- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਰੀ ਦੇ ਦੋ ਮੋਟਰਸਾਈਕਲ ਅਤੇ ਘਰੇਲੂ ਸਾਮਾਨ ਸਮੇਤ 6 ਕਥਿਤ ਦੋਸ਼ੀ ਗ੍ਰਿਫ਼ਤਾਰ

ਗੁਰਤੇਜ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਪੁਲਿਸ ਨੇ ਵੱਖ-ਵੱਖ ਖੇਤਰਾਂ ਵਿਚ ਸਰਗਰਮ ਵਾਹਨ ਚੋਰਾਂ ਅਤੇ ਘਰੇਲੂ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਖ਼ਿਲਾਫ਼ ਕਾਰਵਾਈ ਕਰਦਿਆਂ 6 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਦੇ ਦੋ ਮੋਟਰਸਾਈਕਲ ਅਤੇ ਚੋਰੀ ਕੀਤਾ ਹੋਰ ਸਾਮਾਨ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਨੂੰ ਵੇਚਣ ਦੀ ਫ਼ਿਰਾਕ ਵਿਚ ਘੁੰਮ ਰਹੇ ਦੋ ਸ਼ਾਤਰ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਐਸਆਈ ਗੁਰਦਿੱਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਇਹ ਵਿਅਕਤੀ ਚੋਰੀ ਦੇ ਵਾਹਨਾਂ ਨੂੰ ਵੇਚਣ ਦਾ ਧੰਦਾ ਕਰਦੇ ਹਨ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਕੁਲਵਿੰਦਰ ਸਿੰਘ ਅਤੇ ਸੰਦੀਪ ਸਿੰਘ ਦੋਵੇਂ ਵਾਸੀ ਰਾਮਪੁਰਾ ਮੰਡੀ ਨੂੰ ਬਿਨਾਂ ਨੰਬਰ ਵਾਲੇ ਹੀਰੋ ਹਾਂਡਾ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਇਸੇ ਤਰ੍ਹਾਂ ਥਾਣਾ ਸਦਰ ਰਾਮਪੁਰਾ ਦੀ ਪੁਲਿਸ ਨੇ ਚੋਰੀ ਦੇ ਇਕ ਹੋਰ ਮਾਮਲੇ ਵਿਚ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਚੋਰ ਨੀਲੇ ਰੰਗ ਦੇ ਚੋਰੀ ਦੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਉਸ ਨੂੰ ਵੇਚਣ ਦੇ ਇਰਾਦੇ ਨਾਲ ਘੁੰਮ ਰਹੇ ਹਨ ਅਤੇ ਉਹ ਵੱਖ-ਵੱਖ ਖੇਤਰਾਂ ਵਿੱਚ ਸਾਮਾਨ ਚੋਰੀ ਕਰਕੇ ਅੱਗੇ ਵੇਚ ਦਿੰਦੇ ਹਨ। ਪੁਲਿਸ ਨੇ ਕਾਰਵਾਈ ਕਰਦਿਆਂ ਪਿੰਡ ਜੈਦ ਦੇ ਕੋਲੋਂ ਗੁਰਵਿੰਦਰ ਸਿੰਘ, ਅੰਗਰੇਜ ਸਿੰਘ ਅਤੇ ਨਿਰਭੈ ਸਿੰਘ ਤਿੰਨੇ ਵਾਸੀ ਚਾਉਕੇ ਨੂੰ ਗ੍ਰਿਫ਼ਤਾਰ ਕਰ ਲਿਆ। ਉੱਧਰ ਥਾਣਾ ਬਾਲਿਆਂਵਾਲੀ ਦੀ ਪੁਲਿਸ ਨੇ ਵੀ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਦੋ ਕਥਿਤ ਦੋਸ਼ੀਆਂ ਨੂੰ ਦਬੋਚਿਆ ਹੈ। ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਮੁਖਬਰੀ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਯੋਗਰਾਜ ਸਿੰਘ ਅਤੇ ਕਰਨ ਸਿੰਘ ਦੋਵੇਂ ਵਾਸੀ ਬਾਲਿਆਂਵਾਲੀ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਦਾ ਇੱਕ ਡੀਲਕਸ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਥਾਣਾ ਥਰਮਲ ਦੇ ਅੰਤਰਗਤ ਆਉਂਦੇ ਖੇਤਰ ਵਿਚ ਇਕ ਘਰ ਦੇ ਬਾਹਰ ਬਣੇ ਬਗ਼ੀਚੇ ਵਿੱਚੋਂ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਰਹਿਮਤ ਅਲੀ ਵਾਸੀ ਟੀਚਰ ਕਲੋਨੀ ਬਠਿੰਡਾ ਨੇ ਪੁਲਿਸ ਨੂੰ ਦੱਸਿਆ ਕਿ ਇਕ ਚੋਰ ਨੇ ਉਨ੍ਹਾਂ ਦੇ ਘਰ ਦੇ ਬਾਹਰੋਂ ਬੱਚਿਆਂ ਦਾ ਸਾਈਕਲ ਅਤੇ ਲੋਹੇ ਦਾ ਬੱਠਲ ਚੋਰੀ ਕਰ ਲਿਆ ਸੀ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏਐਸਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਕਮਲ ਕੁਮਾਰ ਵਾਸੀ ਝੁੱਗੀਆਂ ਸਾਹਮਣੇ ਗ੍ਰੀਨ ਸਿਟੀ, ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੇ ਕਬਜ਼ੇ ਵਿੱਚੋਂ ਚੋਰੀ ਦਾ ਸਾਈਕਲ ਤੇ ਬੱਠਲ ਬਰਾਮਦ ਕਰਕੇ ਉਸ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਹੈ।