- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਹਰ ਯੋਗ ਪਰਿਵਾਰ ਤਕ ਪਹੁੰਚਾਇਆ ਜਾਵੇਗਾ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਦਾ ਲਾਭ : ਮੇਅਰ ਪਦਮਜੀਤ ਸਿੰਘ ਮਹਿਤਾ

-ਵਾਰਡ-44 ’ਚ ‘ਮੁੱਖ ਮੰਤਰੀ ਰਸੋਈ ਯੋਜਨਾ’ ਤਹਿਤ ਲਾਭਪਾਤਰੀਆਂ ਨੂੰ ਵੰਡੀਆਂ ਰਾਸ਼ਨ ਦੀਆਂ ਕਿੱਟਾਂ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੌਂਸਲਰ ਬਲਵਿੰਦਰ ਸਿੰਘ ਬਿੰਦਰ ਦੇ ਵਾਰਡ ਨੰਬਰ 44 ਵਿੱਚ “ਮੁੱਖ ਮੰਤਰੀ ਰਸੋਈ ਯੋਜਨਾ” ਤਹਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ। ਲਾਭਪਾਤਰੀਆਂ ਨੇ ਸਰਕਾਰ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਯੋਜਨਾਵਾਂ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋ ਰਹੀਆਂ ਹਨ। ਇਸ ਮੌਕੇ ਵਾਰਡ ਨੰਬਰ 24 ਦੇ ਕੌਂਸਲਰ ਸ਼ਾਮ ਲਾਲ ਜੈਨ, ਵਾਰਡ-44 ਦੇ ਕੌਂਸਲਰ ਬਲਵਿੰਦਰ ਸਿੰਘ ਬਿੰਦਰ, ਵਾਰਡ-48 ਦੇ ਕੌਂਸਲਰ ਰਤਨ ਰਾਹੀ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੁਰਜੀਤ ਸਿੰਘ ਨਾਗੀ, ਵਾਰਡ ਨੰਬਰ 40 ਦੇ ਕੌਂਸਲਰ ਸੰਜੀਵ ਕੁਮਾਰ ਸੋਨੀ ਪ੍ਰਧਾਨ, ਖੁਸ਼ਹਾਲ ਸਿੰਘ, ਦੀਪਕ ਬਹਿਣੀਵਾਲ, ਪੰਕਜ ਸ਼ਰਮਾ, ਯਾਦਵਿੰਦਰ ਸਿੰਘ ਮਾਨ, ਸਬੰਧਤ ਡਿਪੂ ਹੋਲਡਰ ਅਤੇ ਵੱਡੀ ਗਿਣਤੀ ਵਿੱਚ ਲਾਭਪਾਤਰੀ ਹਾਜ਼ਰ ਸਨ। ਰਾਸ਼ਨ ਕਿੱਟਾਂ ਦੀ ਵੰਡ ਕਰਦਿਆਂ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਸਿਰਫ਼ ਯੋਜਨਾਵਾਂ ਦਾ ਐਲਾਨ ਕਰਨਾ ਨਹੀਂ, ਸਗੋਂ ਉਨ੍ਹਾਂ ਦਾ ਲਾਭ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਹਰ ਯੋਗ ਵਿਅਕਤੀ ਤੱਕ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਗਰੀਬਾਂ, ਮਜ਼ਦੂਰਾਂ, ਬਜ਼ੁਰਗਾਂ, ਮਹਿਲਾਵਾਂ ਅਤੇ ਲੋੜਵੰਦ ਪਰਿਵਾਰਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਸਮਾਜ ਦੇ ਹਰ ਵਿਅਕਤੀ ਤੱਕ ਸਰਕਾਰੀ ਸਹਾਇਤਾ ਪਹੁੰਚਾਉਣਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਲੋਕ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ‘ਮੁੱਖ ਮੰਤਰੀ ਰਸੋਈ ਯੋਜਨਾ’ ਦਾ ਉਦੇਸ਼ ਲੋੜਵੰਦ ਪਰਿਵਾਰਾਂ ਨੂੰ ਖਾਦ ਸੁਰੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਦਾ ਆਰਥਿਕ ਬੋਝ ਘਟਾਉਣਾ ਹੈ। ਜਦੋਂ ਕਿਸੇ ਗਰੀਬ ਪਰਿਵਾਰ ਦੇ ਘਰ ਤੱਕ ਮਦਦ ਪਹੁੰਚਦੀ ਹੈ ਅਤੇ ਉਨ੍ਹਾਂ ਦੇ ਚਿਹਰਿਆਂ ’ਤੇ ਸੰਤੁਸ਼ਟੀ ਦੀ ਮੁਸਕਾਨ ਨਜ਼ਰ ਆਉਂਦੀ ਹੈ, ਤਦੋਂ ਹੀ ਜਨ ਪ੍ਰਤੀਨਿਧੀ ਹੋਣ ਦਾ ਅਸਲ ਮਕਸਦ ਪੂਰਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਬਠਿੰਡਾ ਵਿਕਾਸ ਕਾਰਜਾਂ ਦੇ ਨਾਲ-ਨਾਲ ਲੋਕ-ਭਲਾਈ ਯੋਜਨਾਵਾਂ ਨੂੰ ਵੀ ਪੂਰੀ ਗੰਭੀਰਤਾ ਨਾਲ ਲਾਗੂ ਕਰ ਰਿਹਾ ਹੈ। ਸਾਡੀ ਕੋਸ਼ਿਸ਼ ਹੈ ਕਿ ਸ਼ਹਿਰ ਦਾ ਕੋਈ ਵੀ ਪਰਿਵਾਰ ਸਰਕਾਰ ਦੀ ਕਿਸੇ ਵੀ ਯੋਜਨਾ ਤੋਂ ਵਾਂਝਾ ਨਾ ਰਹੇ। ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੀ ਸੁਵਿਧਾ, ਵਿਕਾਸ ਅਤੇ ਸਮਾਜਿਕ ਸੁਰੱਖਿਆ ਲਈ ਇਸੇ ਸਮਰਪਣ ਨਾਲ ਕੰਮ ਜਾਰੀ ਰਹੇਗਾ। ਮੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ, ਸਿਹਤ, ਰੋਜ਼ਗਾਰ, ਬੁਨਿਆਦੀ ਸਹੂਲਤਾਂ ਅਤੇ ਗਰੀਬ ਭਲਾਈ ਦੇ ਖੇਤਰ ਵਿੱਚ ਲਗਾਤਾਰ ਪ੍ਰਭਾਵਸ਼ਾਲੀ ਕਦਮ ਚੁੱਕ ਰਹੀ ਹੈ। ਮੁੱਖ ਮੰਤਰੀ ਰਸੋਈ ਯੋਜਨਾ ਵੀ ਇਸੇ ਲੋਕ-ਭਲਾਈ ਵਾਲੀ ਸੋਚ ਦਾ ਨਤੀਜਾ ਹੈ, ਜਿਸ ਦੇ ਤਹਿਤ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਲੋੜੀਂਦੀ ਖਾਦ ਸਮੱਗਰੀ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਹੋਰ ਸੁਖਾਲਾ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ।