ਮਾਵਾਂ-ਧੀਆਂ ਸਤਿਕਾਰ ਯੋਜਨਾ; ਐੱਸਸੀ ਸਰਟੀਫਿਕੇਟ ਬਣਵਾਉਣ ਲਈ ਔਰਤਾਂ ਹੋ ਰਹੀਆਂ ਨੇ ਖੱਜਲ
news from Bathinda
Publish Date: Sun, 28 Jun 2026 04:47 PM (IST)
Updated Date: Sun, 28 Jun 2026 04:49 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨੇ ਮਹਿਲਾਵਾਂ ਵਿਚ ਭਾਰੀ ਉਤਸ਼ਾਹ ਤਾਂ ਪੈਦਾ ਕੀਤਾ ਹੈ, ਪਰ ਨਾਲ ਹੀ ਸਰਕਾਰੀ ਪ੍ਰਬੰਧਾਂ ਦੀਆਂ ਕਮੀਆਂ ਵੀ ਉਜਾਗਰ ਕਰ ਦਿੱਤੀਆਂ ਹਨ। ਯੋਜਨਾ ਤਹਿਤ ਆਮ ਵਰਗ ਦੀਆਂ ਔਰਤਾਂ ਨੂੰ ਹਰ ਮਹੀਨੇ 1,000 ਰੁਪਏ ਤੇ ਅਨੁਸੂਚਿਤ ਜਾਤੀ (ਐਸਸੀ) ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਦੇਣ ਦੇ ਐਲਾਨ ਤੋਂ ਬਾਅਦ ਸੇਵਾ ਕੇਂਦਰਾਂ ਵਿਚ ਐੱਸਸੀ ਸਰਟੀਫਿਕੇਟ ਬਣਵਾਉਣ ਵਾਲੀਆਂ ਔਰਤਾਂ ਦੀ ਭਾਰੀ ਭੀੜ ਉਮੜ ਰਹੀ ਹੈ। ਹਾਲਾਤ ਇਹ ਹਨ ਕਿ ਔਰਤਾਂ ਨੂੰ ਸਵੇਰ ਤੋਂ ਸ਼ਾਮ ਤੱਕ ਲੰਬੀਆਂ ਕਤਾਰਾਂ ਵਿਚ ਖੜ੍ਹਾ ਰਹਿਣਾ ਪੈ ਰਿਹਾ ਹੈ, ਪਰ ਸਰਵਰ ਦੀ ਸੁਸਤੀ ਅਤੇ ਧੀਮੀ ਆਨਲਾਈਨ ਪ੍ਰਕਿਰਿਆ ਕਾਰਨ ਉਨ੍ਹਾਂ ਦਾ ਕੰਮ ਸਮੇਂ ਸਿਰ ਨਹੀਂ ਹੋ ਰਿਹਾ। ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਮੁੱਖ ਸੇਵਾ ਕੇਂਦਰ ਵਿਚ ਇਨ੍ਹਾਂ ਦਿਨਾਂ ਸਭ ਤੋਂ ਵੱਧ ਭੀੜ ਜਾਤੀ ਸਰਟੀਫਿਕੇਟ ਬਣਵਾਉਣ ਲਈ ਪਹੁੰਚ ਰਹੀਆਂ ਔਰਤਾਂ ਦੀ ਦੇਖਣ ਨੂੰ ਮਿਲ ਰਹੀ ਹੈ। ਭਾਵੇਂ ਸੇਵਾ ਕੇਂਦਰ ਸਵੇਰੇ 9 ਵਜੇ ਖੁੱਲ੍ਹਦਾ ਹੈ, ਪਰ ਆਪਣੀ ਵਾਰੀ ਯਕੀਨੀ ਬਣਾਉਣ ਲਈ ਔਰਤਾਂ ਸਵੇਰੇ 8 ਵਜੇ ਤੋਂ ਹੀ ਲਾਈਨਾਂ ਵਿਚ ਲੱਗ ਜਾਂਦੀਆਂ ਹਨ। ਇਸ ਦੇ ਬਾਵਜੂਦ ਕਈਆਂ ਨੂੰ ਘੰਟਿਆਂ ਉਡੀਕ ਕਰਨ ਤੋਂ ਬਾਅਦ ਵੀ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਹੈ। ਹਰ ਰੋਜ਼ 100 ਤੋਂ ਵੱਧ ਮਹਿਲਾਵਾਂ ਐੱਸਸੀ ਸਰਟੀਫਿਕੇਟ ਲਈ ਅਰਜ਼ੀਆਂ ਦੇਣ ਪਹੁੰਚ ਰਹੀਆਂ ਹਨ। ਯੋਜਨਾ ਦਾ ਲਾਭ ਲੈਣ ਲਈ ਐੱਸਸੀ ਸਰਟੀਫਿਕੇਟ ਲਾਜ਼ਮੀ ਹੋਣ ਕਰਕੇ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਜਲਦ ਤੋਂ ਜਲਦ ਦਸਤਾਵੇਜ਼ ਤਿਆਰ ਕਰਵਾਉਣ ਦੀ ਹੋੜ ਲੱਗੀ ਹੋਈ ਹੈ। ਭੀੜ ਲਗਾਤਾਰ ਵਧ ਰਹੀ ਹੈ, ਪਰ ਪ੍ਰਸ਼ਾਸਨ ਵੱਲੋਂ ਉਸ ਅਨੁਸਾਰ ਪ੍ਰਬੰਧ ਨਹੀਂ ਵਧਾਏ ਗਏ, ਜਿਸ ਕਾਰਨ ਸੇਵਾ ਕੇਂਦਰਾਂ ਵਿਚ ਅਵਿਵਸਥਾ ਦਾ ਮਾਹੌਲ ਬਣਿਆ ਹੋਇਆ ਹੈ। ਸਭ ਤੋਂ ਵੱਡੀ ਸਮੱਸਿਆ ਪਿਛਲੇ ਕਰੀਬ ਇਕ ਹਫ਼ਤੇ ਤੋਂ ਸਰਵਰ ਦੀ ਸੁਸਤੀ ਹੈ। ਅਰਜ਼ੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੋਣ ਕਰਕੇ ਸਰਵਰ ਵਾਰ-ਵਾਰ ਧੀਮਾ ਹੋ ਜਾਂਦਾ ਹੈ, ਜਿਸ ਨਾਲ ਕਰਮਚਾਰੀਆਂ ਨੂੰ ਅਰਜ਼ੀਆਂ ਦਰਜ ਕਰਨ ਵਿਚ ਮੁਸ਼ਕਲ ਆਉਂਦੀ ਹੈ। ਕਈ ਵਾਰ ਅਰਜ਼ੀਆਂ ਅੱਧ ਵਿਚਕਾਰ ਹੀ ਰੁਕ ਜਾਂਦੀਆਂ ਹਨ ਅਤੇ ਲੋਕਾਂ ਨੂੰ ਘੰਟਿਆਂ ਉਡੀਕ ਕਰਨੀ ਪੈਂਦੀ ਹੈ। ਇਸ ਕਾਰਨ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਭਾਰੀ ਰੋਸ ਹੈ। ਆਪਣੇ ਪਰਿਵਾਰ ਦੀਆਂ ਮਹਿਲਾਵਾਂ ਨਾਲ ਸੇਵਾ ਕੇਂਦਰ ਪਹੁੰਚੇ ਮਲਕੀਤ ਸਿੰਘ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਲਗਾਤਾਰ ਚੱਕਰ ਕੱਟ ਰਹੇ ਹਨ, ਪਰ ਹਰ ਵਾਰ ਸਰਵਰ ਦੀ ਸਮੱਸਿਆ ਦੱਸ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਯੋਜਨਾ ਤਾਂ ਸ਼ੁਰੂ ਕਰ ਦਿੱਤੀ, ਪਰ ਵਧਦੀ ਭੀੜ ਦੇ ਮੱਦੇਨਜ਼ਰ ਪ੍ਰਬੰਧ ਮਜ਼ਬੂਤ ਨਹੀਂ ਕੀਤੇ। ਜੇਕਰ ਪਹਿਲਾਂ ਹੀ ਲੋੜੀਂਦੇ ਇੰਤਜ਼ਾਮ ਕਰ ਲਏ ਜਾਂਦੇ ਤਾਂ ਲੋਕਾਂ ਨੂੰ ਇਸ ਤਰ੍ਹਾਂ ਖੱਜਲ-ਖੁਆਰ ਨਾ ਹੋਣਾ ਪੈਂਦਾ। ਦੂਜੇ ਪਾਸੇ ਸੇਵਾ ਕੇਂਦਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਚਾਨਕ ਅਰਜ਼ੀਦਾਰਾਂ ਦੀ ਗਿਣਤੀ ਵਧਣ ਅਤੇ ਸਰਵਰ ਧੀਮਾ ਹੋਣ ਕਾਰਨ ਦਿੱਕਤ ਆ ਰਹੀ ਹੈ। ਜਿਵੇਂ ਹੀ ਸਰਵਰ ਆਮ ਗਤੀ ਨਾਲ ਚੱਲਦਾ ਹੈ, ਕਰਮਚਾਰੀਆਂ ਵੱਲੋਂ ਲੰਬਿਤ ਅਰਜ਼ੀਆਂ ਤੁਰੰਤ ਅਪਲੋਡ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਕਿਸੇ ਵੀ ਵਿਅਕਤੀ ਦੀ ਅਰਜ਼ੀ ਜਾਣਬੁੱਝ ਕੇ ਲੰਬਿਤ ਨਹੀਂ ਰੱਖੀ ਜਾ ਰਹੀ। ਇਸ ਤਰ੍ਹਾਂ ਬਣਦਾ ਹੈ ਐੱਸਸੀ ਜਾਤੀ ਸਰਟੀਫਿਕੇਟ ਐੱਸਸੀ ਜਾਤੀ ਸਰਟੀਫਿਕੇਟ ਬਣਵਾਉਣ ਦੀ ਪ੍ਰਕਿਰਿਆ ਵੀ ਸੌਖੀ ਨਹੀਂ ਹੈ। ਸਭ ਤੋਂ ਪਹਿਲਾਂ ਬਿਨੈਕਾਰ ਨੂੰ ਨਿਰਧਾਰਤ ਅਰਜ਼ੀ ਫਾਰਮ ਪ੍ਰਾਪਤ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਫਾਰਮ ਭਰ ਕੇ ਨਗਰ ਕੌਂਸਲ (ਐੱਮਸੀ) ਅਤੇ ਸਬੰਧਤ ਪਟਵਾਰੀ ਤੋਂ ਤਸਦੀਕ ਕਰਵਾਉਣੀ ਪੈਂਦੀ ਹੈ। ਅਰਜ਼ੀ ਨਾਲ ਆਧਾਰ ਕਾਰਡ ਅਤੇ ਪਰਿਵਾਰ ਦੇ ਕਿਸੇ ਮੈਂਬਰ ਦਾ ਪਹਿਲਾਂ ਤੋਂ ਬਣਿਆ ਹੋਇਆ ਐੱਸਸੀ ਸਰਟੀਫਿਕੇਟ ਲਗਾਉਣਾ ਲਾਜ਼ਮੀ ਹੈ। ਸਾਰੇ ਦਸਤਾਵੇਜ਼ ਪੂਰੇ ਹੋਣ ਤੋਂ ਬਾਅਦ ਅਰਜ਼ੀ ਸੇਵਾ ਕੇਂਦਰ ਵਿਚ ਜਮ੍ਹਾਂ ਕਰਵਾਈ ਜਾਂਦੀ ਹੈ। ਇਸ ਤੋਂ ਬਾਅਦ ਫਾਈਲ ਸਬੰਧਤ ਵਿਭਾਗ ਕੋਲ ਜਾਂਚ ਲਈ ਭੇਜੀ ਜਾਂਦੀ ਹੈ ਅਤੇ ਮਨਜ਼ੂਰੀ ਮਿਲਣ ਉਪਰੰਤ ਹੀ ਸੇਵਾ ਕੇਂਦਰ ਰਾਹੀਂ ਐਸਸੀ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ।