ਪੰਜਾਬ ਸਰਕਾਰ ਦੀ ਨਵੀਂ ਪਹਿਲ: ਬ੍ਰੇਨ ਸਟੈਮ ਡੈੱਥ ਵਾਲੇ ਮਰੀਜ਼ਾਂ ਦੇ ਅੰਗਦਾਨ ਨੂੰ ਮਿਲੇਗਾ ਹੁਲਾਰਾ, AIIMS ਬਠਿੰਡਾ ’ਚ ਬਣੇਗੀ ਚਾਰ ਮੈਂਬਰੀ ਕਮੇਟੀ
ਕਮੇਟੀ ਵਿੱਚ ਏਮਜ਼ ਦਾ ਇਕ ਰਜਿਸਟਰਡ ਇੰਚਾਰਜ, ਸਿਵਲ ਹਸਪਤਾਲ ਦਾ ਇਕ ਰਜਿਸਟਰਡ ਮੈਡੀਕਲ ਅਧਿਕਾਰੀ, ਇਕ ਨਿਊਰੋਲੋਜਿਸਟ ਜਾਂ ਨਿਊਰੋਸਰਜਨ ਅਤੇ ਬ੍ਰੇਨ ਸਟੈਮ ਡੈੱਥ ਦੀ ਪੁਸ਼ਟੀ ਕਰਨ ਵਾਲਾ ਰਜਿਸਟਰਡ ਮੈਡੀਕਲ ਅਧਿਕਾਰੀ ਸ਼ਾਮਲ ਹੋਵੇਗਾ। ਕਮੇਟੀ ਸੰਭਾਵਿਤ ਮਾਮਲਿਆਂ ਦੀ ਪਛਾਣ, ਨਿਰਧਾਰਤ ਮੈਡੀਕਲ ਪ੍ਰਕਿਰਿਆ ਅਨੁਸਾਰ ਮੌਤ ਦੀ ਪੁਸ਼ਟੀ ਅਤੇ ਪਰਿਵਾਰਕ ਮੈਂਬਰਾਂ ਦੀ ਕਾਊਂਸਲਿੰਗ ਕਰੇਗੀ।
Publish Date: Sun, 29 Nov 2026 10:05 AM (IST)
Updated Date: Sun, 29 Nov 2026 10:07 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਗੰਭੀਰ ਬਿਮਾਰੀ ਜਾਂ ਸੜਕ ਹਾਦਸੇ ਕਾਰਨ ਬ੍ਰੇਨ ਸਟੈਮ ਡੈੱਥ ਦਾ ਸ਼ਿਕਾਰ ਹੋਣ ਵਾਲੇ ਮਰੀਜ਼ਾਂ ਦੇ ਅੰਗ ਹੁਣ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਲੋੜਵੰਦਾਂ ਦੀ ਜਾਨ ਬਚਾਉਣ ਲਈ ਦਾਨ ਕੀਤੇ ਜਾ ਸਕਣਗੇ। ਇਸ ਲਈ ਪੰਜਾਬ ਸਰਕਾਰ ਦੇ ਮੈਡੀਕਲ ਐਜੂਕੇਸ਼ਨ ਵਿਭਾਗ ਨੇ ਏਮਜ਼ ਬਠਿੰਡਾ ਨੂੰ ਪੱਤਰ ਜਾਰੀ ਕਰ ਕੇ ਅੰਗਦਾਨ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤਹਿਤ ਚਾਰ ਮੈਂਬਰੀ ਕਮੇਟੀ ਬਣਾਈ ਜਾਵੇਗੀ, ਜੋ ਸੰਭਾਵਿਤ ਮਾਮਲਿਆਂ ਦੀ ਪਛਾਣ ਕਰਨ ਦੇ ਨਾਲ ਪਰਿਵਾਰਾਂ ਦੀ ਕਾਊਂਸਲਿੰਗ ਕਰੇਗੀ ਅਤੇ ਉਨ੍ਹਾਂ ਨੂੰ ਅੰਗਦਾਨ ਲਈ ਪ੍ਰੇਰਿਤ ਕਰੇਗੀ।
ਹੁਣ ਤੱਕ ਬ੍ਰੇਨ ਸਟੈਮ ਡੈੱਥ ਦੇ ਮਾਮਲਿਆਂ ਵਿੱਚ ਸਹੀ ਸਮੇਂ ’ਤੇ ਜਾਣਕਾਰੀ, ਕਾਊਂਸਲਿੰਗ ਅਤੇ ਤਾਲਮੇਲ ਦੀ ਘਾਟ ਕਾਰਨ ਕਈ ਵਾਰ ਅੰਗਦਾਨ ਦੀ ਸੰਭਾਵਨਾ ਦੇ ਬਾਵਜੂਦ ਪ੍ਰਕਿਰਿਆ ਅੱਗੇ ਨਹੀਂ ਵਧ ਸਕਦੀ ਸੀ। ਸਰਕਾਰ ਦੀ ਇਸ ਪਹਿਲ ਨਾਲ ਅੰਗਾਂ ਦੀ ਉਡੀਕ ਕਰ ਰਹੇ ਗੰਭੀਰ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲਣ ਦੀ ਉਮੀਦ ਹੈ।
ਚਾਰ ਮੈਂਬਰੀ ਕਮੇਟੀ ਕਰੇਗੀ ਪਰਿਵਾਰਾਂ ਦੀ ਕਾਊਂਸਲਿੰਗ
ਕਮੇਟੀ ਵਿੱਚ ਏਮਜ਼ ਦਾ ਇਕ ਰਜਿਸਟਰਡ ਇੰਚਾਰਜ, ਸਿਵਲ ਹਸਪਤਾਲ ਦਾ ਇਕ ਰਜਿਸਟਰਡ ਮੈਡੀਕਲ ਅਧਿਕਾਰੀ, ਇਕ ਨਿਊਰੋਲੋਜਿਸਟ ਜਾਂ ਨਿਊਰੋਸਰਜਨ ਅਤੇ ਬ੍ਰੇਨ ਸਟੈਮ ਡੈੱਥ ਦੀ ਪੁਸ਼ਟੀ ਕਰਨ ਵਾਲਾ ਰਜਿਸਟਰਡ ਮੈਡੀਕਲ ਅਧਿਕਾਰੀ ਸ਼ਾਮਲ ਹੋਵੇਗਾ। ਕਮੇਟੀ ਸੰਭਾਵਿਤ ਮਾਮਲਿਆਂ ਦੀ ਪਛਾਣ, ਨਿਰਧਾਰਤ ਮੈਡੀਕਲ ਪ੍ਰਕਿਰਿਆ ਅਨੁਸਾਰ ਮੌਤ ਦੀ ਪੁਸ਼ਟੀ ਅਤੇ ਪਰਿਵਾਰਕ ਮੈਂਬਰਾਂ ਦੀ ਕਾਊਂਸਲਿੰਗ ਕਰੇਗੀ। ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਇਕ ਵਿਅਕਤੀ ਦੇ ਅੰਗਦਾਨ ਨਾਲ ਕਈ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਹਾਲਾਂਕਿ ਅੰਗਦਾਨ ਪਰਿਵਾਰ ਦੀ ਲੋੜੀਂਦੀ ਸਹਿਮਤੀ ਅਤੇ ਕਾਨੂੰਨੀ ਤੇ ਡਾਕਟਰੀ ਨਿਯਮਾਂ ਦੀ ਪਾਲਣਾ ਨਾਲ ਹੀ ਹੋਵੇਗਾ।
ਕੀ ਹੁੰਦੀ ਹੈ ਬ੍ਰੇਨ ਸਟੈਮ ਡੈੱਥ?
ਇਹ ਅਜਿਹੀ ਮੈਡੀਕਲ ਸਥਿਤੀ ਹੈ, ਜਿਸ ਵਿੱਚ ਦਿਮਾਗ ਦੇ ਉਸ ਹਿੱਸੇ ਦੀਆਂ ਸਾਰੀਆਂ ਗਤੀਵਿਧੀਆਂ ਸਥਾਈ ਤੌਰ ’ਤੇ ਬੰਦ ਹੋ ਜਾਂਦੀਆਂ ਹਨ, ਜੋ ਸਾਹ ਲੈਣ ਸਮੇਤ ਸਰੀਰ ਦੇ ਜ਼ਰੂਰੀ ਕਾਰਜਾਂ ਨੂੰ ਕੰਟਰੋਲ ਕਰਦਾ ਹੈ। ਮਰੀਜ਼ ਆਪਣੇ ਆਪ ਸਾਹ ਨਹੀਂ ਲੈ ਸਕਦਾ ਅਤੇ ਉਸ ਨੂੰ ਵੈਂਟੀਲੇਟਰ ਦੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਨਾਲ ਕੁਝ ਸਮੇਂ ਤੱਕ ਦਿਲ ਧੜਕਦਾ ਰਹਿ ਸਕਦਾ ਹੈ ਅਤੇ ਅੰਗਾਂ ਤੱਕ ਖੂਨ ਦਾ ਸੰਚਾਰ ਜਾਰੀ ਰਹਿ ਸਕਦਾ ਹੈ। ਮਾਹਿਰ ਡਾਕਟਰਾਂ ਵੱਲੋਂ ਨਿਰਧਾਰਤ ਜਾਂਚਾਂ ਰਾਹੀਂ ਬ੍ਰੇਨ ਸਟੈਮ ਡੈੱਥ ਦੀ ਪੁਸ਼ਟੀ ਹੋਣ ਮਗਰੋਂ ਹੀ ਅੰਗਦਾਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਨੂੰ ਕਾਨੂੰਨੀ ਤੌਰ ’ਤੇ ਮੌਤ ਮੰਨਿਆ ਜਾਂਦਾ ਹੈ।
ਕੋਮਾ ਤੇ ਬ੍ਰੇਨ ਸਟੈਮ ਡੈੱਥ ’ਚ ਵੱਡਾ ਫ਼ਰਕ
ਕੋਮਾ ਵਿੱਚ ਮਰੀਜ਼ ਡੂੰਘੀ ਬੇਹੋਸ਼ੀ ਦੀ ਹਾਲਤ ਵਿੱਚ ਹੁੰਦਾ ਹੈ, ਪਰ ਉਹ ਜਿਊਂਦਾ ਹੁੰਦਾ ਹੈ। ਦਿਮਾਗ ਦੀਆਂ ਕੁਝ ਗਤੀਵਿਧੀਆਂ ਅਤੇ ਬ੍ਰੇਨ ਸਟੈਮ ਦੇ ਕਾਰਜ ਜਾਰੀ ਰਹਿ ਸਕਦੇ ਹਨ। ਇਲਾਜ ਨਾਲ ਸੁਧਾਰ ਦੀ ਸੰਭਾਵਨਾ ਵੀ ਹੁੰਦੀ ਹੈ। ਇਸ ਦੇ ਉਲਟ ਬ੍ਰੇਨ ਸਟੈਮ ਡੈੱਥ ਵਿੱਚ ਦਿਮਾਗ ਦੇ ਸਾਰੇ ਸਬੰਧਤ ਕਾਰਜ ਸਥਾਈ ਤੌਰ ’ਤੇ ਬੰਦ ਹੋ ਜਾਂਦੇ ਹਨ ਅਤੇ ਇਸ ਨੂੰ ਕਾਨੂੰਨੀ ਤੌਰ ’ਤੇ ਮੌਤ ਮੰਨਿਆ ਜਾਂਦਾ ਹੈ। ਇਸ ਲਈ ਕੋਮਾ ਵਿੱਚ ਰਹਿਣ ਵਾਲੇ ਮਰੀਜ਼ ਦੇ ਅੰਗਦਾਨ ਦੀ ਪ੍ਰਕਿਰਿਆ ਨਹੀਂ ਕੀਤੀ ਜਾ ਸਕਦੀ।
ਦਿਲ, ਗੁਰਦੇ ਤੇ ਜਿਗਰ ਸਮੇਤ ਕਈ ਅੰਗ ਆ ਸਕਦੇ ਹਨ ਕੰਮ
ਡਾਕਟਰੀ ਜਾਂਚ ਵਿੱਚ ਢੁੱਕਵੇਂ ਪਾਏ ਜਾਣ ’ਤੇ ਦਿਲ, ਗੁਰਦੇ, ਜਿਗਰ ਅਤੇ ਪੈਨਕ੍ਰਿਆਸ ਵਰਗੇ ਅੰਗ ਟਰਾਂਸਪਲਾਂਟ ਲਈ ਵਰਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕਾਰਨੀਆ ਅਤੇ ਚਮੜੀ ਵਰਗੇ ਟਿਸ਼ੂ ਵੀ ਦਾਨ ਕੀਤੇ ਜਾ ਸਕਦੇ ਹਨ। ਏਮਜ਼ ਦੇ ਡਾ. ਕੰਵਲਜੀਤ ਸਿੰਘ ਅਨੁਸਾਰ ਸੰਸਥਾ ਬ੍ਰੇਨ ਸਟੈਮ ਡੈੱਥ ਵਾਲੇ ਮਰੀਜ਼ਾਂ ਦੇ ਅੰਗਦਾਨ ਲਈ ਹੋਰ ਸਰਕਾਰੀ ਤੇ ਨਿੱਜੀ ਹਸਪਤਾਲਾਂ ਨਾਲ ਵੀ ਸੰਪਰਕ ਕਰੇਗੀ, ਤਾਂ ਜੋ ਵੱਧ ਤੋਂ ਵੱਧ ਲੋੜਵੰਦਾਂ ਦੀ ਜਾਨ ਬਚਾਈ ਜਾ ਸਕੇ।