ਮੌੜ ਹਲਕੇ ’ਚ ਸਰਗਰਮ ਹੋਏ ਐਡਵੋਕੇਟ ਨਵਦੀਪ ਸਿੰਘ ਜੀਦਾ, ਆਪ ਦੀ ਟਿਕਟ ’ਤੇ ਮੌੜ ਹਲਕੇ ਤੋਂ ਲੜ ਸਕਦੇ ਹਨ ਚੋਣ ਮੌੜ ਹਲਕੇ ’ਚ ਸਰਗਰਮ ਹੋਏ ਐਡਵੋਕੇਟ ਨਵਦੀਪ ਸਿੰਘ ਜੀਦਾ, ਆਪ ਦੀ ਟਿਕਟ ’ਤੇ ਮੌੜ ਹਲਕੇ ਤੋਂ ਲੜ ਸਕਦੇ ਹਨ ਚੋਣ
Publish Date: Thu, 09 Jul 2026 04:05 PM (IST)
Updated Date: Thu, 09 Jul 2026 04:06 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਅਤੇ ਸ਼ੂਗਰਫੈਡ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਵੱਲੋਂ ਹਲਕੇ ਵਿਚ ਲਗਾਤਾਰ ਵਧਾਈ ਗਈ ਸਰਗਰਮੀ ਨੇ ਸਿਆਸੀ ਮਾਹੌਲ ਨੂੰ ਨਵਾਂ ਰੁਖ ਦਿੱਤਾ ਹੈ। ਪਾਰਟੀ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਉਹ ਹਰ ਰੋਜ਼ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿਚ ਨੁੱਕੜ ਮੀਟਿੰਗਾਂ ਕਰ ਰਹੇ ਹਨ ਅਤੇ ਵਰਕਰਾਂ ਨਾਲ ਰਾਬਤਾ ਮਜ਼ਬੂਤ ਕਰਨ ਦੇ ਨਾਲ-ਨਾਲ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਮੁਹਿੰਮ ਚਲਾ ਰਹੇ ਹਨ। ਸੂਤਰਾਂ ਅਨੁਸਾਰ ਜੀਦਾ ਦੀਆਂ ਲਗਾਤਾਰ ਹੋ ਰਹੀਆਂ ਮੀਟਿੰਗਾਂ ਨੂੰ ਹਲਕੇ ਵਿੱਚ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ-ਨਾਲ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਵੀ ਲੋਕਾਂ ਤਕ ਪਹੁੰਚਾ ਰਹੇ ਹਨ। ਪਾਰਟੀ ਵਰਕਰਾਂ ਨੂੰ ਇੱਕਜੁੱਟ ਕਰਨ ਅਤੇ ਬੂਥ ਪੱਧਰ ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵੀ ਉਹ ਲਗਾਤਾਰ ਸਰਗਰਮ ਹਨ। ਸਿਆਸੀ ਹਲਕਿਆਂ ਵਿਚ ਇਹ ਚਰਚਾ ਵੀ ਜ਼ੋਰਾਂ ਤੇ ਹੈ ਕਿ ਆਮ ਆਦਮੀ ਪਾਰਟੀ ਮੌੜ ਵਿਧਾਨ ਸਭਾ ਹਲਕੇ ਤੋਂ ਐਡਵੋਕੇਟ ਨਵਦੀਪ ਸਿੰਘ ਜੀਦਾ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਹ ਟਿਕਟ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਸਨ, ਪਰ ਆਖਰੀ ਸਮੇਂ ਪਾਰਟੀ ਨੇ ਕਿਸੇ ਹੋਰ ਆਗੂ ਨੂੰ ਮੈਦਾਨ ਵਿੱਚ ਉਤਾਰਿਆ ਸੀ। ਹਾਲਾਂਕਿ ਉਸ ਸਮੇਂ ਵੀ ਜੀਦਾ ਨੇ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਕਾਇਮ ਰੱਖੀ ਅਤੇ ਚੋਣ ਮੁਹਿੰਮ ਵਿੱਚ ਪੂਰੀ ਤਨਦੇਹੀ ਨਾਲ ਕੰਮ ਕੀਤਾ। ਹੁਣ ਬਦਲੇ ਹੋਏ ਸਿਆਸੀ ਹਾਲਾਤਾਂ ਵਿੱਚ ਉਨ੍ਹਾਂ ਦਾ ਨਾਮ ਮੁੜ ਸੰਭਾਵੀ ਉਮੀਦਵਾਰਾਂ ਦੀ ਸੂਚੀ ਵਿਚ ਪ੍ਰਮੁੱਖਤਾ ਨਾਲ ਲਿਆ ਜਾ ਰਿਹਾ ਹੈ। ਪਾਰਟੀ ਦੇ ਅੰਦਰੂਨੀ ਸਰਕਲਾਂ ਵਿੱਚ ਵੀ ਉਨ੍ਹਾਂ ਦੀ ਸਰਗਰਮੀ ਅਤੇ ਸੰਗਠਨਾਤਮਕ ਯੋਗਤਾ ਨੂੰ ਸਕਾਰਾਤਮਕ ਢੰਗ ਨਾਲ ਦੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਪਾਰਟੀ ਨਵੇਂ ਚਿਹਰੇ ਤੇ ਦਾਅ ਖੇਡਦੀ ਹੈ ਤਾਂ ਐਡਵੋਕੇਟ ਨਵਦੀਪ ਸਿੰਘ ਜੀਦਾ ਦਾ ਨਾਮ ਸਭ ਤੋਂ ਅੱਗੇ ਹੋ ਸਕਦਾ ਹੈ। ਦੂਜੇ ਪਾਸੇ ਮੌੜ ਹਲਕੇ ਦੇ ਮੌਜੂਦਾ ਵਿਧਾਇਕ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਸਿਆਸੀ ਚਰਚਾਵਾਂ ਚੱਲ ਰਹੀਆਂ ਹਨ। ਹਲਕੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਲੋਕਾਂ ਦਾ ਇੱਕ ਵੱਡਾ ਵਰਗ ਮੌਜੂਦਾ ਵਿਧਾਇਕ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹੈ। ਇਸ ਕਾਰਨ ਪਾਰਟੀ ਹਾਈਕਮਾਨ ਵੀ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਉਮੀਦਵਾਰ ਬਦਲਣ ਦੇ ਵਿਕਲਪ ਤੇ ਵਿਚਾਰ ਕਰ ਸਕਦੀ ਹੈ। ਹਾਲਾਂਕਿ ਇਸ ਸਬੰਧੀ ਪਾਰਟੀ ਵੱਲੋਂ ਅਜੇ ਤਕ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ। ਐਡਵੋਕੇਟ ਜੀਦਾ ਇਸ ਸਮੇਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ਼ ਵਜੋਂ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਸ ਤੋਂ ਇਲਾਵਾ ਉਹ ਸ਼ੂਗਰਫੈਡ ਦੇ ਚੇਅਰਮੈਨ ਦੇ ਅਹੁਦੇ ਤੇ ਵੀ ਕੰਮ ਕਰ ਰਹੇ ਹਨ। ਪਾਰਟੀ ਸੰਗਠਨ ਅਤੇ ਸਰਕਾਰੀ ਜ਼ਿੰਮੇਵਾਰੀਆਂ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਕਾਰਨ ਉਹ ਲਗਾਤਾਰ ਚਰਚਾ ਵਿੱਚ ਰਹਿੰਦੇ ਹਨ। ਹਾਲਾਂਕਿ ਟਿਕਟ ਸਬੰਧੀ ਅੰਤਿਮ ਫੈਸਲਾ ਪਾਰਟੀ ਹਾਈਕਮਾਨ ਵੱਲੋਂ ਹੀ ਕੀਤਾ ਜਾਣਾ ਹੈ, ਪਰ ਮੌਜੂਦਾ ਸਿਆਸੀ ਹਾਲਾਤਾਂ ਅਤੇ ਜੀਦਾ ਦੀ ਵਧਦੀ ਸਰਗਰਮੀ ਨੂੰ ਦੇਖਦਿਆਂ ਇਹ ਚਰਚਾ ਲਗਾਤਾਰ ਤੇਜ਼ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਇਸ ਵਾਰ ਮੌੜ ਵਿਧਾਨ ਸਭਾ ਹਲਕੇ ਤੋਂ ਨਵੇਂ ਚਿਹਰੇ ਤੇ ਭਰੋਸਾ ਜਤਾਉਂਦਿਆਂ ਐਡਵੋਕੇਟ ਨਵਦੀਪ ਸਿੰਘ ਜੀਦਾ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ।