚ ਹਨ ਅਤੇ ਦੀਵਾਲੀ ਵੀ ਉੱਥੇ ਲੰਘਾਈ। ਉਨ੍ਹਾਂ ਦੋਸ਼ ਲਾਇਆ ਕਿ ਦੂਜੇ ਸੂਬਿਆਂ ਤੋਂ ਝੋਨਾ ਪੰਜਾਬ ਲਿਆ ਕੇ ਮਹਿੰਗੇ ਭਾਅ ਵੇਚਿਆ ਗਿਆ ਹੈ। ਇਸੇ ਪਿੰਡ ਦੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ 15 ਦਿਨਾਂ ਤੋਂ ਫ਼ਸਲ ਵਿਕਣ ਦੀ ਉਡੀਕ ਕਰ ਰਹੇ ਹਨ। ਕਿਸਾਨਾਂ ਨੇ ਖਰੀਦ ਦੇ ਨਾਲ ਲਿਫਟਿੰਗ ਤੇਜ਼ ਕਰਨ ਦੀ ਮੰਗ ਕੀਤੀ।
ਵਿਸ਼ੇਸ਼ ਮਨਜ਼ੂਰੀ ਨਾਲ ਖਰੀਦ ਮੁੜ ਸ਼ੁਰੂ : ਡੀਐੱਫਐੱਸਸੀ
ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਗੁਰਤਾਰ ਸਿੰਘ ਨੇ ਦੱਸਿਆ ਕਿ ਖਰੀਦ ਟੀਚਾ ਪੂਰਾ ਹੋਣ ਮਗਰੋਂ ਵਿਸ਼ੇਸ਼ ਮਨਜ਼ੂਰੀ ਲੈ ਕੇ ਖਰੀਦ ਮੁੜ ਸ਼ੁਰੂ ਕਰਵਾਈ ਗਈ ਹੈ। ਬਾਕੀ ਫ਼ਸਲ ਦੀ ਖਰੀਦ ਜਲਦੀ ਮੁਕੰਮਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।