ਆਪ੍ਰੇਸ਼ਨ ਪ੍ਰਹਾਰ ਤਹਿਤ ਤਸਕਰਾਂ 'ਤੇ 40 ਤੋਂ ਵੱਧ ਕੇਸ ਦਰਜ, 70 ਮੁਲਜ਼ਮ ਕਾਬੂ ਆਪ੍ਰੇਸ਼ਨ ਪ੍ਰਹਾਰ : ਪੁਲਿਸ ਦਾ ਤਸਕਰਾਂ 'ਤੇ ਵੱਡਾ ਐਕਸ਼ਨ, 40 ਤੋਂ ਵੱਧ ਕੇਸ ਦਰਜ, 70 ਤੋਂ ਵੱਧ ਮੁਲਜ਼ਮ ਕਾਬੂ
Publish Date: Sat, 11 Jul 2026 04:55 PM (IST)
Updated Date: Sun, 12 Jul 2026 04:03 AM (IST)
-308.60 ਗ੍ਰਾਮ ਹੈਰੋਇਨ, 570 ਪ੍ਰੈਗਾਬਾਲਿਨ ਕੈਪਸੂਲ ਤੇ 180 ਹੋਰ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਬਠਿੰਡਾ ਪੁਲਿਸ ਨੇ ਆਪ੍ਰੇਸ਼ਨ ਪ੍ਰਹਾਰ ਅਧੀਨ ਜ਼ਿਲ੍ਹਾ ਭਰ ਵਿੱਚ ਇੱਕੋ ਸਮੇਂ ਵਿਆਪਕ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੇ ਨੈੱਟਵਰਕ ਤੇ ਕਰਾਰਾ ਵਾਰ ਕੀਤਾ। ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਲਗਭਗ ਸਾਰੇ ਥਾਣਾ ਇਲਾਕਿਆਂ ਵਿੱਚ ਨਾਕਾਬੰਦੀ, ਛਾਪੇਮਾਰੀ ਅਤੇ ਗਸ਼ਤ ਦੌਰਾਨ ਪੁਲਿਸ ਨੇ 308.60 ਗ੍ਰਾਮ ਹੈਰੋਇਨ, 570 ਪ੍ਰੈਗਾਬਾਲਿਨ ਕੈਪਸੂਲ, 80 ਟਰਾਮਾਡੋਲ ਗੋਲੀਆਂ, 130 ਹੋਰ ਨਸ਼ੀਲੀਆਂ ਗੋਲੀਆਂ, 36 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਤੇ 50 ਲੀਟਰ ਲਾਹਣ ਬਰਾਮਦ ਕੀਤੀ। ਅਭਿਆਨ ਦੌਰਾਨ ਐੱਨਡੀਪੀਐੱਸ ਐਕਟ ਤਹਿਤ 28 ਤੋਂ ਵੱਧ ਮਾਮਲਿਆਂ ਸਮੇਤ ਕੁੱਲ 40 ਤੋਂ ਵੱਧ ਕੇਸ ਦਰਜ ਕੀਤੇ ਗਏ, ਜਦਕਿ 50 ਤੋਂ ਵੱਧ ਨਸ਼ਾ ਤਸਕਰਾਂ ਸਮੇਤ 70 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਕਈ ਮੁਲਜ਼ਮਾਂ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਨਸ਼ਾ ਤਸਕਰੀ ਦੇ ਪੂਰੇ ਸਪਲਾਈ ਨੈੱਟਵਰਕ ਤੇ ਇਸ ਦੇ ਸਰਗਨਿਆਂ ਤੱਕ ਪਹੁੰਚ ਕੀਤੀ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਇਹ ਮੁਹਿੰਮ ਸਿਰਫ਼ ਗ੍ਰਿਫ਼ਤਾਰੀਆਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਨਸ਼ੇ ਦੇ ਕਾਰੋਬਾਰ ਦੀਆਂ ਜੜ੍ਹਾਂ ਤੱਕ ਪਹੁੰਚ ਕੇ ਪੂਰੇ ਨੈੱਟਵਰਕ ਨੂੰ ਤਬਾਹ ਕਰਨ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ। -ਬਾਕਸ- -ਸਿਵਲ ਲਾਈਨ, ਕੋਤਵਾਲੀ ਅਤੇ ਹੋਰ ਥਾਣਿਆਂ ਵਿੱਚ ਵੱਡੀ ਕਾਰਵਾਈ ਅਭਿਆਨ ਦੌਰਾਨ ਸਭ ਤੋਂ ਵੱਧ ਕਾਰਵਾਈ ਥਾਣਾ ਸਿਵਲ ਲਾਈਨ ਖੇਤਰ ਵਿੱਚ ਹੋਈ, ਜਿੱਥੇ ਵੱਖ-ਵੱਖ ਥਾਵਾਂ ਤੋਂ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹੈਰੋਇਨ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਥਾਣਾ ਕੋਤਵਾਲੀ ਪੁਲਿਸ ਨੇ ਦੋ ਵਿਅਕਤੀਆਂ ਨੂੰ 40 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਐਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ। ਥਾਣਾ ਸਦਰ ਬਠਿੰਡਾ, ਕੈਨਾਲ ਕਲੋਨੀ, ਨੇਹੀਆਂਵਾਲਾ, ਨਥਾਣਾ, ਮੌੜ, ਬੱਲਿਆਂਵਾਲੀ, ਤਲਵੰਡੀ ਸਾਬੋ, ਰਾਮਾ, ਸੰਗਤ ਅਤੇ ਨੰਦਗੜ੍ਹ ਪੁਲਿਸ ਨੇ ਵੀ ਵੱਖ-ਵੱਖ ਕਾਰਵਾਈਆਂ ਦੌਰਾਨ ਕਈ ਮੁਲਜ਼ਮਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਰਾਮਾ ਥਾਣਾ ਖੇਤਰ ਵਿੱਚ ਇੱਕ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ, ਜਿਸ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। -ਬਾਕਸ- -ਮੈਡੀਕਲ ਨਸ਼ੇ ਦੇ ਕਾਰੋਬਾਰ ਤੇ ਵੀ ਸ਼ਿਕੰਜਾ ਬਠਿੰਡਾ ਪੁਲਿਸ ਨੇ ਮੈਡੀਕਲ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਵੀ ਵੱਡੀ ਕਾਰਵਾਈ ਕੀਤੀ। ਥਾਣਾ ਥਰਮਲ, ਮੌੜ, ਤਲਵੰਡੀ ਸਾਬੋ, ਰਾਮਾ, ਨੰਦਗੜ੍ਹ ਅਤੇ ਸੰਗਤ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ 570 ਪ੍ਰੈਗਾਬਾਲਿਨ ਕੈਪਸੂਲ, 80 ਟਰਾਮਾਡੋਲ ਗੋਲੀਆਂ ਅਤੇ 130 ਹੋਰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਸਪੱਸ਼ਟ ਕੀਤਾ ਕਿ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ। -ਬਾਕਸ- -ਨਾਜਾਇਜ਼ ਸ਼ਰਾਬ ਖ਼ਿਲਾਫ਼ ਵੀ ਸਖ਼ਤ ਮੁਹਿੰਮ ਆਪ੍ਰੇਸ਼ਨ ਪ੍ਰਹਾਰ ਤਹਿਤ ਨਾਜਾਇਜ਼ ਸ਼ਰਾਬ ਦੇ ਧੰਦੇ ਤੇ ਵੀ ਕਰਾਰਾ ਵਾਰ ਕੀਤਾ ਗਿਆ। ਨਥਾਣਾ, ਸਦਰ ਰਾਮਪੁਰਾ ਅਤੇ ਕੋਟਫੱਤਾ ਪੁਲਿਸ ਨੇ ਕਾਰਵਾਈ ਕਰਦਿਆਂ 36 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਅਤੇ 50 ਲੀਟਰ ਲਾਹਣ ਬਰਾਮਦ ਕੀਤੀ ਅਤੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤੇ। ਇਸ ਤੋਂ ਇਲਾਵਾ ਕੋਟਫੱਤਾ ਪੁਲਿਸ ਨੇ ਵਾਹਨ ਚੈਕਿੰਗ ਦੌਰਾਨ ਤਿੰਨ ਵਿਅਕਤੀਆਂ ਦੇ ਡੋਪ ਟੈਸਟ ਕਰਵਾਏ, ਜੋ ਪਾਜ਼ੇਟਿਵ ਪਾਏ ਗਏ। ਤਿੰਨਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਗਈ। ਪੁਲਿਸ ਅਨੁਸਾਰ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣਾ ਸੜਕ ਸੁਰੱਖਿਆ ਲਈ ਗੰਭੀਰ ਖ਼ਤਰਾ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਵੀ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਬਠਿੰਡਾ ਪੁਲਿਸ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਣਗੀਆਂ ਤਾਂ ਜੋ ਜ਼ਿਲ੍ਹੇ ਨੂੰ ਨਸ਼ਾ-ਮੁਕਤ ਬਣਾਉਣ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ।