
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Social Media ’ਤੇ ਵਾਇਰਲ ਹੋਈ ਵੀਡੀਓ ਬਾਰੇ ਈਟੀਓ ਨੇ ਕਿਹਾ, ‘ਸੜਕ ਨੂੰ ਹੱਥਾਂ ਨਾਲ ਤੋੜੇ ਜਾਣ ਦੀ ਵੀਡੀਓ ਫ਼ਰਜ਼ੀ ਹੈ। ਵਿਰੋਧੀ ਧਿਰ ਕੋਲ ਮਾਨ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿਰੁੱਧ ਕੋਈ ਅਸਲ ਮੁੱਦਾ ਨਹੀਂ ਬਚਿਆ, ਇਸ ਲਈ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕ ਸੂਝਵਾਨ ਹਨ ਅਤੇ ਉਹ ਵਿਕਾਸ ਕਾਰਜਾਂ ਅਤੇ ਝੂਠੇ ਪ੍ਰਚਾਰ ਵਿਚਾਲੇ ਫ਼ਰਕ ਜਾਣਦੇ ਹਨ।’

ਪੱਤਰ ਪ੍ਰੇਰਕ, ਮਾਈਸਰਖਾਨਾ (ਬਠਿੰਡਾ) : ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਸ਼ਨੀਵਾਰ ਨੂੰ ਕਿਹਾ ਕਿ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਮਜੀਠੀਆ ਬਠਿੰਡਾ ਵਿਖੇ ਉਸ ਸੜਕ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਉਨ੍ਹਾਂ ਦੇ ਸੱਦੇ ਤੋਂ ਬਾਅਦ ਵੀ ਨਹੀਂ ਪਹੁੰਚੇ, ਜਿਸ ਦੀ ਉਨ੍ਹਾਂ ਨੇ ਆਲੋਚਨਾ ਕੀਤੀ ਸੀ। ਮੰਤਰੀ ਨੇ ਉਨ੍ਹਾਂ ਨੂੰ ਮੌਕੇ ’ਤੇ ਪਹੁੰਚ ਕੇ ਆਪਣੇ ਦਾਅਵਿਆਂ ਨੂੰ ਸਾਬਿਤ ਕਰਨ ਲਈ ਆਪਣੇ ਹੱਥਾਂ ਨਾਲ ਸੜਕ ਪੁੱਟਣ ਦੀ ਚੁਣੌਤੀ ਦਿੱਤੀ ਸੀ ਪਰ ਐਤਵਾਰ ਨੂੰ ਜਦੋਂ ਉਨ੍ਹਾਂ ਨੇ ਸੜਕ ਦਾ ਮੁਆਇਨਾ ਕੀਤਾ ਤਾਂ ਦੋਵਾਂ ਵਿੱਚੋਂ ਕੋਈ ਵੀ ਸਾਹਮਣੇ ਨਹੀਂ ਆਇਆ। ਸੋਸ਼ਲ ਮੀਡੀਆ ’ਤੇ ਨਵੀਂ ਬਣੀ ਸੜਕ ਨੂੰ ਹੱਥਾਂ ਨਾਲ ਤੋੜੇ ਜਾਣ ਦਾ ਦਾਅਵਾ ਕਰਨ ਵਾਲੀ ਵੀਡੀਓ ਵਾਇਰਲ ਹੋਣ ਤੋਂ ਕੁਝ ਦਿਨਾਂ ਬਾਅਦ ਮੰਤਰੀ ਨੇ ਬਠਿੰਡਾ ਜ਼ਿਲ੍ਹੇ ਦੀ ਮਾਈਸਰਖਾਨਾ-ਤਿੱਤਰਸਰ ਸਾਹਿਬ ਸੜਕ ਅਤੇ ਨਵੀਂ ਬਣੀ ਕੋਟਭਾਰਾ-ਰਾਮਗੜ੍ਹ ਭੂੰਦੜ ਸੜਕ ਦਾ ਜਾਇਜ਼ਾ ਲਿਆ। ਐਕਸ ’ਤੇ ਪੋਸਟ ਕਰਦਿਆਂ ਈਟੀਓ ਨੇ ਕਿਹਾ: ‘ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕਰਦੀ। ਬਠਿੰਡਾ ’ਚ ਨਵੀਂ ਬਣੀ ਸੜਕ ਸਬੰਧੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੌਕੇ ’ਤੇ ਜਾ ਕੇ ਜਾਂਚ ਕੀਤੀ ਗਈ। ਸੜਕ ਦਾ ਮੈਟੀਰੀਅਲ ਸਹੀ ਪਾਇਆ ਗਿਆ ਹੈ ਅਤੇ ਲੈਬ ਟੈਸਟਿੰਗ ਲਈ ਸੈਂਪਲ ਲੈ ਕੇ ਭੇਜ ਦਿੱਤੇ ਗਏ ਹਨ। ਲੋਕਾਂ ਦੇ ਪੈਸੇ ਨਾਲ ਹੋਣ ਵਾਲੇ ਹਰ ਕੰਮ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣਾ ਮਾਨ ਸਰਕਾਰ ਦੀ ਤਰਜੀਹ ਹੈ।’
ਚੁਣੌਤੀ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ, ‘ਕੱਲ੍ਹ ਮੈਂ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਅੱਜ ਮੌਕੇ ’ਤੇ ਆਉਣ ਅਤੇ ਆਪਣੇ ਦਾਅਵੇ ਮੁਤਾਬਕ ਸੜਕ ਨੂੰ ਆਪਣੇ ਹੱਥਾਂ ਨਾਲ ਪੁੱਟ ਕੇ ਦਿਖਾਉਣ। ਮੈਂ ਦਿੱਤੇ ਸਮੇਂ ’ਤੇ ਇੱਥੇ ਆਇਆ ਅਤੇ ਸੜਕ ਦਾ ਮੁਆਇਨਾ ਕੀਤਾ ਪਰ ਦੋਵਾਂ ਵਿੱਚੋਂ ਕੋਈ ਵੀ ਮੌਜੂਦ ਨਹੀਂ ਸੀ। ਜੇਕਰ ਉਨ੍ਹਾਂ ਨੂੰ ਆਪਣੇ ਦਾਅਵਿਆਂ ’ਤੇ ਇੰਨਾ ਹੀ ਯਕੀਨ ਸੀ ਤਾਂ ਉਨ੍ਹਾਂ ਨੂੰ ਆ ਕੇ ਮੌਕੇ ’ਤੇ ਇਹ ਸਾਬਿਤ ਕਰਨੇ ਚਾਹੀਦੇ ਸਨ।’ ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਦਾ ਇਕ-ਇਕ ਪੈਸਾ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਨਾਲ ਵਰਤਿਆ ਜਾ ਰਿਹਾ ਹੈ। ਮੰਤਰੀ ਨੇ ਪਿੰਡ ਕੋਟਭਾਰਾ ਤੋਂ ਰਾਮਗੜ੍ਹ ਭੂੰਦੜ ਤੱਕ ਨਵੀਂ ਬਣੀ ਸੜਕ ਦਾ ਵੀ ਜਾਇਜ਼ਾ ਲਿਆ। ਕੁਆਲਿਟੀ ਕੰਟਰੋਲ ਸੈਂਟਰ, ਪਟਿਆਲਾ ਵੱਲੋਂ ਲੈਬ ਟੈਸਟਿੰਗ ਲਈ ਮੌਕੇ ’ਤੇ ਹੀ ਸੜਕ ਸਮੱਗਰੀ ਦਾ ਸੈਂਪਲ ਲਿਆ ਗਿਆ। ਮੰਤਰੀ ਨੇ ਕਿਹਾ, ‘ਸੜਕ ਦਾ ਨਿਰਮਾਣ ਨਿਰਧਾਰਤ ਮਾਪਦੰਡਾਂ ਅਨੁਸਾਰ ਕੀਤਾ ਗਿਆ ਹੈ। ਲੈਬ ਟੈਸਟਿੰਗ ਲਈ ਸੈਂਪਲ ਲਏ ਗਏ ਹਨ ਤਾਂ ਜੋ ਗੁਣਵੱਤਾ ਦੀ વૈਵਿਗਿਆਨਕ ਤੌਰ ’ਤੇ ਵੀ ਪੁਸ਼ਟੀ ਕੀਤੀ ਜਾ ਸਕੇ। ਜੇਕਰ ਸੜਕ ਦੇ ਕੰਮ ਵਿਚ ਕੋਈ ਕਮੀ-ਪੇਸ਼ੀ ਮਿਲੀ ਤਾਂ ਨਿਯਮਾਂ ਅਨੁਸਾਰ ਸਬੰਧਤ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।’
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਬਾਰੇ ਈਟੀਓ ਨੇ ਕਿਹਾ, ‘ਸੜਕ ਨੂੰ ਹੱਥਾਂ ਨਾਲ ਤੋੜੇ ਜਾਣ ਦੀ ਵੀਡੀਓ ਫ਼ਰਜ਼ੀ ਹੈ। ਵਿਰੋਧੀ ਧਿਰ ਕੋਲ ਮਾਨ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿਰੁੱਧ ਕੋਈ ਅਸਲ ਮੁੱਦਾ ਨਹੀਂ ਬਚਿਆ, ਇਸ ਲਈ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕ ਸੂਝਵਾਨ ਹਨ ਅਤੇ ਉਹ ਵਿਕਾਸ ਕਾਰਜਾਂ ਅਤੇ ਝੂਠੇ ਪ੍ਰਚਾਰ ਵਿਚਾਲੇ ਫ਼ਰਕ ਜਾਣਦੇ ਹਨ।’ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ਭਰ ਵਿਚ 45,000 ਕਿੱਲੋਮੀਟਰ ਸੜਕਾਂ ਦਾ ਨਿਰਮਾਣ ਅਤੇ ਮੁਰੰਮਤ ਕਰਵਾ ਰਹੀ ਹੈ ਜਦਕਿ ਲਿੰਕ ਸੜਕਾਂ ਦੀ ਅਪਗ੍ਰੇਡੇਸ਼ਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਅਤੇ ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੀਲ ਗਰਗ ਵੀ ਹਾਜ਼ਰ ਸਨ। ਨਿਰੀਖਣ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਮੌੜ ਗੁਰਜਿੰਦਰ ਸਿੰਘ, ਚੀਫ ਇੰਜੀਨੀਅਰ ਅਨਿਲ ਗੁਪਤਾ, ਨਿਗਰਾਨ ਇੰਜੀਨੀਅਰ ਅਨਿਲ ਸ਼ਰਮਾ, ਕਾਰਜਕਾਰੀ ਇੰਜੀਨੀਅਰ ਓਂਕਾਰ ਸਿੰਘ ਅਤੇ ਲੋਕ ਨਿਰਮਾਣ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।