- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਰਟ ਮੀਟਰ ਦੀ ਰੀਚਾਰਜ਼ ਖਤਮ, ਟਰੈਫ਼ਿਕ ਦਫ਼ਤਰ ਦੀ ਬਿਜਲੀ ਗੁੱਲ

-ਤਿੰਨ ਦਿਨ ਤੋਂ ਬਿਜਲੀ ਨਾ ਆਉਣ ਕਾਰਨ ਸਮਾਰਟ ਮੀਟਰ ਰੀਚਾਰਜ ਨਾ ਹੋਣ ’ਤੇ ਕੰਮ-ਕਾਜ ਠੱਪ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸਥਾਨਕ ਸ਼ਹਿਰ ਦੇ ਟਰੈਫ਼ਿਕ ਪੁਲਿਸ ਦਫ਼ਤਰ ਵਿਚ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਦਫ਼ਤਰੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਦਫ਼ਤਰ ਦਾ ਸਮਾਰਟ ਬਿਜਲੀ ਮੀਟਰ ਸਮੇਂ ਸਿਰ ਰੀਚਾਰਜ ਨਾ ਹੋਣ ਕਾਰਨ ਬਿਜਲੀ ਸਪਲਾਈ ਬੰਦ ਹੋ ਗਈ, ਜਿਸ ਨਾਲ ਦਫ਼ਤਰ ਵਿੱਚ ਕੰਪਿਊਟਰ, ਪ੍ਰਿੰਟਰ ਅਤੇ ਹੋਰ ਬਿਜਲੀ ਯੰਤਰ ਬੰਦ ਪਏ ਹਨ। ਇਸ ਕਾਰਨ ਰੋਜ਼ਾਨਾ ਦੇ ਪ੍ਰਸ਼ਾਸਨਿਕ ਕੰਮਾਂ ਦੇ ਨਾਲ-ਨਾਲ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਕਈ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਦਫ਼ਤਰ ਵਿਚ ਪਿਛਲੇ ਤਿੰਨ ਦਿਨ ਤੋਂ ਬਿਜਲੀ ਨਾ ਹੋਣ ਕਾਰਨ ਟਰੈਫ਼ਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਗਰਮੀ ਦੇ ਮੌਸਮ ਵਿੱਚ ਪੱਖੇ ਅਤੇ ਕੂਲਰ ਨਾ ਚੱਲਣ ਕਾਰਨ ਦਫ਼ਤਰ ਦਾ ਮਾਹੌਲ ਬਹੁਤ ਹੀ ਅਸਹਿਣਸ਼ੀਲ ਬਣ ਗਿਆ ਹੈ। ਬਿਜਲੀ ਬਿਨਾਂ ਦਫ਼ਤਰ ਵਿਚ ਮੁਲਾਜ਼ਮਾਂ ਲਈ ਬੈਠਣਾ ਵੀ ਮੁਸ਼ਕਲ ਹੋ ਗਿਆ ਹੈ।
ਸੂਤਰਾਂ ਮੁਤਾਬਕ ਦਫ਼ਤਰ ਦੇ ਮੁਲਾਜ਼ਮਾਂ ਨੇ ਆਪਣੇ ਪੱਧਰ 'ਤੇ ਬਿਜਲੀ ਸਪਲਾਈ ਮੁੜ ਚਾਲੂ ਕਰਨ ਦੀ ਕੋਸ਼ਿਸ਼ ਵੀ ਕੀਤੀ। ਸਮਾਰਟ ਮੀਟਰ ਅਤੇ ਬਿਜਲੀ ਪ੍ਰਣਾਲੀ ਨੂੰ ਚੈੱਕ ਕਰਨ ਦੇ ਨਾਲ-ਨਾਲ ਹੋਰ ਸੰਭਾਵਿਤ ਕਾਰਨਾਂ ਦੀ ਵੀ ਜਾਂਚ ਕੀਤੀ ਗਈ, ਪਰ ਕੋਈ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਜਾਣੂ ਕਰਵਾਇਆ ਗਿਆ। ਦਫ਼ਤਰ ਵਿੱਚ ਬਿਜਲੀ ਨਾ ਹੋਣ ਕਾਰਨ ਆਨਲਾਈਨ ਰਿਕਾਰਡ ਸੰਭਾਲਣ, ਦਫ਼ਤਰੀ ਪੱਤਰਚਾਰ, ਦਸਤਾਵੇਜ਼ਾਂ ਦੀ ਪ੍ਰਿੰਟਿੰਗ ਅਤੇ ਹੋਰ ਕਈ ਰੋਜ਼ਾਨਾ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਇਸ ਮਾਮਲੇ ਸਬੰਧੀ ਜਦੋਂ ਡੀਐੱਸਪੀ ਟਰੈਫ਼ਿਕ ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰ ਵਿੱਚ ਇਹ ਕੋਈ ਤਕਨੀਕੀ ਖਰਾਬੀ ਵੀ ਹੋ ਸਕਦੀ ਹੈ। ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਜੇਕਰ ਸਮਾਰਟ ਮੀਟਰ ਜਾਂ ਕਿਸੇ ਹੋਰ ਤਕਨੀਕੀ ਕਾਰਨ ਕਰਕੇ ਬਿਜਲੀ ਸਪਲਾਈ ਬੰਦ ਹੋਈ ਹੈ ਤਾਂ ਇਸ ਨੂੰ ਜਲਦ ਤੋਂ ਜਲਦ ਠੀਕ ਕਰਵਾ ਦਿੱਤਾ ਜਾਵੇਗਾ।
ਦੂਜੇ ਪਾਸੇ ਤਿੰਨ ਦਿਨਾਂ ਤੋਂ ਇਕ ਸਰਕਾਰੀ ਪੁਲਿਸ ਦਫ਼ਤਰ ਵਿੱਚ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉੱਠਣ ਲੱਗੇ ਹਨ। ਲੋਕਾਂ ਅਨੁਸਾਰ ਜੇਕਰ ਇਕ ਮਹੱਤਵਪੂਰਨ ਸਰਕਾਰੀ ਦਫ਼ਤਰ ਵਿੱਚ ਹੀ ਸਮੇਂ ਸਿਰ ਸਮਾਰਟ ਮੀਟਰ ਰੀਚਾਰਜ ਨਹੀਂ ਹੋ ਸਕਿਆ ਜਾਂ ਬਿਜਲੀ ਦੀ ਸਮੱਸਿਆ ਦਾ ਹੱਲ ਤੁਰੰਤ ਨਹੀਂ ਨਿਕਲਿਆ, ਤਾਂ ਇਸ ਨਾਲ ਪ੍ਰਸ਼ਾਸਨਿਕ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਹੁੰਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਅਜਿਹੀਆਂ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਉਣਾ ਸਬੰਧਤ ਵਿਭਾਗ ਦੀ ਜ਼ਿੰਮੇਵਾਰੀ ਹੈ। ਫਿਲਹਾਲ ਟਰੈਫ਼ਿਕ ਦਫ਼ਤਰ ’ਚ ਬਿਜਲੀ ਸਪਲਾਈ ਬਹਾਲ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗ ਇਸ ਸਮੱਸਿਆ ਦਾ ਹੱਲ ਕਿੰਨੀ ਜਲਦੀ ਕਰਦਾ ਹੈ ਤੇ ਤਿੰਨ ਦਿਨਾਂ ਤੋਂ ਪ੍ਰਭਾਵਿਤ ਦਫ਼ਤਰੀ ਕੰਮ-ਕਾਜ ਨੂੰ ਕਦੋਂ ਤਕ ਮੁੜ ਆਮ ਕੀਤਾ ਜਾਂਦਾ ਹੈ। ਪਾਰਵਕਾਮ ਦੇ ਐਕਸੀਅਨ ਸੰਦੀਪ ਗਰਗ ਦਾ ਕਹਿਣਾ ਸੀ ਕਿ ਬਿਜਲੀ ਬਿੱਲ ਬਕਾਇਆ ਹੋਣ ਦੀ ਸੂਰਤ ਵਿਚ ਵਿਭਾਗ ਕਿਸੇ ਸਰਕਾਰੀ ਦਫ਼ਤਰ ਦਾ ਬਿਜਲੀ ਕੁਨੈਕਸ਼ਨ ਨਹੀਂ ਕੱਟਦਾ, ਸਗੋਂ ਬਿਜਲੀ ਬਿੱਲ ਅਦਾ ਨਾਂ ਕਰਨ ਵਾਲੇ ਵਿਭਾਗ ਨੋਟਿਸ ਜਾਰੀ ਕੀਤਾ ਜਾਂਦਾ ਹੈ। ਇਸ ਲਈ ਪਾਵਰਕਾਮ ਨੇ ਟਰੈਫ਼ਿਕ ਦਫ਼ਤਰ ਦਾ ਬਿਜਲੀ ਕੁਨੈਕਸ਼ਨ ਨਹੀਂ ਕੱਟਿਆ, ਸਗੋਂ ਸਮਾਰਟ ਮੀਟਰ ਦਾ ਰੀਚਾਰਜ ਖਤਮ ਹੋ ਗਿਆ ਹੋਣਾ ਹੈ।