
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਸ਼ੇ ਦੀ ਸਭ ਤੋਂ ਖ਼ਤਰਨਾਕ ਤਸਵੀਰ ਬਠਿੰਡਾ ਦੇ ਬੀੜ ਤਲਾਬ ’ਚ ਸਾਹਮਣੇ ਆਈ, ਜਿੱਥੇ 14 ਅਗਸਤ ਨੂੰ ਇਕ ਸੁੰਨਸਾਨ ਥਾਂ ਤੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ। ਦੋਵਾਂ ਦੀਆਂ ਬਾਹਾਂ ’ਚ ਸਰਿੰਜਾਂ ਲੱਗੀਆਂ ਹੋਈਆਂ ਸਨ। ਮ੍ਰਿਤਕਾਂ ਦੀ ਪਛਾਣ ਜੈ ਸਿੰਘਵਾਲਾ ਦੇ 28 ਸਾਲਾ ਗੁਰਵਿੰਦਰ ਸਿੰਘ ਅਤੇ ਜੋਧਪੁਰ ਰੋਮਾਣਾ ਦੇ 25 ਸਾਲਾ ਕੁਲਦੀਪ ਸਿੰਘ ਵਜੋਂ ਹੋਈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ’ਚ ਨਸ਼ਿਆਂ ਦਾ ਕਹਿਰ ਇੱਕ ਵਾਰ ਮੁੜ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਮਾਲਵਾ ਖੇਤਰ ’ਚ ਪਿਛਲੇ ਇਕ ਹਫ਼ਤੇ ਦੌਰਾਨ ਨਸ਼ੇ ਦੀ ਓਵਰਡੋਜ਼ ਨਾਲ ਸੱਤ ਵਿਅਕਤੀਆਂ ਦੀ ਮੌਤ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ’ਚ ਫ਼ਾਜ਼ਿਲਕਾ ਜ਼ਿਲ੍ਹੇ ’ਚ ਤਿੰਨ, ਬਠਿੰਡਾ ’ਚ ਦੋ ਅਤੇ ਮਾਨਸਾ ਤੇ ਫ਼ਿਰੋਜ਼ਪੁਰ ’ਚ ਇਕ-ਇਕ ਮੌਤ ਸ਼ਾਮਲ ਹੈ। ਇਨ੍ਹਾਂ ਘਟਨਾਵਾਂ ਨੇ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਦੇ ਸਰਕਾਰੀ ਦਾਅਵਿਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਇਸ ਦਲਦਲ ’ਚੋਂ ਬਾਹਰ ਕੱਢਣ ਲਈ ਕੀਤੇ ਜਾ ਰਹੇ ਯਤਨਾਂ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਨਸ਼ੇ ਦੀ ਸਭ ਤੋਂ ਖ਼ਤਰਨਾਕ ਤਸਵੀਰ ਬਠਿੰਡਾ ਦੇ ਬੀੜ ਤਲਾਬ ’ਚ ਸਾਹਮਣੇ ਆਈ, ਜਿੱਥੇ 14 ਅਗਸਤ ਨੂੰ ਇਕ ਸੁੰਨਸਾਨ ਥਾਂ ਤੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ। ਦੋਵਾਂ ਦੀਆਂ ਬਾਹਾਂ ’ਚ ਸਰਿੰਜਾਂ ਲੱਗੀਆਂ ਹੋਈਆਂ ਸਨ। ਮ੍ਰਿਤਕਾਂ ਦੀ ਪਛਾਣ ਜੈ ਸਿੰਘਵਾਲਾ ਦੇ 28 ਸਾਲਾ ਗੁਰਵਿੰਦਰ ਸਿੰਘ ਅਤੇ ਜੋਧਪੁਰ ਰੋਮਾਣਾ ਦੇ 25 ਸਾਲਾ ਕੁਲਦੀਪ ਸਿੰਘ ਵਜੋਂ ਹੋਈ। ਇਸੇ ਤਰ੍ਹਾਂ ਫ਼ਾਜ਼ਿਲਕਾ ਦੇ ਪਿੰਡ ਪੰਜਾਵਾ ’ਚ 17 ਅਗਸਤ ਨੂੰ 42 ਸਾਲਾ ਸੁਖਜਿੰਦਰ ਸਿੰਘ ਉਰਫ਼ ਕਾਲਾ ਦੀ ਸ਼ੱਕੀ ਓਵਰਡੋਜ਼ ਨਾਲ ਮੌਤ ਹੋਈ। ਪਿੰਡ ਡਾਣੇਵਾਲਾ ਸਤਕੋਸੀ ਦੇ 25 ਸਾਲਾ ਪਵਨ ਕੁਮਾਰ ਅਤੇ ਤਹਿਲੀਵਾਲਾ ਬੋਦਲਾ ਦੇ 20 ਸਾਲਾ ਕਰਨਜੀਤ ਸਿੰਘ ਦੀ ਵੀ ਨਸ਼ੇ ਕਾਰਨ ਮੌਤ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ।
ਮਾਨਸਾ ਦੇ ਸਰਦੂਲਗੜ੍ਹ ’ਚ 11 ਅਗਸਤ ਨੂੰ 16 ਸਾਲਾ ਮਜ਼ਦੂਰ ਅਮਰੀਕ ਸਿੰਘ ਦੀ ਕਥਿਤ ਓਵਰਡੋਜ਼ ਨਾਲ ਮੌਤ ਹੋ ਗਈ। ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਫ਼ਿਰੋਜ਼ਪੁਰ ਦੇ ਪਿੰਡ ਤੂਤ ਦੇ 45 ਸਾਲਾ ਸਾਬਕਾ ਕੌਮਾਂਤਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਦੀ ਵੀ 11 ਅਗਸਤ ਦੀ ਰਾਤ ਇਲਾਜ ਦੌਰਾਨ ਮੌਤ ਹੋ ਗਈ। ਉਹ ਕਥਿਤ ਤੌਰ ’ਤੇ ਨਸ਼ੇ ਦੀ ਲਤ ਨਾਲ ਜੂਝ ਰਿਹਾ ਸੀ।
ਇਹ ਘਟਨਾਵਾਂ ਸਿਰਫ਼ ਹਾਲੀਆ ਮੌਤਾਂ ਤੱਕ ਸੀਮਤ ਨਹੀਂ ਹਨ। ਬਠਿੰਡਾ ਜ਼ਿਲ੍ਹੇ ’ਚ ਪਿਛਲੇ ਸਮੇਂ ਦੌਰਾਨ ਨਸ਼ੇ ਦੀ ਓਵਰਡੋਜ਼ ਨਾਲ ਕਈ ਨੌਜਵਾਨਾਂ ਦੀਆਂ ਮੌਤਾਂ ਦੀਆਂ ਘਟਨਾਵਾਂ ਮੀਡੀਆ ’ਚ ਸਾਹਮਣੇ ਆ ਚੁੱਕੀਆਂ ਹਨ। 2025 ਦੌਰਾਨ ਵੀ ਜ਼ਿਲ੍ਹੇ ’ਚ ਤਿੰਨ ਦਰਜਨ ਦੇ ਕਰੀਬ ਨੌਜਵਾਨਾਂ ਦੀਆਂ ਨਸ਼ੇ ਨਾਲ ਮੌਤਾਂ ਦੀਆਂ ਘਟਨਾਵਾਂ ਰਿਪੋਰਟ ਹੋਈਆਂ। ਇਨ੍ਹਾਂ ’ਚ ਕਈ ਮਾਮਲਿਆਂ ’ਚ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਿਤ ਨਾ ਕਰਨ ਜਾਂ ਪੋਸਟਮਾਰਟਮ ਨਾ ਕਰਵਾਉਣ ਦੀ ਗੱਲ ਵੀ ਸਾਹਮਣੇ ਆਈ।
ਮਾਹਿਰਾਂ ਦਾ ਮੰਨਣਾ ਹੈ ਕਿ ਨੌਜਵਾਨਾਂ ਦੇ ਨਸ਼ੇ ਦੀ ਲਪੇਟ ’ਚ ਆਉਣ ਪਿੱਛੇ ਕੋਈ ਇਕ ਕਾਰਨ ਨਹੀਂ ਹੁੰਦਾ। ਐੱਮਡੀ ਡਾ. ਅਜੀਤਪਾਲ ਸਿੰਘ ਅਨੁਸਾਰ ਦੋਸਤਾਂ ਦਾ ਪ੍ਰਭਾਵ, ਜਿਗਿਆਸਾ, ਪਰਿਵਾਰਕ ਮਾਹੌਲ, ਮਾਨਸਿਕ ਤਣਾਅ, ਇਕੱਲਾਪਣ, ਬੇਰੁਜ਼ਗਾਰੀ ਅਤੇ ਨਸ਼ੇ ਦੀ ਆਸਾਨ ਉਪਲਬਧਤਾ ਨੌਜਵਾਨਾਂ ਨੂੰ ਇਸ ਰਾਹ ਵੱਲ ਧੱਕ ਸਕਦੀ ਹੈ। ਕਈ ਵਾਰ ਵਿਅਕਤੀ ਤਣਾਅ ਜਾਂ ਪਰੇਸ਼ਾਨੀ ਤੋਂ ਥੋੜ੍ਹੇ ਸਮੇਂ ਲਈ ਰਾਹਤ ਲੈਣ ਵਾਸਤੇ ਨਸ਼ਾ ਸ਼ੁਰੂ ਕਰਦਾ ਹੈ, ਜੋ ਹੌਲੀ-ਹੌਲੀ ਨਿਰਭਰਤਾ ’ਚ ਬਦਲ ਜਾਂਦਾ ਹੈ।
ਡਾ. ਅਜੀਤਪਾਲ ਸਿੰਘ ਦਾ ਕਹਿਣਾ ਹੈ ਕਿ ਨਸ਼ੇ ਨਾਲ ਜੂਝ ਰਹੇ ਵਿਅਕਤੀ ਨੂੰ ਸਿਰਫ਼ ਡਾਂਟਣ ਜਾਂ ਬਦਨਾਮ ਕਰਨ ਦੀ ਬਜਾਏ ਇਲਾਜ ਅਤੇ ਪਰਿਵਾਰਕ ਸਹਿਯੋਗ ਦੇਣਾ ਚਾਹੀਦਾ ਹੈ। ਸ਼ੁਰੂਆਤੀ ਪੜਾਅ ’ਤੇ ਨਸ਼ੇ ਦੀ ਪਛਾਣ ਕਰਕੇ ਸਮੇਂ ਸਿਰ ਇਲਾਜ ਕਰਵਾਉਣ ਨਾਲ ਵਿਅਕਤੀ ਨੂੰ ਮੁੜ ਆਮ ਜੀਵਨ ਵੱਲ ਲਿਆਂਦਾ ਜਾ ਸਕਦਾ ਹੈ।
ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਮਨੋਰੋਗ ਮਾਹਿਰ ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਪੰਜਾਬ ’ਚ ਸਿੰਥੈਟਿਕ ਨਸ਼ੇ ਦੀ ਵਰਤੋਂ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਦੇ ਸਿਵਲ ਹਸਪਤਾਲ ’ਚ 80 ਬੈੱਡ ਦਾ ਨਸ਼ਾ ਛੁਡਾਊ ਕੇਂਦਰ ਹੈ, ਜਿੱਥੇ ਨਸ਼ੇ ਦੀ ਲਤ ਨਾਲ ਜੂਝ ਰਹੇ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ 400 ਕਿੱਲਾ ਮਾਨਸਾ ਰੋਡ ’ਤੇ 60 ਬੈੱਡ ਦਾ ਹਸਪਤਾਲ ਵੀ ਮੌਜੂਦ ਹੈ। ਜ਼ਿਲ੍ਹੇ ’ਚ ਨਸ਼ਾ ਛੁਡਾਉਣ ਲਈ 17 ਓਟ ਸੈਂਟਰ ਵੀ ਕੰਮ ਕਰ ਰਹੇ ਹਨ।
ਮਾਹਿਰਾਂ ਮੁਤਾਬਕ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਿਰਫ਼ ਪੁਲਿਸ ਕਾਰਵਾਈ ਕਾਫ਼ੀ ਨਹੀਂ। ਪਰਿਵਾਰ ਨੂੰ ਨੌਜਵਾਨ ਦੇ ਵਿਵਹਾਰ ’ਚ ਆ ਰਹੀਆਂ ਤਬਦੀਲੀਆਂ ਨੂੰ ਸਮੇਂ ਸਿਰ ਪਛਾਣਨਾ ਹੋਵੇਗਾ। ਨਸ਼ੇ ਨਾਲ ਜੂਝ ਰਹੇ ਵਿਅਕਤੀ ਨੂੰ ਸਮਾਜ ਤੋਂ ਵੱਖ ਕਰਨ ਦੀ ਬਜਾਏ ਉਸ ਨੂੰ ਇਲਾਜ ਨਾਲ ਜੋੜਨਾ ਅਤੇ ਲਗਾਤਾਰ ਸਹਿਯੋਗ ਦੇਣਾ ਜ਼ਰੂਰੀ ਹੈ। ਦੂਜੇ ਪਾਸੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਾਲ ਨਸ਼ੇ ਦੀ ਸਪਲਾਈ ’ਤੇ ਰੋਕ ਲਾਉਣੀ ਵੀ ਚੁਣੌਤੀ ਬਣੀ ਹੋਈ ਹੈ।
ਨਸ਼ੇ ਨਾਲ ਹੋ ਰਹੀਆਂ ਲਗਾਤਾਰ ਮੌਤਾਂ ਇਹ ਸਪੱਸ਼ਟ ਕਰ ਰਹੀਆਂ ਹਨ ਕਿ ਸਮੱਸਿਆ ਸਿਰਫ਼ ਕਾਨੂੰਨ-ਵਿਵਸਥਾ ਦੀ ਨਹੀਂ, ਸਗੋਂ ਸਿਹਤ ਅਤੇ ਸਮਾਜ ਨਾਲ ਜੁੜਿਆ ਵੱਡਾ ਸੰਕਟ ਵੀ ਹੈ। ਇਸ ਲਈ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਰੋਕਥਾਮ, ਇਲਾਜ, ਕਾਊਂਸਲਿੰਗ ਅਤੇ ਰੁਜ਼ਗਾਰ ਦੇ ਮੌਕਿਆਂ ’ਤੇ ਇਕੱਠੇ ਧਿਆਨ ਦੇਣ ਦੀ ਲੋੜ ਹੈ।
ਬਠਿੰਡਾ ਜ਼ਿਲ੍ਹੇ ’ਚ 2025 ਦੌਰਾਨ ਨਸ਼ੇ ਨਾਲ ਤਿੰਨ ਦਰਜਨ ਦੇ ਕਰੀਬ ਨੌਜਵਾਨਾਂ ਦੀਆਂ ਮੌਤਾਂ ਦੀਆਂ ਘਟਨਾਵਾਂ ਮੀਡੀਆ ’ਚ ਰਿਪੋਰਟ ਹੋਈਆਂ ਹਨ। ਕਈ ਮਾਮਲਿਆਂ ’ਚ ਪਰਿਵਾਰਾਂ ਵੱਲੋਂ ਪੁਲਿਸ ਨੂੰ ਸੂਚਿਤ ਨਾ ਕਰਨ ਜਾਂ ਪੋਸਟਮਾਰਟਮ ਨਾ ਕਰਵਾਉਣ ਕਾਰਨ ਅਸਲ ਅੰਕੜਾ ਸਾਹਮਣੇ ਨਹੀਂ ਆਉਂਦਾ।