ਤਲਵੰਡੀ ਸਾਬੋ ਦੀਆਂ ਗਲੀਆਂ 19/1 ਤੇ 19/2 ਦੇ ਵਸਨੀਕਾਂ ਦਾ ਫੁੱਟਿਆ ਗੁੱਸਾ, ਪ੍ਰਸ਼ਾਸਨ ਤੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ ਤਲਵੰਡੀ ਸਾਬੋ ਦੀਆਂ ਗਲੀਆਂ 19/1 ਤੇ 19/2 ਦੇ ਵਸਨੀਕਾਂ ਦਾ ਫੁੱਟਿਆ ਗੁੱਸਾ, ਪ੍ਰਸ਼ਾਸਨ ਤੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
Publish Date: Thu, 09 Jul 2026 04:18 PM (IST)
Updated Date: Thu, 09 Jul 2026 04:21 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਨੱਤ ਰੋਡ ਸਥਿਤ ਗਲੀ ਨੰਬਰ 19/1 ਅਤੇ 19/2 ਦੇ ਵਸਨੀਕਾਂ ਦਾ ਸਬਰ ਹੁਣ ਜਵਾਬ ਦੇ ਗਿਆ ਅਤੇ ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਸੀਵਰੇਜ ਪ੍ਰਬੰਧ, ਪੀਣ ਵਾਲੇ ਪਾਣੀ ਦੀ ਘਾਟ ਅਤੇ ਟੁੱਟੀਆਂ ਗਲੀਆਂ ਦੀ ਸਮੱਸਿਆ ਤੋਂ ਤੰਗ ਆਏ ਲੋਕਾਂ ਨੇ ਨਗਰ ਕੌਂਸਲ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਉਨ੍ਹਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਈਓ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਸੰਘਰਸ਼ ਸ਼ੁਰੂ ਕਰਨਗੇ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕਰੀਬ ਇੱਕ ਦਹਾਕੇ ਤੋਂ ਉਹ ਬੁਨਿਆਦੀ ਨਾਗਰਿਕ ਸਹੂਲਤਾਂ ਤੋਂ ਵਾਂਝੇ ਹਨ। ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ, ਸਥਾਨਕ ਵਿਧਾਇਕ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਮਿਲਣ ਦੇ ਬਾਵਜੂਦ ਹਰ ਵਾਰ ਸਿਰਫ਼ ਭਰੋਸੇ ਹੀ ਮਿਲੇ, ਪਰ ਸਮੱਸਿਆਵਾਂ ਜਿਉਂ ਦੀ ਤਿਉਂ ਬਣੀਆਂ ਹੋਈਆਂ ਹਨ। ਗਲੀ ਨੰਬਰ 19/1 ਦੇ ਵਸਨੀਕ ਗੋਰਾ ਸਿੰਘ ਨੇ ਦੱਸਿਆ ਕਿ ਉਹ ਸਾਲ 2016 ਤੋਂ ਇਸ ਇਲਾਕੇ ਵਿੱਚ ਰਹਿ ਰਹੇ ਹਨ, ਪਰ ਅੱਜ ਤੱਕ ਪੀਣ ਵਾਲੇ ਪਾਣੀ ਦੀ ਪੱਕੀ ਸਪਲਾਈ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਸਮੇਂ ਵਸਨੀਕਾਂ ਨੇ ਆਪਣੇ ਖ਼ਰਚੇ ਤੇ ਰੱਸਾ ਪਾਈਪ ਪਾ ਕੇ ਪਾਣੀ ਦੀ ਵਿਵਸਥਾ ਕੀਤੀ ਸੀ, ਪਰ ਬਾਅਦ ਵਿੱਚ ਗਲਤ ਢੰਗ ਨਾਲ ਵਿਛਾਏ ਗਏ ਸੀਵਰੇਜ ਕਾਰਨ ਉਹ ਲਾਈਨ ਵੀ ਨੁਕਸਾਨੀ ਗਈ। ਉਨ੍ਹਾਂ ਅਨੁਸਾਰ ਲਗਭਗ 22 ਪਰਿਵਾਰ ਹਰ ਰੋਜ਼ ਪੀਣ ਵਾਲੇ ਪਾਣੀ ਅਤੇ ਆਵਾਜਾਈ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਕਾਮਰੇਡ ਮੱਖਣ ਸਿੰਘ ਨੇ ਦੋਸ਼ ਲਾਇਆ ਕਿ ਗਲੀ ਵਿੱਚ ਵਿਛਾਇਆ ਗਿਆ ਸੀਵਰੇਜ ਤਕਨੀਕੀ ਮਾਪਦੰਡਾਂ ਅਨੁਸਾਰ ਨਹੀਂ ਬਣਾਇਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪਾਈਪਾਂ ਦਾ ਲੈਵਲ ਠੀਕ ਨਾ ਹੋਣ ਕਾਰਨ ਗੰਦਾ ਪਾਣੀ ਨਿਕਾਸੀ ਵੱਲ ਜਾਣ ਦੀ ਬਜਾਏ ਘਰਾਂ ਵੱਲ ਵਾਪਸ ਆ ਰਿਹਾ ਹੈ। ਇਸ ਕਾਰਨ ਗਲੀਆਂ ਵਿੱਚ ਗੰਦਗੀ, ਬਦਬੂ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਪੱਧਰ ਤੇ ਲਾਪਰਵਾਹੀ ਜਾਂ ਬੇਨਿਯਮੀਆਂ ਸਾਹਮਣੇ ਆਉਂਦੀਆਂ ਹਨ ਤਾਂ ਜ਼ਿੰਮੇਵਾਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਲਾਕੇ ਦੀਆਂ ਮਹਿਲਾ ਵਸਨੀਕਾਂ ਨੇ ਦੱਸਿਆ ਕਿ ਗਲੀ ਵਿੱਚ ਸਿਰਫ਼ ਮਿੱਟੀ ਪਾ ਕੇ ਛੱਡ ਦਿੱਤੀ ਗਈ ਹੈ, ਜਦਕਿ ਪੱਕੀ ਗਲੀ ਦਾ ਨਿਰਮਾਣ ਅਜੇ ਤੱਕ ਸ਼ੁਰੂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਾਮੂਲੀ ਮੀਂਹ ਪੈਣ ਨਾਲ ਹੀ ਗਲੀ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਆਉਣ-ਜਾਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਵਾਰਡ ਦੇ ਕੌਂਸਲਰ ਨੇ ਸਰਕਾਰੀ ਸਹਾਇਤਾ ਯੋਜਨਾ ਲਈ ਫਾਰਮ ਭਰਨ ਦੀ ਗੱਲ ਕੀਤੀ ਸੀ, ਪਰ ਵਸਨੀਕਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਆਰਥਿਕ ਸਹਾਇਤਾ ਨਾਲੋਂ ਵੱਧ ਆਪਣੀਆਂ ਬੁਨਿਆਦੀ ਸਹੂਲਤਾਂ ਦਾ ਪੱਕਾ ਹੱਲ ਚਾਹੀਦਾ ਹੈ। ਗਲੀ ਨੰਬਰ 19/2 ਦੇ ਵਸਨੀਕ ਮਨਜੀਤ ਸਿੰਘ ਨੇ ਦੱਸਿਆ ਕਿ ਸੀਵਰੇਜ ਦੀਆਂ ਪਾਈਪਾਂ ਤਾਂ ਵਿਛਾ ਦਿੱਤੀਆਂ ਗਈਆਂ ਹਨ, ਪਰ ਅੱਜ ਤੱਕ ਘਰਾਂ ਦੇ ਕਨੈਕਸ਼ਨ ਨਹੀਂ ਜੋੜੇ ਗਏ। ਉਨ੍ਹਾਂ ਕਿਹਾ ਕਿ ਠੇਕੇਦਾਰ ਨੇ ਬਿਲ ਪਾਸ ਨਾ ਹੋਣ ਦਾ ਹਵਾਲਾ ਦੇ ਕੇ ਕੰਮ ਅਧੂਰਾ ਛੱਡ ਦਿੱਤਾ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਮੀਂਹ ਪੈਣ ਨਾਲ ਗਲੀ ਵਿੱਚ ਪਾਈ ਮਿੱਟੀ ਰੁੜ ਜਾਂਦੀ ਹੈ ਅਤੇ ਲੋਕਾਂ ਨੂੰ ਆਪਣੇ ਖ਼ਰਚੇ ਤੇ ਵਾਰ-ਵਾਰ ਮਿੱਟੀ ਪਵਾਉਣੀ ਪੈਂਦੀ ਹੈ। ਮਨਜੀਤ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਨੇੜਲੀ ਇੱਕ ਹੋਰ ਗਲੀ ਨੂੰ ਪਹਿਲ ਦੇ ਆਧਾਰ ਤੇ ਪੱਕਾ ਕਰ ਦਿੱਤਾ ਗਿਆ, ਜਦਕਿ ਉਨ੍ਹਾਂ ਦੀਆਂ ਗਲੀਆਂ ਅਜੇ ਵੀ ਅਧੂਰੀਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇੱਕ ਵਿਅਕਤੀ ਨੇ ਗਲੀ ਬਣਾਉਣ ਦੇ ਨਾਂ ਤੇ ਪ੍ਰਤੀ ਘਰ 2,000 ਤੋਂ 2,500 ਰੁਪਏ ਦੀ ਮੰਗ ਕੀਤੀ ਸੀ। ਜਦੋਂ ਵਸਨੀਕਾਂ ਨੇ ਸਰਕਾਰੀ ਕੰਮ ਲਈ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਹ ਮੁੜ ਨਹੀਂ ਆਇਆ। ਵਸਨੀਕਾਂ ਨੇ ਮੰਗ ਕੀਤੀ ਕਿ ਦੋਵੇਂ ਗਲੀਆਂ ਵਿੱਚ ਸੀਵਰੇਜ ਪ੍ਰਬੰਧ ਨੂੰ ਤਕਨੀਕੀ ਮਾਪਦੰਡਾਂ ਅਨੁਸਾਰ ਠੀਕ ਕੀਤਾ ਜਾਵੇ, ਪੀਣ ਵਾਲੇ ਪਾਣੀ ਦੀ ਪੱਕੀ ਸਪਲਾਈ ਯਕੀਨੀ ਬਣਾਈ ਜਾਵੇ, ਗਲੀਆਂ ਦਾ ਨਿਰਮਾਣ ਜਲਦ ਮੁਕੰਮਲ ਕੀਤਾ ਜਾਵੇ ਅਤੇ ਪਹਿਲਾਂ ਹੋਏ ਕੰਮਾਂ ਦੀ ਜਾਂਚ ਕਰਵਾ ਕੇ ਬੇਨਿਯਮੀਆਂ ਮਿਲਣ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਬਾਕਸ ਪ੍ਰਸ਼ਾਸਨ ਦਾ ਪੱਖ ਇਸ ਸਬੰਧੀ ਨਗਰ ਕੌਂਸਲ ਤਲਵੰਡੀ ਸਾਬੋ ਦੇ ਕਾਰਜਸਾਧਕ ਅਫ਼ਸਰ (ਈਓ) ਵਿਪਨ ਕੁਮਾਰ ਨੇ ਕਿਹਾ ਕਿ ਪੁਰਾਣੀਆਂ ਸੀਵਰੇਜ ਲਾਈਨਾਂ ਨੂੰ ਅਜੇ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਗਿਆ, ਜਿਸ ਕਾਰਨ ਕੁਝ ਥਾਵਾਂ ਤੇ ਸਮੱਸਿਆ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਕੰਮ ਜਾਰੀ ਹੈ ਅਤੇ ਜਲਦੀ ਹੀ ਪੁਰਾਣੀਆਂ ਲਾਈਨਾਂ ਨੂੰ ਬੰਦ ਕਰਕੇ ਨਵੀਂ ਸੀਵਰੇਜ ਲਾਈਨ ਨੂੰ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਜਾਵੇਗਾ, ਜਿਸ ਨਾਲ ਇਲਾਕਾ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ।