ਕਮਜ਼ੋਰ ਪਿਆ ਮੌਨਸੂਨ, 2 ਜੁਲਾਈ ਤੋਂ ਬਾਅਦ ਨਹੀਂ ਪਿਆ ਚੰਗਾ ਮੀਂਹ, ਜ਼ਿਲ੍ਹੇ ’ਚ ਸੋਕੇ ਵਰਗੇ ਬਣ ਗਏ ਹਾਲਾਤ ਕਮਜ਼ੋਰ ਪਿਆ ਮਾਨਸੂਨ, 2 ਜੁਲਾਈ ਤੋਂ ਬਾਅਦ ਨਹੀਂ ਪਿਆ ਚੰਗਾ ਮੀਂਹ, ਜ਼ਿਲ੍ਹੇ ’ਚ ਸੋਕੇ ਵਰਗੇ ਬਣ ਗਏ ਹਾਲਾਤ
Publish Date: Thu, 09 Jul 2026 04:12 PM (IST)
Updated Date: Thu, 09 Jul 2026 04:15 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਵਿੱਚ ਮਾਨਸੂਨ ਨੇ ਭਾਵੇਂ ਸਮੇਂ ਸਿਰ ਦਸਤਕ ਦੇ ਦਿੱਤੀ ਹੈ, ਪਰ ਇਸ ਦੀ ਰਫ਼ਤਾਰ ਇਸ ਵੇਲੇ ਕਾਫ਼ੀ ਕਮਜ਼ੋਰ ਨਜ਼ਰ ਆ ਰਹੀ ਹੈ। ਬਠਿੰਡਾ ਜ਼ਿਲ੍ਹੇ ਵਿਚ 2 ਜੁਲਾਈ ਨੂੰ 56 ਮਿਲੀਮੀਟਰ ਮੀਂਹ ਪੈਣ ਤੋਂ ਬਾਅਦ ਹੁਣ ਤਕ ਕੋਈ ਢੰਗ ਦੀ ਬਾਰਸ਼ ਨਹੀਂ ਹੋਈ। ਪਿਛਲੇ ਕਈ ਦਿਨਾਂ ਤੋਂ ਆਸਮਾਨ ਵਿਚ ਬੱਦਲ ਤਾਂ ਛਾਏ ਰਹਿੰਦੇ ਹਨ, ਪਰ ਮੀਂਹ ਨਾ ਪੈਣ ਕਾਰਨ ਲੋਕਾਂ ਨੂੰ ਗਰਮੀ ਅਤੇ ਹੁੰਮਸ ਭਰੇ ਮੌਸਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਹਲਕੀ ਤੋਂ ਦਰਮਿਆਨੀ ਵਰਖਾ ਦੀ ਸੰਭਾਵਨਾ ਜਤਾਈ ਗਈ ਸੀ, ਪਰ ਅਨੁਮਾਨਾਂ ਮੁਤਾਬਕ ਮੀਂਹ ਨਾ ਪੈਣ ਕਾਰਨ ਤਾਪਮਾਨ ਅਤੇ ਹਵਾ ਵਿੱਚ ਨਮੀ ਦੋਵਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਵਾਰ ਮੀਂਹ ਨਾਂ ਪੈਣ ਕਾਰਨ ਜ਼ਿਲ੍ਹੇ ਅੰਦਰ ਸੋਕੇ ਵਰਗੇ ਹਾਲਾਤ ਬਣੇ ਹੋਏ ਹਨ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 2 ਜੁਲਾਈ ਨੂੰ ਜ਼ਿਲ੍ਹੇ ਵਿਚ 56 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਸੀ। ਉਸ ਦਿਨ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 20.8 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਬਾਅਦ 3 ਜੁਲਾਈ ਤੋਂ 7 ਜੁਲਾਈ ਤੱਕ ਇੱਕ ਵੀ ਦਿਨ ਕੋਈ ਮਹੱਤਵਪੂਰਨ ਵਰਖਾ ਦਰਜ ਨਹੀਂ ਕੀਤੀ ਗਈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਲਗਾਤਾਰ 36 ਤੋਂ 39 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। 7 ਜੁਲਾਈ ਨੂੰ ਤਾਪਮਾਨ 39 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ, ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਅਤੇ ਹੁੰਮਸ ਦਾ ਸਾਹਮਣਾ ਕਰਨਾ ਪਿਆ। 8 ਜੁਲਾਈ ਨੂੰ ਸਿਰਫ਼ 1.8 ਮਿਲੀਮੀਟਰ ਵਰਖਾ ਦਰਜ ਕੀਤੀ ਗਈ, ਜਿਸ ਨਾਲ ਮੌਸਮ ਵਿਚ ਕੋਈ ਖ਼ਾਸ ਰਾਹਤ ਨਹੀਂ ਮਿਲੀ। ਮੀਂਹ ਦੀ ਘਾਟ ਕਾਰਨ ਦਿਨ ਭਰ ਹੁੰਮਸ ਬਣੀ ਰਹਿੰਦੀ ਹੈ। ਸਵੇਰੇ ਦੇ ਸਮੇਂ ਹਵਾ ਵਿਚ ਨਮੀ ਜ਼ਿਆਦਾ ਹੋਣ ਅਤੇ ਦੁਪਹਿਰ ਵੇਲੇ ਤੇਜ਼ ਧੁੱਪ ਨਿਕਲਣ ਕਾਰਨ ਲੋਕਾਂ ਨੂੰ ਬਹੁਤ ਅਸਹਿਜ ਮੌਸਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਚਾਰ ਤੋਂ ਪੰਜ ਦਿਨਾਂ ਤੋਂ ਇਹੀ ਸਥਿਤੀ ਬਣੀ ਹੋਈ ਹੈ। ਕਈ ਵਾਰ ਸੰਘਣੇ ਬੱਦਲ ਛਾ ਜਾਣ ਦੇ ਬਾਵਜੂਦ ਮੀਂਹ ਨਾ ਪੈਣ ਕਾਰਨ ਲੋਕਾਂ ਦੀਆਂ ਉਮੀਦਾਂ ਵੀ ਟੁੱਟ ਰਹੀਆਂ ਹਨ। ਝੋਨੇ ਦੀ ਫਸਲ ਨੂੰ ਮੀਂਹ ਦੀ ਉਡੀਕ ਮੌਨਸੂਨ ਦੀ ਕਮਜ਼ੋਰ ਸਰਗਰਮੀ ਦਾ ਸਭ ਤੋਂ ਵੱਧ ਅਸਰ ਖੇਤੀਬਾੜੀ ’ਤੇ ਪੈ ਰਿਹਾ ਹੈ। ਬਠਿੰਡਾ ਜ਼ਿਲ੍ਹੇ ਵਿਚ ਇਸ ਸਮੇਂ ਝੋਨੇ ਦੀ ਲਗਭਗ ਸਾਰੀ ਲੁਆਈ ਮੁਕੰਮਲ ਹੋ ਚੁੱਕੀ ਹੈ ਅਤੇ ਫਸਲ ਨੂੰ ਹੁਣ ਲਗਾਤਾਰ ਪਾਣੀ ਦੀ ਲੋੜ ਹੈ। ਜੇਕਰ ਆਉਣ ਵਾਲੇ ਦਿਨਾਂ ਵਿਚ ਚੰਗੀ ਵਰਖਾ ਨਹੀਂ ਹੁੰਦੀ ਤਾਂ ਕਿਸਾਨਾਂ ਨੂੰ ਸਿੰਚਾਈ ਲਈ ਟਿਊਬਵੈੱਲਾਂ ਉੱਤੇ ਨਿਰਭਰ ਹੋਣਾ ਪਵੇਗਾ। ਇਸ ਨਾਲ ਨਾ ਸਿਰਫ਼ ਬਿਜਲੀ ਦੀ ਖਪਤ ਵਿੱਚ ਵਾਧਾ ਹੋਵੇਗਾ, ਜਮੀਨਦੋਜ਼ ਪਾਣੀ ਦੀ ਵਰਤੋਂ ਹੋਵੇਗੀ, ਜਿਹੜਾ ਕਿ ਪਹਿਲਾ ਹੀ ਲਗਾਤਾਰ ਧਰਤੀ ਹੇਠਾਂ ਜਾ ਰਿਹਾ ਹੈ। ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਗਲੇ ਕੁਝ ਦਿਨਾਂ ਵਿਚ ਚੰਗਾ ਮੀਂਹ ਪੈਂਦਾ ਹੈ ਤਾਂ ਖੇਤਾਂ ਵਿੱਚ ਕੁਦਰਤੀ ਤੌਰ ਤੇ ਪਾਣੀ ਦੀ ਪੂਰਤੀ ਹੋ ਜਾਵੇਗੀ। ਇਸ ਨਾਲ ਕਿਸਾਨਾਂ ਦਾ ਸਿੰਚਾਈ ਤੇ ਹੋਣ ਵਾਲਾ ਖਰਚਾ ਘਟੇਗਾ ਅਤੇ ਲਗਾਤਾਰ ਹੇਠਾਂ ਜਾ ਰਹੇ ਭੂ-ਜਲ ਪੱਧਰ ਨੂੰ ਸੰਭਾਲਣ ਵਿੱਚ ਵੀ ਮਦਦ ਮਿਲੇਗੀ। ਇਸ ਤੋਂ ਇਲਾਵਾ ਮਿੱਟੀ ਵਿੱਚ ਲੋੜੀਂਦੀ ਨਮੀ ਬਣੀ ਰਹੇਗੀ, ਜਿਸ ਨਾਲ ਝੋਨੇ ਦੀ ਫਸਲ ਦੇ ਵਿਕਾਸ ਤੇ ਵੀ ਸਕਾਰਾਤਮਕ ਅਸਰ ਪਵੇਗਾ। ਮੀਂਹ ਪੈਣ ਨਾਲ ਬਿਜਲੀ ਦੀ ਮੰਗ ਵੀ ਘਟੇਗੀ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 3 ਤੋਂ 8 ਜੁਲਾਈ ਦੇ ਵਿਚਕਾਰ ਵੱਧ ਤੋਂ ਵੱਧ ਤਾਪਮਾਨ 35 ਤੋਂ 39 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ, ਜਦਕਿ ਹਵਾ ਵਿੱਚ ਨਮੀ ਦਾ ਪੱਧਰ 79 ਤੋਂ 90 ਫ਼ੀਸਦੀ ਤੱਕ ਦਰਜ ਕੀਤਾ ਗਿਆ। ਅਜਿਹੇ ਮੌਸਮ ਵਿਚ ਹੁੰਮਸ ਕਾਫ਼ੀ ਜ਼ਿਆਦਾ ਮਹਿਸੂਸ ਹੁੰਦੀ ਹੈ। ਦੂਜੇ ਪਾਸੇ ਮੀਂਹ ਨਾ ਹੋਣ ਕਾਰਨ ਵਾਸਪੀਕਰਨ ਦੀ ਦਰ ਵੀ ਵਧ ਰਹੀ ਹੈ, ਜਿਸ ਨਾਲ ਖੇਤਾਂ ਦੀ ਨਮੀ ਤੇਜ਼ੀ ਨਾਲ ਘਟ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਮਾਨਸੂਨ ਮੁੜ ਸਰਗਰਮ ਹੁੰਦਾ ਹੈ ਤਾਂ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਵੱਡਾ ਲਾਭ ਹੋਵੇਗਾ, ਕਿਉਂਕਿ ਵਰਖਾ ਨਾਲ ਖੇਤਾਂ ਵਿੱਚ ਪਾਣੀ ਦੀ ਲੋੜ ਕਾਫ਼ੀ ਹੱਦ ਤੱਕ ਪੂਰੀ ਹੋ ਜਾਵੇਗੀ। ਭੂ-ਜਲ ਦੀ ਸੰਭਾਲ ਨੂੰ ਵੀ ਬਲ ਮਿਲੇਗਾ ਅਤੇ ਸਿੰਚਾਈ ਲਈ ਟਿਊਬਵੈੱਲਾਂ ਦੀ ਵਰਤੋਂ ਘਟੇਗੀ। ਮੀਂਹ ਪੈਣ ਨਾਲ ਘਰੇਲੂ ਅਤੇ ਖੇਤੀਬਾੜੀ ਖੇਤਰ ਵਿੱਚ ਬਿਜਲੀ ਦੀ ਮੰਗ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਬਿਜਲੀ ਸਪਲਾਈ ਪ੍ਰਣਾਲੀ ਤੇ ਪੈਣ ਵਾਲਾ ਵਾਧੂ ਦਬਾਅ ਘਟੇਗਾ। ਇਸ ਵੇਲੇ ਲੋਕਾਂ ਅਤੇ ਕਿਸਾਨਾਂ ਦੀਆਂ ਨਜ਼ਰਾਂ ਮਾਨਸੂਨ ਦੀ ਅਗਲੀ ਸਰਗਰਮੀ ਤੇ ਟਿਕੀਆਂ ਹੋਈਆਂ ਹਨ। ਸਭ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਚੰਗੀ ਵਰਖਾ ਹੋਵੇਗੀ, ਜਿਸ ਨਾਲ ਮੌਸਮ ਸੁਹਾਵਣਾ ਬਣੇਗਾ, ਖੇਤੀਬਾੜੀ ਦੇ ਕੰਮਾਂ ਨੂੰ ਰਫ਼ਤਾਰ ਮਿਲੇਗੀ ਅਤੇ ਪਾਣੀ ਤੇ ਬਿਜਲੀ ਦੋਵਾਂ ਦੀ ਬਚਤ ਵਿੱਚ ਵੀ ਮਦਦ ਮਿਲੇਗੀ।