- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਅਨੁਸਾਰ ਨਾਮਜ਼ਦ ਮੁਲਜ਼ਮਾਂ 'ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਨਹੋਤਾ ਨਿਵਾਸੀ ਹਰਵਿੰਦਰ ਸਿੰਘ, ਗਿੱਦੜਬਾਹਾ ਦੇ ਦਸ਼ਮੇਸ਼ ਨਗਰ ਨਿਵਾਸੀ ਸੁਰਿੰਦਰ ਕੁਮਾਰ ਅਤੇ ਬਠਿੰਡਾ ਦੀ ਕਮਲਾ ਨਹਿਰੂ ਕਾਲੋਨੀ ਨਿਵਾਸੀ ਰਵਿੰਦਰ ਸਿੰਘ ਸ਼ਾਮਲ ਹਨ।

ਜਾਸੰ, ਬਠਿੰਡਾ: ਸਟੇਟ ਬੈਂਕ ਆਫ਼ ਇੰਡੀਆ (SBI) ਦੀ ਕੈਂਟ ਬ੍ਰਾਂਚ ਬਠਿੰਡਾ ਤੋਂ ਕਥਿਤ ਤੌਰ 'ਤੇ 1.47 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਦੀ ਚੀਫ਼ ਮੈਨੇਜਰ ਸ਼ਵੇਤਾ ਸਿੰਗਲਾ ਦੀ ਸ਼ਿਕਾਇਤ 'ਤੇ ਥਾਣਾ ਕੈਂਟ ਬਠਿੰਡਾ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ, ਜਾਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਨਾਲ ਜੁੜੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤ ਅਨੁਸਾਰ ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਨਾਲ 10 ਵਿਅਕਤੀਆਂ ਦੇ ਬੈਂਕ ਖਾਤਿਆਂ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਦੀਆਂ ਕਥਿਤ ਫਰਜ਼ੀ ਤਨਖਾਹ ਪਰਚੀਆਂ (Salary Slips) ਅਤੇ ਹੋਰ ਜਾਲੀ ਦਸਤਾਵੇਜ਼ ਬੈਂਕ 'ਚ ਪੇਸ਼ ਕੀਤੇ। ਦੋਸ਼ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ 'ਤੇ ਕਰਜ਼ਾ (Loan) ਮਨਜ਼ੂਰ ਕਰਵਾ ਕੇ ਬੈਂਕ ਨੂੰ ਕਰੀਬ 1.47 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਗਿਆ।
ਪੁਲਿਸ ਅਨੁਸਾਰ ਨਾਮਜ਼ਦ ਮੁਲਜ਼ਮਾਂ 'ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਨਹੋਤਾ ਨਿਵਾਸੀ ਹਰਵਿੰਦਰ ਸਿੰਘ, ਗਿੱਦੜਬਾਹਾ ਦੇ ਦਸ਼ਮੇਸ਼ ਨਗਰ ਨਿਵਾਸੀ ਸੁਰਿੰਦਰ ਕੁਮਾਰ ਅਤੇ ਬਠਿੰਡਾ ਦੀ ਕਮਲਾ ਨਹਿਰੂ ਕਾਲੋਨੀ ਨਿਵਾਸੀ ਰਵਿੰਦਰ ਸਿੰਘ ਸ਼ਾਮਲ ਹਨ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਤਿੰਨਾਂ ਨੇ ਯੋਜਨਾਬੱਧ ਤਰੀਕੇ ਨਾਲ ਬੈਂਕ ਨੂੰ ਧੋਖੇ 'ਚ ਰੱਖ ਕੇ ਕਰਜ਼ੇ ਮਨਜ਼ੂਰ ਕਰਵਾਏ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਸਬੰਧਤ ਖਾਤਾਧਾਰਕਾਂ ਦੀਆਂ ਫਰਜ਼ੀ ਤਨਖਾਹ ਪਰਚੀਆਂ ਤੇ ਹੋਰ ਦਸਤਾਵੇਜ਼ ਜਾਂਚ ਦੌਰਾਨ ਉਪਲਬਧ ਕਰਵਾਏ ਜਾਣਗੇ। ਪੁਲਿਸ ਦਾ ਕਹਿਣਾ ਹੈ ਕਿ ਦਸਤਾਵੇਜ਼ਾਂ ਦੀ ਪੜਤਾਲ ਤੋਂ ਬਾਅਦ ਮਾਮਲੇ 'ਚ ਹੋਰ ਲੋਕਾਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ 'ਚ ਲਿਆਂਦੀ ਜਾਵੇਗੀ। ਏਐੱਸਆਈ ਦੀਵਾਨ ਚੰਦ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪ੍ਰਾਰੰਭਿਕ ਜਾਂਚ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਜੇਕਰ ਜਾਂਚ ਦੌਰਾਨ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਖ਼ਿਲਾਫ਼ ਵੀ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।