- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਂਗਲੁਰੂ ਤੋਂ ਸ਼ੁਰੂ ਹੋਇਆ ਇਹ ਤਕਨਾਲੋਜੀ ਪ੍ਰਾਜੈਕਟ ਬਠਿੰਡਾ ਦੇ ਪਿੰਡਾਂ ਤਕ ਪਹੁੰਚ ਗਿਆ ਹੈ। ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਇਹ ਔਰਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਲਈ ਪੰਜਾਬੀ ਭਾਸ਼ਾਈ ਡੇਟਾ ਤਿਆਰ ਕਰਨਗੀਆਂ। ਇਸ ਨਾਲ ਭਵਿੱਖ ਵਿੱਚ ਪੰਜਾਬੀ ਵਿੱਚ ਦਿੱਤੇ ਜਾਣ ਵਾਲੇ ਹੁਕਮਾਂ ਅਤੇ ਸਵਾਲਾਂ ਨੂੰ ਸਮਾਰਟ ਮਸ਼ੀਨਾਂ ਵੱਲੋਂ ਸਮਝਣ ਵਿੱਚ ਮਦਦ ਮਿਲ ਸਕਦੀ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਬਠਿੰਡਾ ਦੇ ਪੇਂਡੂ ਇਲਾਕਿਆਂ ਦੀਆਂ 56 ਔਰਤਾਂ ਹੁਣ ਮਸ਼ੀਨਾਂ ਨੂੰ ਪੰਜਾਬੀ ਭਾਸ਼ਾ ਸਮਝਾਉਣ ਦਾ ਕੰਮ ਕਰਨਗੀਆਂ। ਬੈਂਗਲੁਰੂ ਤੋਂ ਸ਼ੁਰੂ ਹੋਇਆ ਇਹ ਤਕਨਾਲੋਜੀ ਪ੍ਰਾਜੈਕਟ ਬਠਿੰਡਾ ਦੇ ਪਿੰਡਾਂ ਤਕ ਪਹੁੰਚ ਗਿਆ ਹੈ। ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਇਹ ਔਰਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਲਈ ਪੰਜਾਬੀ ਭਾਸ਼ਾਈ ਡੇਟਾ ਤਿਆਰ ਕਰਨਗੀਆਂ। ਇਸ ਨਾਲ ਭਵਿੱਖ ਵਿੱਚ ਪੰਜਾਬੀ ਵਿੱਚ ਦਿੱਤੇ ਜਾਣ ਵਾਲੇ ਹੁਕਮਾਂ ਅਤੇ ਸਵਾਲਾਂ ਨੂੰ ਸਮਾਰਟ ਮਸ਼ੀਨਾਂ ਵੱਲੋਂ ਸਮਝਣ ਵਿੱਚ ਮਦਦ ਮਿਲ ਸਕਦੀ ਹੈ।
ਪੰਜਾਬ ਡਿਵੈਲਪਮੈਂਟ ਕਮਿਸ਼ਨ ਦੀ ਵਾਈਸ ਚੇਅਰਪਰਸਨ ਸੀਮਾ ਬਾਂਸਲ ਦੇ ਯਤਨਾਂ ਸਦਕਾ ਏਆਈ ਇਨੇਬਲਡ ਡਿਜੀਟਲ ਲਾਇਵਲੀਹੁੱਡ ਪ੍ਰੋਗਰਾਮ ਤਹਿਤ ਇਸ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਪਿੰਡ ਸੇਲਬਰਾਹ ਸਥਿਤ ਕਮਿਊਨਿਟੀ ਮੈਨੇਜਡ ਟ੍ਰੇਨਿੰਗ ਸੈਂਟਰ (ਸੀਐੱਮਟੀਸੀ) ਤੋਂ ਕੀਤੀ ਗਈ ਹੈ। ਇਹ ਪੰਜਾਬ ਦਾ ਪਹਿਲਾ ਅਜਿਹਾ ਪਾਇਲਟ ਪ੍ਰਾਜੈਕਟ ਦੱਸਿਆ ਜਾ ਰਿਹਾ ਹੈ।
ਪ੍ਰਾਜੈਕਟ ਤਹਿਤ ਫੂਲ, ਰਾਮਪੁਰਾ, ਭਗਤਾ ਅਤੇ ਨਥਾਣਾ ਬਲਾਕਾਂ ਨਾਲ ਸਬੰਧਤ ਸਵੈ ਸਹਾਇਤਾ ਸਮੂਹਾਂ ਦੀਆਂ 56 ਮੈਂਬਰ ਔਰਤਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਔਰਤਾਂ ਪਹਿਲਾਂ ਹੀ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਉਤਪਾਦ ਤਿਆਰ ਕਰਕੇ ਛੋਟੇ ਕਾਰੋਬਾਰ ਚਲਾ ਰਹੀਆਂ ਹਨ। ਹੁਣ ਉਨ੍ਹਾਂ ਨੂੰ ਡਿਜੀਟਲ ਹੁਨਰ ਨਾਲ ਜੋੜਿਆ ਜਾ ਰਿਹਾ ਹੈ। ਆਜੀਵਿਕਾ ਮਿਸ਼ਨ ਪੰਜਾਬ ਦੀ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਰੁਪਾਲੀ ਟੰਡਨ ਨੇ ਔਰਤਾਂ ਨੂੰ ਡਿਜੀਟਲ ਹੁਨਰ ਸਿੱਖਣ ਅਤੇ ਪੜ੍ਹਾਈ ਮੁੜ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।
30 ਦਿਨਾਂ ਦਾ ਪਾਇਲਟ, ਸਫਲਤਾ ’ਤੇ ਪੂਰੇ ਪੰਜਾਬ ’ਚ ਵਿਸਥਾਰ
ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਮੈਂਬਰ ਵੈਭਵ ਮਹੇਸ਼ਵਰੀ ਅਨੁਸਾਰ ਇਹ ਪਾਇਲਟ ਪ੍ਰਾਜੈਕਟ 30 ਦਿਨਾਂ ਲਈ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਨਤੀਜਿਆਂ ਦਾ ਮੁਲਾਂਕਣ ਕੀਤਾ ਜਾਵੇਗਾ। ਪ੍ਰਯੋਗ ਸਫਲ ਰਹਿਣ ’ਤੇ ਇਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰਨ ਦੀ ਯੋਜਨਾ ਹੈ।
ਕੰਮ ਦੇ ਨਾਲ ਮਿਹਨਤਾਨਾ
ਪ੍ਰਾਜੈਕਟ ਤਹਿਤ ਚੁਣੀਆਂ ਗਈਆਂ ਔਰਤਾਂ 30 ਦਿਨਾਂ ਤਕ ਸੀਐੱਮਟੀਸੀ ਫੂਲ ਵਿੱਚ ਦੋ ਕੋਆਰਡੀਨੇਟਰਾਂ ਦੀ ਨਿਗਰਾਨੀ ਹੇਠ ਕੰਮ ਕਰਨਗੀਆਂ। ਕਾਰਿਆ ਸੰਸਥਾ ਦੇ ਟ੍ਰੇਨਰ ਬ੍ਰਿਨਥਾ ਅਤੇ ਸ਼ਿਵਾਨੀ ਵੱਲੋਂ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਕੰਮ ਦੇ ਆਧਾਰ ’ਤੇ ਔਰਤਾਂ ਨੂੰ ਰੋਜ਼ਾਨਾ 800 ਤੋਂ 1,000 ਰੁਪਏ ਤਕ ਮਿਹਨਤਾਨਾ ਦਿੱਤਾ ਜਾਵੇਗਾ। ਪ੍ਰਾਜੈਕਟ ਸਫਲ ਹੋਣ ’ਤੇ ਪੇਂਡੂ ਔਰਤਾਂ ਨੂੰ ਘਰ ਜਾਂ ਪਿੰਡ ਤੋਂ ਡਿਜੀਟਲ ਕੰਮ ਰਾਹੀਂ ਆਮਦਨ ਦਾ ਨਵਾਂ ਸਰੋਤ ਮਿਲ ਸਕਦਾ ਹੈ।
ਫਰਿੱਜ ਤੋਂ ਵਾਸ਼ਿੰਗ ਮਸ਼ੀਨ ਤਕ ਪੰਜਾਬੀ ਡੇਟਾ
ਔਰਤਾਂ ਫਰਿੱਜ, ਮਾਈਕ੍ਰੋਵੇਵ ਅਤੇ ਵਾਸ਼ਿੰਗ ਮਸ਼ੀਨ ਸਮੇਤ ਘਰੇਲੂ ਉਪਕਰਨਾਂ ਨਾਲ ਸਬੰਧਤ ਪੰਜਾਬੀ ਭਾਸ਼ਾਈ ਡੇਟਾ ਤਿਆਰ ਕਰਨਗੀਆਂ। ਇਸ ਵਿੱਚ ਮਸ਼ੀਨਾਂ ਨਾਲ ਜੁੜੇ ਸ਼ਬਦ, ਹਦਾਇਤਾਂ, ਸਵਾਲ, ਹੁਕਮ ਅਤੇ ਰੋਜ਼ਾਨਾ ਵਰਤੋਂ ਵਾਲੇ ਵਾਕ ਸ਼ਾਮਲ ਹੋਣਗੇ। ਇਹ ਡੇਟਾ ਭਵਿੱਖ ਵਿੱਚ ਏਆਈ ਆਧਾਰਿਤ ਤਕਨਾਲੋਜੀ ਅਤੇ ਸਮਾਰਟ ਉਪਕਰਨਾਂ ਨੂੰ ਪੰਜਾਬੀ ਸਮਝਣ ਵਿੱਚ ਮਦਦ ਕਰ ਸਕਦਾ ਹੈ।
ਪੰਜਾਬੀ ਲਈ ਡਿਜੀਟਲ ਦਰਵਾਜ਼ਾ
ਫੂਲ ਬਲਾਕ ਤੋਂ ਸ਼ੁਰੂ ਹੋਇਆ ਇਹ ਪ੍ਰਯੋਗ ਇੱਕ ਪਾਸੇ ਪੰਜਾਬੀ ਨੂੰ ਏਆਈ ਅਤੇ ਸਮਾਰਟ ਤਕਨਾਲੋਜੀ ਨਾਲ ਜੋੜਨ ਦੀ ਕੋਸ਼ਿਸ਼ ਹੈ ਤੇ ਦੂਜੇ ਪਾਸੇ ਪੇਂਡੂ ਔਰਤਾਂ ਨੂੰ ਡਿਜੀਟਲ ਰੋਜ਼ਗਾਰ ਨਾਲ ਜੋੜਨ ਦੀ ਪਹਿਲ। 30 ਦਿਨਾਂ ਦੇ ਨਤੀਜਿਆਂ ਦੇ ਆਧਾਰ ’ਤੇ ਇਸ ਦੇ ਦਾਇਰੇ ਨੂੰ ਵਧਾਉਣ ਬਾਰੇ ਫ਼ੈਸਲਾ ਕੀਤਾ ਜਾਵੇਗਾ।