ਚੰਦਭਾਨ ਡਰੇਨ ’ਚ ਬਠਿੰਡਾ ਦਾ ਗੰਦਾ ਪਾਣੀ ਸੁੱਟਣ ਖ਼ਿਲਾਫ਼ ਬੀਕੇਯੂ ਮਾਨਸਾ ਦੀ ਚਿਤਾਵਨੀ ਚੰਦਭਾਨ ਡਰੇਨ ਵਿੱਚ ਬਠਿੰਡਾ ਦਾ ਗੰਦਾ ਪਾਣੀ ਸੁੱਟਣ ਖ਼ਿਲਾਫ਼ ਬੀਕੇਯੂ ਮਾਨਸਾ ਦੀ ਚਿਤਾਵਨੀ
Publish Date: Thu, 09 Jul 2026 04:16 PM (IST)
Updated Date: Thu, 09 Jul 2026 04:18 PM (IST)
ਗੁਰਨੈਬ ਸਾਜਨ, ਪੰਜਾਬੀ ਜਾਗਰਣ ਬੱਲੂਆਣਾ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਨੇ ਚੰਦਭਾਨ ਡਰੇਨ ਵਿਚ ਬਠਿੰਡਾ ਸ਼ਹਿਰ ਦਾ ਗੰਦਾ ਪਾਣੀ ਸੁੱਟੇ ਜਾਣ ਦਾ ਸਖ਼ਤ ਵਿਰੋਧ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਪਾਣੀ ਨੂੰ ਸੋਧ ਕੇ ਖੇਤਾਂ ਵਿਚ ਸਿੰਚਾਈ ਲਈ ਵਰਤਣ ਯੋਗ ਨਾ ਬਣਾਇਆ ਗਿਆ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਮਾਨਸਾ) ਪੰਜਾਬ ਦੇ ਜ਼ਿਲ੍ਹਾ ਬਠਿੰਡਾ ਪ੍ਰਧਾਨ ਗੁਰਪਾਲ ਸਿੰਘ ਕੋਠੇ ਸੰਧੂਆਂ ਦੀ ਅਗਵਾਈ ਹੇਠ ਅਬਲੂ ਨੇੜੇ ਚੰਦਭਾਨ ਡਰੇਨ ਦੇ ਪੁਲ ਤੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ। ਇਸ ਦੌਰਾਨ ਕੋਠੇ ਸੰਧੂਆਂ ਵਾਲਾ, ਕੋਠੇ ਲਾਲ ਸਿੰਘ ਵਾਲਾ ਅਤੇ ਪਿੰਡ ਅਬਲੂ ਦੇ ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਬਠਿੰਡਾ ਸ਼ਹਿਰ ਦਾ ਗੰਦਾ ਪਾਣੀ ਪਾਈਪ ਲਾਈਨ ਰਾਹੀਂ ਡਰੇਨ ਵਿੱਚ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਅਤੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਡਰੇਨ ਵਿੱਚ ਸਿਰਫ਼ ਸੋਧਿਆ ਹੋਇਆ ਪਾਣੀ ਹੀ ਛੱਡਿਆ ਜਾਵੇਗਾ, ਜੋ ਖੇਤੀ ਲਈ ਵੀ ਵਰਤਿਆ ਜਾ ਸਕੇਗਾ। ਪਰ ਕਿਸਾਨਾਂ ਦਾ ਦੋਸ਼ ਹੈ ਕਿ ਅਜੇ ਵੀ ਬਿਨਾਂ ਢੁੱਕਵੇਂ ਸੋਧ ਦੇ ਗੰਦਾ ਪਾਣੀ ਡਰੇਨ ਵਿੱਚ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਇਸ ਵਿੱਚ ਨੇੜਲੇ ਉਦਯੋਗਿਕ ਅਦਾਰਿਆਂ ਦਾ ਕੈਮੀਕਲ ਯੁਕਤ ਪਾਣੀ ਵੀ ਸ਼ਾਮਲ ਹੋ ਸਕਦਾ ਹੈ, ਜਿਸ ਕਾਰਨ ਇਲਾਕੇ ਵਿੱਚ ਬਦਬੂ ਫੈਲ ਰਹੀ ਹੈ ਅਤੇ ਵਾਤਾਵਰਨ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਸ਼ਹਿਰ ਤੋਂ ਕਰੀਬ 32 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਹ ਗੰਦਾ ਪਾਣੀ ਚੰਦਭਾਨ ਡਰੇਨ ਵਿੱਚ ਪਹੁੰਚਦਾ ਹੈ। ਇਸ ਦੇ ਨਾਲ ਹੀ ਡਰੇਨ ਵਿੱਚ ਵੱਡੀ ਮਾਤਰਾ ਵਿੱਚ ਕੇਲੀ (ਜਲ ਬੂਟੀ) ਫੈਲ ਗਈ ਹੈ, ਜਿਸ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਰਹੀ ਹੈ। ਬਰਸਾਤ ਦੇ ਮੌਸਮ ਦੌਰਾਨ ਜੇਕਰ ਡਰੇਨ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਕੇਲੀ ਕਾਰਨ ਪਾਣੀ ਦਾ ਵਹਾਅ ਰੁਕ ਜਾਂਦਾ ਹੈ ਅਤੇ ਡਰੇਨ ਦੇ ਓਵਰਫਲੋ ਹੋਣ ਦਾ ਖ਼ਤਰਾ ਬਣ ਜਾਂਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਭਾਰੀ ਮੀਂਹ ਦੌਰਾਨ ਡਰੇਨ ਦੀ ਪਟੜੀ ਟੁੱਟਦੀ ਹੈ ਤਾਂ ਕੋਠੇ ਸੰਧੂਆਂ ਵਾਲਾ, ਕੋਠੇ ਲਾਲ ਸਿੰਘ ਵਾਲਾ, ਕੋਠੇ ਚੇਤ ਸਿੰਘ ਵਾਲਾ, ਕੋਠੇ ਫੂਲਾ ਸਿੰਘ ਵਾਲਾ, ਚੋਟੀਆਂ, ਕੋਟਭਾਈ ਸਮੇਤ ਦਰਜਨਾਂ ਪਿੰਡ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਚੰਦਭਾਨ ਡਰੇਨ ਦੀ ਪਿਛਲੇ ਕਰੀਬ 25 ਸਾਲਾਂ ਤੋਂ ਸਫ਼ਾਈ ਨਹੀਂ ਹੋਈ, ਜਿਸ ਕਾਰਨ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਖ਼ਤਰਾ ਬਣਿਆ ਰਹਿੰਦਾ ਹੈ। ਜਥੇਬੰਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਚੰਦਭਾਨ ਡਰੇਨ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਅਤੇ ਬਠਿੰਡਾ ਤੋਂ ਆ ਰਹੇ ਗੰਦੇ ਪਾਣੀ ਨੂੰ ਆਧੁਨਿਕ ਤਕਨੀਕ ਨਾਲ ਸੋਧ ਕੇ ਹੀ ਖੇਤਾਂ ਵਿੱਚ ਸਿੰਚਾਈ ਲਈ ਵਰਤਣ ਯੋਗ ਬਣਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਕੋਈ ਕਾਰਵਾਈ ਨਾ ਹੋਈ ਤਾਂ ਆਸ-ਪਾਸ ਦੇ ਪਿੰਡਾਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਅੱਗੇ ਲੰਬਾ ਅਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕੋਠੇ ਸੰਧੂਆਂ ਵਾਲਾ ਦੇ ਨੌਜਵਾਨ ਜਸਕਰਨ ਸਿੰਘ ਨੇ ਦਾਅਵਾ ਕੀਤਾ ਕਿ ਡਰੇਨ ਦਾ ਗੰਦਾ ਪਾਣੀ ਆਸ-ਪਾਸ ਦੇ ਟਿਊਬਵੈੱਲਾਂ ਰਾਹੀਂ ਵੀ ਚੁੱਕਿਆ ਜਾ ਰਿਹਾ ਹੈ, ਜਿਸ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਮੀਕਲ ਯੁਕਤ ਪਾਣੀ ਕਾਰਨ ਇਲਾਕੇ ਦੇ ਲੋਕਾਂ ਵਿੱਚ ਚਮੜੀ ਰੋਗਾਂ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਅਮਰਜੀਤ ਸਿੰਘ ਕੋਠੇ ਲਾਲ ਸਿੰਘ ਵਾਲਾ, ਇਕਾਈ ਪ੍ਰਧਾਨ ਗੁਰਦੀਪ ਸਿੰਘ ਕੋਠੇ ਸੰਧੂਆਂ ਵਾਲਾ, ਮੀਤ ਪ੍ਰਧਾਨ ਗੁਰਮੀਤ ਸਿੰਘ ਨੀਟਾ, ਬਸੰਤ ਸਿੰਘ, ਛਿੰਦਾ ਸਿੰਘ ਸੰਧੂ, ਤਾਰਾ ਸਿੰਘ ਸੰਧੂ, ਦਰਸ਼ਨ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੀਪ ਸਿੰਘ, ਹਰਜਿੰਦਰ ਸਿੰਘ, ਹਰਨੇਕ ਸਿੰਘ, ਵਕੀਲ ਸਿੰਘ, ਜਸਵਿੰਦਰ ਸਿੰਘ, ਗੁਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।