- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਪੁਲਿਸ ਦਾ ਤੜਕਸਾਰ ਵੱਡਾ ਐਕਸ਼ਨ; 'ਆਪ੍ਰੇਸ਼ਨ ਪ੍ਰਹਾਰ' ਤਹਿਤ 141 ਮੁਲਜ਼ਮ ਲਏ ਹਿਰਾਸਤ 'ਚ

-2 ਪਿਸਤੌਲ, ਹੈਰੋਇਨ, ਨਕਦੀ ਤੇ ਚੋਰੀ ਦੇ 23 ਬਾਈਕ ਬਰਾਮਦ, ਛਾਪੇਮਾਰੀ ਦੌਰਾਨ 5 ਭਗੌੜੇ ਵੀ ਕੀਤੇ ਗ੍ਰਿਫ਼ਤਾਰ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਨਸ਼ਾ ਤਸਕਰਾਂ ਤੇ ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਵੱਲੋਂ ਅੱਜ ਤੜਕਸਾਰ ਜ਼ਿਲ੍ਹੇ ਦੇ ਵੱਖ-ਵੱਖ ਸੰਵੇਦਨਸ਼ੀਲ ਅਤੇ ਨਸ਼ਿਆਂ ਲਈ ਬਦਨਾਮ ਇਲਾਕਿਆਂ ਵਿੱਚ ਵੱਡਾ ਸਰਚ ਅਭਿਆਨ ਚਲਾਇਆ ਗਿਆ। 'ਆਪ੍ਰੇਸ਼ਨ ਪ੍ਰਹਾਰ' ਦੇ ਨਾਂ ਹੇਠ ਕੀਤੇ ਗਏ ਇਸ ਐਕਸ਼ਨ ਦੌਰਾਨ ਪੁਲਿਸ ਨੇ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਅਤੇ ਸੰਗੀਨ ਜੁਰਮਾਂ ਦੇ 141 ਮੁਲਜ਼ਮਾਂ ਨੂੰ ਰਾਊਂਡਅੱਪ ਕੀਤਾ ਹੈ। ਪੁਲਿਸ ਦੀਆਂ 57 ਵੱਖ-ਵੱਖ ਟੀਮਾਂ ਵੱਲੋਂ ਚਲਾਏ ਗਏ ਇਸ ਸਾਂਝੇ ਆਪ੍ਰੇਸ਼ਨ ਦੌਰਾਨ ਨਾਜਾਇਜ਼ ਅਸਲਾ, ਚੋਰੀ ਦੇ ਵਾਹਨ, ਹੈਰੋਇਨ ਤੇ ਡਰੱਗ ਮਨੀ ਬਰਾਮਦ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ. ਜਯੋਤੀ ਯਾਦਵ ਨੇ ਦੱਸਿਆ ਜ਼ਿਲ੍ਹੇ ਅੰਦਰ ਲਗਾਤਾਰ ਅਜਿਹੀਆਂ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿੱਚ ਇਹ 15ਵੀਂ ਵਾਰ 'ਆਪ੍ਰੇਸ਼ਨ ਪ੍ਰਹਾਰ' ਚਲਾਇਆ ਗਿਆ ਹੈ, ਜੋ ਕਿ ਪੁਲਿਸ ਦੀ ਐਂਟੀ-ਗੈਂਗਸਟਰ ਅਤੇ ਨਸ਼ਾ ਵਿਰੋਧੀ ਮੁਹਿੰਮ ਦਾ ਹੀ ਇੱਕ ਹਿੱਸਾ ਹੈ। ਇਸ ਆਪ੍ਰੇਸ਼ਨ ਪ੍ਰਹਾਰ ਦਾ ਮੁੱਖ ਉਦੇਸ਼ ਵੱਖ-ਵੱਖ ਸੰਗੀਨ ਮਾਮਲਿਆਂ ਦੇ ਮੁਲਜ਼ਮਾਂ, ਕਾਨੂੰਨ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਫਰਾਰ ਚੱਲ ਰਹੇ ਭਗੌੜਿਆਂ (ਪ.ਓ.) ਅਤੇ ਲੁੜੀਂਦੇ ਅਪਰਾਧੀਆਂ ਨੂੰ ਜੇਲ੍ਹ ਭੇਜਣਾ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ 'ਸੇਫ਼ ਪੰਜਾਬ' ਹੈਲਪਲਾਈਨ ਅਤੇ 'ਐਂਟੀ-ਗੈਂਗਸਟਰ ਟਿਪਲਾਈਨ' ਰਾਹੀਂ ਵੀ ਕਈ ਅਹਿਮ ਸੁਰਾਗ ਮਿਲੇ ਸਨ, ਜਿਨ੍ਹਾਂ ਦੇ ਆਧਾਰ 'ਤੇ ਟਾਰਗੇਟ ਫਿਕਸ ਕਰਕੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਐੱਸਐੱਸਪੀ ਮੁਤਾਬਕ ਇਹ ਆਪ੍ਰੇਸ਼ਨ ਪੂਰੀ ਬਠਿੰਡਾ ਰੇਂਜ (ਬਠਿੰਡਾ ਅਤੇ ਮਾਨਸਾ) ਵਿੱਚ ਚਲਾਇਆ ਜਾ ਰਿਹਾ ਹੈ। ਬਠਿੰਡਾ ਜ਼ਿਲ੍ਹੇ ਦੀਆਂ ਸਾਰੀਆਂ 7 ਸਬ-ਡਿਵੀਜ਼ਨਾਂ ਵਿੱਚ ਤੜਕੇ ਤੋਂ ਹੀ ਪੁਲਿਸ ਦੀਆਂ 57 ਟੀਮਾਂ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ। ਹੁਣ ਤਕ ਦੀ ਕਾਰਵਾਈ ਦੌਰਾਨ 141 ਦੇ ਕਰੀਬ ਅਜਿਹੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਜਿਹੜੇ ਕਈ ਮਾਮਲਿਆਂ ਵਿੱਚ ਲੋੜੀਂਦੇ ਸਨ। ਫੜੇ ਗਏ ਮੁਲਜ਼ਮਾਂ ਵਿੱਚੋਂ ਕਈ ਚੋਰੀ ਦੇ ਕੇਸਾਂ ਵਿੱਚ ਵੀ ਸ਼ਾਮਲ ਹਨ, ਜਿਨ੍ਹਾਂ ਦੇ ਕਬਜ਼ੇ ਵਿੱਚੋਂ ਪੁਲਿਸ ਨੇ ਚੋਰੀ ਦੇ 23 ਮੋਟਰਸਾਈਕਲ ਬਰਾਮਦ ਕੀਤੇ ਹਨ।
ਇਸ ਤੋਂ ਇਲਾਵਾ ਚੈਕਿੰਗ ਦੌਰਾਨ 2 ਪਿਸਤੌਲ ਵੀ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚ ਇੱਕ 32 ਬੋਰ ਅਤੇ ਇਕ .30 ਬੋਰ ਦਾ ਪਿਸਤੌਲ ਸ਼ਾਮਲ ਹੈ। ਨਸ਼ਾ ਤਸਕਰਾਂ ਖਿਲਾਫ਼ ਹੋਈ ਬਰਾਮਦਗੀ ਦੇ ਅੰਕੜੇ ਸਾਂਝੇ ਕਰਦਿਆਂ ਐੱਸਐੱਸਪੀ ਜਯੋਤੀ ਯਾਦਵ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਇੱਕ ਵਿਅਕਤੀ ਕੋਲੋਂ 43 ਗ੍ਰਾਮ ਹੈਰੋਇਨ ਅਤੇ 85 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਜੇਕਰ ਵੱਖ-ਵੱਖ ਮਾਮਲਿਆਂ ਦੀ ਕੁੱਲ ਬਰਾਮਦਗੀ ਦੇਖੀ ਜਾਵੇ ਤਾਂ ਹੁਣ ਤੱਕ ਤਕਰੀਬਨ 150 ਗ੍ਰਾਮ ਹੈਰੋਇਨ ਪੁਲਿਸ ਹੱਥ ਲੱਗੀ ਹੈ।
ਇਸ ਕਾਰਵਾਈ ਦੌਰਾਨ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ 5 ਵੱਡੇ ਭਗੌੜੇ ਅਪਰਾਧੀਆਂ ਨੂੰ ਵੀ ਦਬੋਚਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਦਾ ਇਹ ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਹੈ ਅਤੇ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ ਹੋਰ ਵਧਣ ਦੀ ਉਮੀਦ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਾਰੀ ਕਾਰਵਾਈ ਦਾ ਮਕਸਦ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਪੈਂਡਿੰਗ ਚੱਲ ਰਹੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤਾਂ ਵਿੱਚ ਪੇਸ਼ ਕਰਨਾ ਅਤੇ ਇਲਾਕੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ।