ਵਿਸ਼ਵ ਜ਼ੂਨੋਸਿਸ ਦਿਵਸ ਮੌਕੇ ਵੈਟਰਨਰੀ ਕਾਲਜ ਤੇ ਏਮਜ਼ ਵੱਲੋਂ ਵਿਗਿਆਨਕ ਸੈਮੀਨਾਰ ਵਿਸ਼ਵ ਜ਼ੂਨੋਸਿਸ ਦਿਵਸ ਮੌਕੇ ਵੈਟਰਨਰੀ ਕਾਲਜ ਤੇ ਏਮਜ਼ ਵੱਲੋਂ ਵਿਗਿਆਨਕ ਸੈਮੀਨਾਰ
Publish Date: Wed, 08 Jul 2026 04:35 PM (IST)
Updated Date: Thu, 09 Jul 2026 04:00 AM (IST)
ਫੋਟੋ:1 ਕੈਪਸ਼ਨ: ਜ਼ੂਨੋਟਿਕ ਬਿਮਾਰੀਆਂ ਦੀ ਰੋਕਥਾਮ” ਵਿਸ਼ੇਕ ਵਿਗਿਆਨਕ ਸੈਮੀਨਾਰ ਦੌਰਾਨ ਹਾਜ਼ਰ ਵਿਗਿਆਨੀ ਅਤੇ ਮਹਿਮਾਨ। ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ : ਵਿਸ਼ਵ ਜ਼ੂਨੋਸਿਸ ਦਿਵਸ ਮੌਕੇ ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਵੱਲੋਂ ਮਾਈਕ੍ਰੋਬਾਇਓਲੋਜੀ ਵਿਭਾਗ ਦੀ ਅਗਵਾਈ ਹੇਠ ਵਾਇਰੋਲੋਜੀ ਰਿਸਰਚ ਡਾਇਗਨੋਸਟਿਕ ਲੈਬੋਰਟਰੀ ਤੇ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ‘ਭਾਈਚਾਰੇ ਦੇ ਸਾਂਝੇ ਸਹਿਯੋਗ ਨਾਲ ਜ਼ੂਨੋਟਿਕ ਬਿਮਾਰੀਆਂ ਦੀ ਰੋਕਥਾਮ’ ਵਿਸ਼ੇ ਤੇ ਇਕ ਰੋਜ਼ਾ ਵਿਗਿਆਨਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਉਦੇਸ਼ ਪਸ਼ੂਆਂ ਤੋਂ ਮਨੁੱਖਾਂ ’ਚ ਫੈਲਣ ਵਾਲੀਆਂ ਜ਼ੂਨੋਟਿਕ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਇਨ੍ਹਾਂ ਦੀ ਰੋਕਥਾਮ ਲਈ ਸਾਂਝੇ ਯਤਨਾਂ ਦੀ ਮਹੱਤਤਾ ਨੂੰ ਉਜਾਗਰ ਕਰਨਾ ਸੀ। ਸੈਮੀਨਾਰ ਦੌਰਾਨ ਕਾਲਜ ਦੇ ਮਾਹਿਰ ਵਿਗਿਆਨੀਆਂ ਡਾ. ਮਨਿੰਦਰ ਸਿੰਘ, ਡਾ. ਸ਼੍ਰੀਕਲਾ ਮੋਹਨਦਾਸ, ਡਾ. ਵਰੁਣ ਬੱਸੇਸਰ ਅਤੇ ਡਾ. ਜੈ ਪ੍ਰਕਾਸ਼ ਯਾਦਵ ਨੇ ਕਿਊ ਫੀਵਰ, ਸਕ੍ਰਬ ਟਾਈਫਸ, ਬਰੂਸੈਲੋਸਿਸ, ਟੀਬੀ. ਅਤੇ ਡਰਮਾਟੋਫਾਈਟਸ ਵਰਗੀਆਂ ਜ਼ੂਨੋਟਿਕ ਬਿਮਾਰੀਆਂ ਸਬੰਧੀ ਨਵੀਆਂ ਖੋਜਾਂ, ਜਨ ਸਿਹਤ ਉੱਤੇ ਉਨ੍ਹਾਂ ਦੇ ਪ੍ਰਭਾਵ ਅਤੇ ਬਚਾਅ ਦੇ ਪ੍ਰਭਾਵਸ਼ਾਲੀ ਉਪਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਏਮਜ਼ ਬਠਿੰਡਾ ਦੇ ਡਾ. ਮਿੰਟੂ ਪਾਲ ਅਤੇ ਡਾ. ਜੈ ਰੰਜਨ ਨੇ ਬਾਇਓਮੈਡੀਕਲ ਖੋਜ ਵਿੱਚ ਪਸ਼ੂਆਂ ਦੀ ਅਹਿਮ ਭੂਮਿਕਾ ਅਤੇ ਰੇਬੀਜ਼ ਦੀ ਰੋਕਥਾਮ ਲਈ ਸਮੇਂ ਸਿਰ ਇਲਾਜ ਅਤੇ ਜਾਗਰੂਕਤਾ ਦੀ ਲੋੜ ਉੱਤੇ ਚਾਨਣਾ ਪਾਇਆ। ਵਕਤਾਵਾਂ ਨੇ ਮਨੁੱਖ, ਪਸ਼ੂ ਅਤੇ ਵਾਤਾਵਰਣ ਦੇ ਆਪਸੀ ਸਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ‘ਵਨ ਹੈਲਥ’ ਸੰਕਲਪ ਨੂੰ ਮੌਜੂਦਾ ਸਮੇਂ ਦੀ ਲੋੜ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜ਼ੂਨੋਟਿਕ ਬਿਮਾਰੀਆਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਮੈਡੀਕਲ ਅਤੇ ਵੈਟਰਨਰੀ ਖੇਤਰਾਂ ਵਿਚਕਾਰ ਤਾਲਮੇਲ ਅਤੇ ਸਾਂਝਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਮੌਕੇ ਏਮਜ਼ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. (ਡਾ.) ਰਤਨ ਗੁਪਤਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਜਨ ਸਿਹਤ ਲਈ ਲਾਭਦਾਇਕ ਦੱਸਿਆ। ਇਸੇ ਲੜੀ ਤਹਿਤ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ਵਿਖੇ ਰੇਬੀਜ਼ ਅਤੇ ਹੋਰ ਜ਼ੂਨੋਟਿਕ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਿਮਾਰੀਆਂ ਤੋਂ ਬਚਾਅ ਅਤੇ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ। ਕਾਲਜ ਦੇ ਡੀਨ ਡਾ. ਕੁਲਦੀਪ ਗੁਪਤਾ ਅਤੇ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਅਧਿਆਪਕਾਂ ਅਤੇ ਵਿਗਿਆਨੀਆਂ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਲਈ ਅਜਿਹੇ ਵਿਗਿਆਨਕ ਅਤੇ ਜਨ-ਜਾਗਰੂਕਤਾ ਸਮਾਗਮ ਨਿਯਮਿਤ ਤੌਰ ਤੇ ਕਰਵਾਏ ਜਾਣੇ ਚਾਹੀਦੇ ਹਨ।