15 ਦਿਨਾਂ ਤੋਂ ਜਾਮ ਸੀਵਰੇਜ ਕਾਰਨ ਵਾਰਡ-34 ਦੇ ਲੋਕ ਪਰੇਸ਼ਾਨ, ਗਲੀਆਂ ਗੰਦੇ ਪਾਣੀ ਨਾਲ ਭਰੀਆਂ
13 ਨੰਬਰ ਖਬਰ ਨਾਲ ਤਸਵੀਰ
Publish Date: Fri, 19 Jun 2026 05:40 PM (IST)
Updated Date: Fri, 19 Jun 2026 05:42 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਦੇ ਵਾਰਡ ਨੰਬਰ 34 ਅਧੀਨ ਆਉਂਦੇ ਮਿੰਨੀ ਸਕੱਤਰੇਤ ਰੋਡ ਅਤੇ ਪੂੱਜਾਵਾਲਾ ਮੁਹੱਲਾ ਖੇਤਰ ਦੇ ਵਸਨੀਕ ਪਿਛਲੇ ਕਰੀਬ 15 ਦਿਨਾਂ ਤੋਂ ਜਾਮ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ। ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਨਾ ਨਿਕਲਣ ਕਾਰਨ ਲੋਕਾਂ ਵਿਚ ਨਗਰ ਨਿਗਮ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਵਧਦੀ ਜਾ ਰਹੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸੀਵਰ ਜਾਮ ਹੋਣ ਕਾਰਨ ਗੰਦਾ ਪਾਣੀ ਗਲੀਆਂ ਅਤੇ ਸੜਕਾਂ ‘ਤੇ ਇਕੱਠਾ ਹੋ ਰਿਹਾ ਹੈ, ਜਿਸ ਨਾਲ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ, ਦੁਕਾਨਦਾਰਾਂ ਅਤੇ ਰਹਿਣ ਵਾਲੇ ਪਰਿਵਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦੇ ਪਾਣੀ ਵਿੱਚੋਂ ਉਠਦੀ ਸੜਾਂਦ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ। ਸਥਾਨਕ ਲੋਕਾਂ ਮੁਤਾਬਕ ਨਗਰ ਨਿਗਮ ਦੀਆਂ ਟੀਮਾਂ ਕਈ ਵਾਰ ਮੌਕੇ ‘ਤੇ ਪਹੁੰਚ ਕੇ ਸੀਵਰਾਂ ਦੀ ਸਿਰਫ਼ ਅਸਥਾਈ ਸਫ਼ਾਈ ਕਰਦੀਆਂ ਹਨ ਅਤੇ ਕੁਝ ਸਮੇਂ ਬਾਅਦ ਮੁੜ ਸਮੱਸਿਆ ਪਹਿਲਾਂ ਵਾਂਗ ਖੜ੍ਹੀ ਹੋ ਜਾਂਦੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸੀਵਰਾਂ ਦੀ ਵਿਗਿਆਨਕ ਅਤੇ ਨਿਯਮਤ ਡੀ-ਸਿਲਟਿੰਗ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਇੱਕ ਜਾਂ ਦੋ ਦਿਨਾਂ ਵਿੱਚ ਹੀ ਸੀਵਰ ਦੁਬਾਰਾ ਜਾਮ ਹੋ ਜਾਂਦੇ ਹਨ। ਪਿਛਲੇ ਦੋ ਹਫ਼ਤਿਆਂ ਦੌਰਾਨ ਕਈ ਵਾਰ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਹਾਲੇ ਤੱਕ ਕੋਈ ਠੋਸ ਅਤੇ ਸਥਾਈ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਦਾ ਧਿਆਨ ਖਿੱਚਣ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ ਦਾ ਸਹਾਰਾ ਵੀ ਲੈਣਾ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਮੱਸਿਆ ਸਿਰਫ਼ ਪੂੱਜਾਵਾਲਾ ਮੁਹੱਲੇ ਤੱਕ ਸੀਮਤ ਨਹੀਂ ਹੈ, ਸਗੋਂ ਲਖੀ ਰਾਮ ਵਾਲੀ ਗਲੀ, ਸ਼ਹੀਦ ਜਰਨੈਲ ਸਿੰਘ ਵਾਲੀ ਗਲੀ, ਕੋਰਟ ਰੋਡ ਨਾਲ ਜੁੜੀਆਂ ਕਈ ਗਲੀਆਂ ਅਤੇ ਹੋਰ ਇਲਾਕਿਆਂ ਵਿੱਚ ਵੀ ਸੀਵਰੇਜ ਓਵਰਫਲੋ ਅਤੇ ਨਾਲੀਆਂ ਦੇ ਜਾਮ ਹੋਣ ਦੀ ਸਮੱਸਿਆ ਬਣੀ ਹੋਈ ਹੈ। ਗੰਦਾ ਪਾਣੀ ਸੜਕਾਂ ‘ਤੇ ਖੜ੍ਹਾ ਰਹਿਣ ਕਾਰਨ ਬਦਬੂ ਫੈਲ ਰਹੀ ਹੈ ਅਤੇ ਲੋਕਾਂ ਦੀ ਸਿਹਤ ਲਈ ਵੀ ਖਤਰਾ ਪੈਦਾ ਹੋ ਰਿਹਾ ਹੈ। ਬਰਸਾਤੀ ਮੌਸਮ ਨੂੰ ਦੇਖਦੇ ਹੋਏ ਲੋਕਾਂ ਦੀ ਚਿੰਤਾ ਹੋਰ ਵੀ ਵੱਧ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਹੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਮੱਛਰਾਂ ਦੀ ਵਾਧੂ ਪੈਦਾਵਾਰ ਅਤੇ ਸੰਕਰਾਮਕ ਬਿਮਾਰੀਆਂ ਫੈਲਣ ਦਾ ਖਤਰਾ ਵਧ ਸਕਦਾ ਹੈ। ਇਸ ਨਾਲ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ। ਵਾਰਡ ਨੰਬਰ 34 ਦੇ ਕੌਂਸਲਰ ਸੰਦੀਪ ਬੌਬੀ ਨੇ ਵੀ ਇਸ ਮਸਲੇ ਨੂੰ ਗੰਭੀਰ ਦੱਸਦਿਆਂ ਨਗਰ ਨਿਗਮ ਤੋਂ ਤੁਰੰਤ ਅਤੇ ਸਥਾਈ ਹੱਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਖੇਤਰ ਦੇ ਸੀਵਰ ਨੈੱਟਵਰਕ ਦੀ ਵਿਆਪਕ ਡੀ-ਸਿਲਟਿੰਗ ਕਰਵਾਈ ਜਾਵੇ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇ। ਉਨ੍ਹਾਂ ਦੇ ਅਨੁਸਾਰ ਸਿਰਫ਼ ਰਸਮੀ ਸਫ਼ਾਈ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ, ਸਗੋਂ ਜਿੱਥੇ ਵਾਰ-ਵਾਰ ਸੀਵਰ ਜਾਮ ਹੋ ਰਹੇ ਹਨ, ਉੱਥੇ ਤਕਨੀਕੀ ਜਾਂਚ ਕਰਕੇ ਅਸਲ ਕਾਰਨਾਂ ਦੀ ਪਛਾਣ ਕਰਨੀ ਚਾਹੀਦੀ ਹੈ। ਸੰਦੀਪ ਬੌਬੀ ਨੇ ਇਹ ਵੀ ਦੋਸ਼ ਲਗਾਇਆ ਕਿ ਸ਼ਹਿਰ ਵਿੱਚ ਸੀਵਰ ਸਫ਼ਾਈ ਲਈ ਉਪਲਬਧ ਸਰੋਤਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ। ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਖੁਦ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਪ੍ਰਭਾਵਿਤ ਲੋਕਾਂ ਨੂੰ ਜਲਦ ਰਾਹਤ ਦੇਣ ਦੀ ਅਪੀਲ ਕੀਤੀ। ਇਲਾਕਾ ਵਾਸੀਆਂ ਨੇ ਵੀ ਮੰਗ ਕੀਤੀ ਹੈ ਕਿ ਸ਼ਹਿਰ ਦੇ ਸਾਰੇ ਪ੍ਰਭਾਵਿਤ ਖੇਤਰਾਂ ਵਿੱਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਜਾਵੇ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ।