151 ਬੇਲ ਪੱਤਰ ਦੇ ਬੂਟੇ ਲਾਉਣ ਦੀ ਮੁਹਿੰਮ ਦਾ ਮੇਅਰ ਮਹਿਤਾ ਨੇ ਕੀਤਾ ਆਗਾਜ਼ 151 ਬੇਲ ਪੱਤਰ ਦੇ ਪੌਦੇ ਲਗਾਉਣ ਦੀ ਮੁਹਿੰਮ ਦਾ ਮੇਅਰ ਮਹਿਤਾ ਨੇ ਕੀਤਾ ਆਗਾਜ਼
Publish Date: Wed, 08 Jul 2026 04:48 PM (IST)
Updated Date: Thu, 09 Jul 2026 04:00 AM (IST)
* ਵੱਧ ਤੋਂ ਵੱਧ ਪੌਦੇ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ ਫੋਟੋ:5 ਕੈਪਸ਼ਨ : ਬੇਲ ਪੱਤਰ ਦੇ ਪੌਦੇ ਲਗਾਉਣ ਦੀ ਮੁਹਿੰਮ ਦਾ ਅਗਾਜ਼ ਕਰਦੇ ਮੇਅਰ ਮਹਿਤਾ। ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਅਤੇ ਵਾਤਾਵਰਣ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਐਤਵਾਰ ਨੂੰ ਲੱਡੂ ਗੋਪਾਲ ਸੇਵਾ ਸੰਮਤੀ ਦੇ ਸਹਿਯੋਗ ਨਾਲ 151 ਬੇਲ ਪੱਤਰ ਦੇ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਬੇਲ ਪੱਤਰ ਦਾ ਬੂਟਾ ਲਗਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਵਾਰਡ ਨੰਬਰ 43 ਤੋਂ ਲਿਤੇਸ਼ ਗਰਗ, ਵਾਰਡ ਨੰਬਰ 41 ਤੋਂ ਆਸ਼ੀਸ਼ ਭਾਰਦਵਾਜ, ਲੱਡੂ ਗੋਪਾਲ ਸੇਵਾ ਸਮਿਤੀ ਦੇ ਪ੍ਰਧਾਨ ਸਤਿੰਦਰ ਕੁਮਾਰ, ਵੀਰ ਕਾਲੋਨੀ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਹੈਪੀ ਠੇਕੇਦਾਰ, ਸੰਦੀਪ ਗਰਗ, ਅਮਿਤ ਕੁਮਾਰ, ਮੋਨੂ ਦੀਪ ਅਗਰਵਾਲ, ਪ੍ਰੇਮ ਕੁਮਾਰ, ਸ਼੍ਰੀ ਸੁਸ਼ੀਲ ਕੁਮਾਰ, ਸ਼ੁਭਮ, ਨੀਟੂ ਚਰਨ ਪਾਦੂਕਾ ਵਾਲੇ ਸਮੇਤ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਸ੍ਰੀ ਲੱਡੂ ਗੋਪਾਲ ਸੇਵਾ ਸਮਿਤੀ ਵੱਲੋਂ ਇਸ ਬਰਸਾਤੀ ਮੌਸਮ ਦੌਰਾਨ ਪੂਰੇ ਸ਼ਹਿਰ ਵਿੱਚ 11 ਹਜ਼ਾਰ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜੋ ਵਾਤਾਵਰਣ ਦੀ ਸੰਭਾਲ ਲਈ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਰੱਖਿਆ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਹਰ ਵਿਅਕਤੀ ਘੱਟੋ-ਘੱਟ ਇੱਕ ਪੌਧਾ ਲਗਾ ਕੇ ਉਸ ਦੀ ਸੰਭਾਲ ਕਰੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਣ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਹਰਿਆਲੀ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਅਜਿਹੀਆਂ ਮੁਹਿੰਮਾਂ ਨੂੰ ਹੋਰ ਮਜ਼ਬੂਤੀ ਮਿਲ ਰਹੀ ਹੈ। ਵਧਦੇ ਤਾਪਮਾਨ ਅਤੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਲੋਕਾਂ ਨੂੰ ਆਪਣੇ ਘਰਾਂ, ਗਲੀਆਂ, ਪਾਰਕਾਂ ਅਤੇ ਜਨਤਕ ਥਾਵਾਂ ’ਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਸਮਿਤੀ ਦੇ ਪ੍ਰਧਾਨ ਸਤਿੰਦਰ ਕੁਮਾਰ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਆਪਣੇ ਘਰ, ਦੁਕਾਨ, ਸੰਸਥਾ ਜਾਂ ਕਿਸੇ ਹੋਰ ਥਾਂ ’ਤੇ ਨਿਸ਼ੁਲਕ ਪੌਧਾਰੋਪਣ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਸਮਿਤੀ ਨਾਲ ਸੰਪਰਕ ਕਰ ਸਕਦਾ ਹੈ। ਸਮਿਤੀ ਦੇ ਸੇਵਾਦਾਰ ਮੌਕੇ ’ਤੇ ਪਹੁੰਚ ਕੇ ਮੁਫ਼ਤ ਪੌਦੇ ਲਗਾਉਣਗੇ। ਇਸ ਤੋਂ ਇਲਾਵਾ ਜਿਹੜੇ ਸ਼ਰਧਾਲੂ ਆਪਣੇ ਘਰ ਜਾਂ ਮੰਦਰ ਲਈ ਬੇਲ ਪੱਤਰ ਦੇ ਪੌਦੇ ਲੈਣਾ ਚਾਹੁੰਦੇ ਹਨ, ਉਹ ਵੀ ਸੰਮਤੀ ਨਾਲ ਸੰਪਰਕ ਕਰਕੇ ਮੁਫ਼ਤ ਪੌਦੇ ਪ੍ਰਾਪਤ ਕਰ ਸਕਦੇ ਹਨ।