- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਤਲਵੰਡੀ ਸਾਬੋ ’ਚ ਸਰਕਾਰ ਵਿਰੁੱਧ ਕੱਢਿਆ ਰੋਸ ਮਾਰਚ

-17 ਜੁਲਾਈ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਕਰਨ ਦਾ ਐਲਾਨ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਸਾਂਝੀ ਤਾਲਮੇਲ ਕਮੇਟੀ ਵੱਲੋਂ ਤਲਵੰਡੀ ਸਾਬੋ ਦੇ ਲੇਲੇਵਾਲਾ ਰੋਡ ਤੇ ਸਥਿਤ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਬਠਿੰਡਾ ਜ਼ਿਲ੍ਹੇ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਇਕੱਠੇ ਹੋ ਕੇ ਮੰਗਾਂ ਨੂੰ ਲੈ ਕੇ ਵੱਡੀ ਰੋਸ ਰੈਲੀ ਤੇ ਚਿਤਾਵਨੀ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਮੁਲਾਜ਼ਮ ਤੇ ਪੈਨਸ਼ਨਰ ਆਗੂ ਗਗਨਦੀਪ ਸਿੰਘ ਸੂਬਾ ਕਨਵੀਨਰ, ਹਰਨੇਕ ਸਿੰਘ ਗਹਿਰੀ ਜ਼ਿਲ੍ਹਾ ਪ੍ਰਧਾਨ ਪੀਐਸਐਸਐਫ 1406, ਪ੍ਰਿੰਸੀਪਲ ਰਣਜੀਤ ਸਿੰਘ ਪੈਨਸ਼ਨਰ, ਮਨਜੀਤ ਸਿੰਘ ਧੰਜਲ ਥਰਮਲ ਪੈਨਸ਼ਨਰ, ਗੁਰਤੇਜ ਸਿੰਘ ਗਿੱਲ, ਜਗਪਾਲ ਸਿੰਘ ਬੰਗੀ ਡੀਐਮਐਫ, ਬਲਜਿੰਦਰ ਸਿੰਘ ਡੀਟੀਐਫ ਆਦਿ ਨੇ ਦੱਸਿਆ ਕਿ ਜਿਹੜੀ ਸਰਕਾਰ ਇਨਕਲਾਬ ਦਾ ਨਾਅਰਾ ਲੈ ਕੇ ਆਈ ਸੀ ਕਿ ਅਸੀਂ ਪੰਜਾਬ ਦੇ ਵਿੱਚ ਕਦੇ ਵੀ ਕਿਸੇ ਵੀ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਨੂੰ ਧਰਨਾ ਲਾਉਣ ਦੀ ਨੌਬਤ ਨਹੀਂ ਆਵੇਗੀ, ਉਨ੍ਹਾਂ ਦੇ ਕੰਮ ਹੋਣਗੇ, ਪਰ ਪਿਛਲੀਆਂ ਸਰਕਾਰਾਂ ਨੂੰ ਮਾਤ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸੇ ਵੀ ਮੁਲਾਜ਼ਮ ਧਿਰ ਨਾਲ ਇੱਕ ਵੀ ਮੀਟਿੰਗ ਮੁਲਾਜ਼ਮ ਮੰਗਾਂ ਨੂੰ ਲੈ ਕੇ ਨਹੀਂ ਕੀਤੀ ਗਈ। ਇਸ ਕਰਕੇ ਪੰਜਾਬ ਦੇ ਪੂਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਬਹੁਤ ਭਾਰੀ ਰੋਸ ਹੈ।
ਮੁਲਾਜ਼ਮ ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਦੇ ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ। ਪੰਜਾਬ ਸਰਕਾਰ ਮੁਲਾਜ਼ਮਾਂ ਦਾ 18 ਫੀਸਦੀ ਡੀਏ ਜੋ ਕਿ ਇਸ ਜੁਲਾਈ ਵਿੱਚ 3 ਫੀਸਦੀ ਹੋਰ ਵੱਧ ਕੇ 21 ਫੀਸਦੀ ਹੋ ਜਾਣਾ ਹੈ ਉਹ ਦੱਬੀ ਬੈਠੀ ਹੈ। ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਕਿ ਸਰਕਾਰ ਬਣਦਿਆਂ ਹੀ ਪਹਿਲੀ ਕੈਬਨਿਟ ਮੀਟਿੰਗ ਵਿਚ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਊਗੀ, ਪਰ ਹਾਲੇ ਤਕ ਬਹਾਲ ਨਹੀਂ ਕੀਤੀ ਗਈ। ਇਸ ਤੋਂ ਬਿਨਾਂ ਪੈਨਸ਼ਨਰਾਂ ਦਾ 2.59 ਦੇ ਗੁਣਾਂਕ ਨਾਲ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਾ ਕਰਨਾ, ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤੇ ਏਸੀਪੀ ਸਕੀਮ ਤੇ ਬਹੁਤ ਸਾਰੀਆਂ ਜਿਹੜੀਆਂ ਮੁਲਾਜ਼ਮ ਮੰਗਾਂ ਹਨ, ਜਿਨ੍ਹਾਂ ਵਿੱਚੋਂ ਸਰਕਾਰ ਨੇ ਇੱਕ ਵੀ ਪੂਰੀ ਨਹੀਂ ਕੀਤੀ। ਧੰਨਾ ਸਿੰਘ ਪੈਨਸ਼ਨਰ ਪਾਵਰਕਾਮ, ਆਤਮਤੇਜ ਸਿੰਘ ਪੰਜਾਬ ਪੈਨਸ਼ਨਰ, ਗੁਰਜਿੰਦਰ ਸਿੰਘ ਔਲਖ ਸਿਹਤ ਵਿਭਾਗ ਆਊਟਸੋਰਸ ਮੁਲਾਜ਼ਮ ਯੂਨੀਅਨ, ਸੁਖਮੰਦਰ ਧਾਲੀਵਾਲ ਜਮਹੂਰੀ ਕਿਸਾਨ ਸਭਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਸਟੇਜ ਦੀ ਕਾਰਵਾਈ ਬਲਰਾਜ ਮੌੜ ਵੱਲੋਂ ਨਿਭਾਈ।