ਮੋਬਾਈਲ ਐਪ ਰਾਹੀਂ ਬੰਦ ਕੀਤੇ ਜਾ ਰਹੇ ਈ-ਰਿਕਸ਼ੇ, ਬਠਿੰਡਾ ’ਚ ਵਾਪਰੀ ਪਹਿਲੀ ਘਟਨਾ ਨੇ ਵਧਾਈ ਚਿੰਤਾ ਮੋਬਾਇਲ ਐਪ ਰਾਹੀਂ ਬੰਦ ਕੀਤੇ ਜਾ ਰਹੇ ਈ-ਰਿਕਸ਼ੇ, ਬਠਿੰਡਾ ਵਿੱਚ ਵਾਪਰੀ ਪਹਿਲੀ ਘਟਨਾ ਨੇ ਵਧਾਈ ਚਿੰਤਾ
Publish Date: Tue, 07 Jul 2026 06:31 PM (IST)
Updated Date: Wed, 08 Jul 2026 04:03 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸੂਬੇ ਭਰ ’ਚ ਈ-ਰਿਕਸ਼ਾ ਚਾਲਕਾਂ ਲਈ ਇਕ ਨਵੀਂ ਤੇ ਹੈਰਾਨੀਜਨਕ ਸਮੱਸਿਆ ਸਾਹਮਣੇ ਆਈ ਹੈ। ਹੁਣ ਤੱਕ ਚੋਰੀ, ਬੈਟਰੀ ਖ਼ਰਾਬ ਹੋਣ ਤੇ ਹਾਦਸਿਆਂ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਈ-ਰਿਕਸ਼ਾ ਚਾਲਕਾਂ ਲਈ ਹੁਣ ਤਕਨੀਕ ਦੀ ਗ਼ਲਤ ਵਰਤੋਂ ਦਾ ਨਵਾਂ ਖਤਰਾ ਪੈਦਾ ਹੋ ਗਿਆ ਹੈ। ਈ-ਰਿਕਸ਼ੇ ਨੂੰ ਹੁਣ ਮੋਬਾਈਲ ਐਪ ਰਾਹੀ ਬੰਦ ਕੀਤਾ ਜਾ ਸਕਦਾ ਹੈ। ਸੋਮਵਾਰ ਦੇਰ ਰਾਤ ਅਜਿਹੀ ਘਟਨਾ ਬਠਿੰਡਾ ਦੇ ਰੇਲਵੇ ਰੋਡ ਨੇੜੇ ਹਸਪਤਾਲ ਬਾਜ਼ਾਰ ਇਲਾਕੇ ’ਚ ਵਾਪਰੀ, ਜਿੱਥੇ ਇਕ ਈ-ਰਿਕਸ਼ਾ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮੋਬਾਈਲ ਐਪ ਰਾਹੀਂ ਬੰਦ ਕਰ ਦਿੱਤਾ ਗਿਆ। ਈ-ਰਿਕਸ਼ਾ ਚਾਲਕ ਰੇਲਵੇ ਸਟੇਸ਼ਨ ਦੇ ਬਾਹਰੋਂ ਸਵਾਰੀ ਲਿਜਾ ਰਿਹਾ ਸੀ। ਰੇਲਵੇ ਸਟੇਸ਼ਨ ਤੋਂ ਕਰੀਬ 500 ਮੀਟਰ ਦੀ ਦੂਰੀ ਤੇ ਪੁੱਜਣ ਮਗਰੋਂ ਅਚਾਨਕ ਈ-ਰਿਕਸ਼ਾ ਬੰਦ ਹੋ ਗਿਆ। ਇਸ ਤੋਂ ਬਾਅਦ ਸਵਾਰੀ ਆਪਣਾ ਸਾਮਾਨ ਲੈ ਕੇ ਦੂਜੇ ਆਟੋ ’ਚ ਚਲੀ ਗਈ, ਜਦਕਿ ਈ-ਰਿਕਸ਼ਾ ਚਾਲਕ ਕਰੀਬ ਦੋ ਘੰਟਿਆਂ ਤੱਕ ਪਰੇਸ਼ਾਨ ਹੁੰਦਾ ਰਿਹਾ। ਚਾਲਕ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਹਨੂੰਮਾਨ ਚੌਕ ਨੇੜੇ ਵੀ ਇਕ ਹੋਰ ਈ-ਰਿਕਸ਼ਾ ਇਸੇ ਤਰ੍ਹਾਂ ਅਚਾਨਕ ਬੰਦ ਹੋ ਗਿਆ ਸੀ। ਦੋਵੇਂ ਘਟਨਾਵਾਂ ’ਚ ਚਾਲਕਾਂ ਨੂੰ ਕਾਫ਼ੀ ਸਮੇਂ ਤੱਕ ਸਮਝ ਨਹੀਂ ਆਇਆ ਕਿ ਆਖ਼ਰ ਵਾਹਨ ਅਚਾਨਕ ਕਿਉਂ ਬੰਦ ਹੋ ਗਿਆ। ਘਟਨਾ ਦੌਰਾਨ ਉੱਥੋਂ ਲੰਘ ਰਹੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਭੀੜ ਦੇਖ ਕੇ ਮਾਮਲੇ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਸੰਸਥਾ ਦੇ ਮੈਂਬਰਾਂ ਨੇ ਮੋਬਾਈਲ ਤੇ ਸਬੰਧਤ ਐਪ ਡਾਊਨਲੋਡ ਕਰ ਕੇ ਲੋੜੀਂਦੀ ਪ੍ਰਕਿਰਿਆ ਪੂਰੀ ਕੀਤੀ, ਜਿਸ ਤੋਂ ਬਾਅਦ ਈ-ਰਿਕਸ਼ਾ ਮੁੜ ਚਾਲੂ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ’ਚ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਹੈ, ਜਿਸ ਨੇ ਈ-ਰਿਕਸ਼ਾ ਚਾਲਕਾਂ ਦੇ ਨਾਲ-ਨਾਲ ਆਮ ਲੋਕਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕ ਤਕਨੀਕ ਦੀ ਗ਼ਲਤ ਵਰਤੋਂ ਕਰ ਕੇ ਗ਼ਰੀਬ ਈ-ਰਿਕਸ਼ਾ ਚਾਲਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਅਜਿਹੇ ਲੋਕਾਂ ਦੀ ਪਛਾਣ ਕਰ ਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਿਵੇਂ ਮੋਬਾਈਲ ਐਪ ਰਾਹੀਂ ਈ-ਰਿਕਸ਼ਾ ਹੋ ਜਾਂਦੈ ਬੰਦ? ਤਕਨੀਕੀ ਮਾਹਿਰਾਂ ਅਨੁਸਾਰ ਅੱਜ-ਕੱਲ੍ਹ ਬਾਜ਼ਾਰ ’ਚ ਆਉਣ ਵਾਲੇ ਕਈ ਆਧੁਨਿਕ ਈ-ਰਿਕਸ਼ੇ ਸਮਾਰਟ ਕੰਟਰੋਲ ਸਿਸਟਮ ਨਾਲ ਲੈਸ ਹੁੰਦੇ ਹਨ। ਇਨ੍ਹਾਂ ’ਚ ਵਾਹਨ ਦੇ ਕੰਟਰੋਲਰ ਜਾਂ ਜੀਪੀਐੱਸ ਮਾਡਿਊਲ ਨੂੰ ਮੋਬਾਈਲ ਐਪ ਨਾਲ ਜੋੜਿਆ ਜਾਂਦਾ ਹੈ। ਵੱਖ-ਵੱਖ ਕੰਪਨੀਆਂ ਵੱਲੋਂ ਆਪਣੀਆਂ ਅਧਿਕਾਰਤ ਐਪ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ਰਾਹੀਂ ਵਾਹਨ ਦੀ ਲੋਕੇਸ਼ਨ ਦੇਖੀ ਜਾ ਸਕਦੀ ਹੈ, ਬੈਟਰੀ ਸਥਿਤੀ ਦੀ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਲੋੜ ਪੈਣ ਤੇ ਵਾਹਨ ਨੂੰ ਲਾਕ ਜਾਂ ਅਨਲਾਕ ਵੀ ਕੀਤਾ ਜਾ ਸਕਦਾ ਹੈ। ਜੇਕਰ ਕਿਸੇ ਈ-ਰਿਕਸ਼ੇ ਦਾ ਕੰਟਰੋਲ ਸਿਸਟਮ ਸੁਰੱਖਿਅਤ ਢੰਗ ਨਾਲ ਸੈੱਟ ਨਾ ਕੀਤਾ ਗਿਆ ਹੋਵੇ, ਡਿਫਾਲਟ ਪਾਸਵਰਡ ਨਾ ਬਦਲਿਆ ਗਿਆ ਹੋਵੇ ਜਾਂ ਕਿਸੇ ਅਣਅਧਿਕਾਰਤ ਵਿਅਕਤੀ ਨੂੰ ਵਾਹਨ ਤੱਕ ਡਿਜੀਟਲ ਪਹੁੰਚ ਮਿਲ ਜਾਵੇ ਤਾਂ ਉਹ ਐਪ ਰਾਹੀਂ ਵਾਹਨ ਨੂੰ ਲਾਕ ਕਰ ਸਕਦਾ ਹੈ। ਹਾਲਾਂਕਿ ਇਹ ਸਹੂਲਤ ਮੁੱਖ ਤੌਰ ਤੇ ਚੋਰੀ ਦੀ ਸਥਿਤੀ ’ਚ ਵਾਹਨ ਨੂੰ ਰੋਕਣ ਲਈ ਬਣਾਈ ਗਈ ਹੈ, ਪਰ ਇਸ ਦੀ ਗ਼ਲਤ ਵਰਤੋਂ ਹੋਣ ਦੀ ਸੰਭਾਵਨਾ ਵੀ ਰਹਿੰਦੀ ਹੈ। ਜੇਕਰ ਅਚਾਨਕ ਈ-ਰਿਕਸ਼ਾ ਬੰਦ ਹੋ ਜਾਵੇ ਤਾਂ ਕੀ ਕਰੀਏ? ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ’ਚ ਘਬਰਾਉਣ ਦੀ ਲੋੜ ਨਹੀਂ ਹੈ। ਸਭ ਤੋਂ ਪਹਿਲਾਂ ਵਾਹਨ ਦੀ ਬੈਟਰੀ, ਮੇਨ ਸਵਿੱਚ ਤੇ ਫਿਊਜ਼ ਦੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਸਭ ਕੁਝ ਠੀਕ ਹੋਣ ਦੇ ਬਾਵਜੂਦ ਵਾਹਨ ਚਾਲੂ ਨਹੀਂ ਹੁੰਦਾ ਤਾਂ ਸੰਭਵ ਹੈ ਕਿ ਉਹ ਡਿਜੀਟਲ ਲਾਕ ਮੋਡ ਵਿਚ ਚਲਾ ਗਿਆ ਹੋਵੇਗਾ। ਅਜਿਹੀ ਸਥਿਤੀ ’ਚ ਵਾਹਨ ਬਣਾਉਣ ਵਾਲੀ ਕੰਪਨੀ, ਡੀਲਰ ਜਾਂ ਅਧਿਕਾਰਤ ਸਰਵਿਸ ਸੈਂਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜੇਕਰ ਵਾਹਨ ’ਚ ਸਮਾਰਟ ਕੰਟਰੋਲ ਐਪ ਦੀ ਸਹੂਲਤ ਹੈ ਤਾਂ ਅਧਿਕਾਰਤ ਖਾਤੇ ਰਾਹੀਂ ਵਾਹਨ ਨੂੰ ਅਨਲਾਕ ਕੀਤਾ ਜਾ ਸਕਦਾ ਹੈ। ਕਿਸੇ ਅਣਪਛਾਤੇ ਵਿਅਕਤੀ ਵੱਲੋਂ ਦੱਸੀ ਗਈ ਐਪ ਡਾਊਨਲੋਡ ਕਰਨ ਜਾਂ ਆਪਣਾ ਓਟੀਪੀ ਤੇ ਪਾਸਵਰਡ ਸਾਂਝਾ ਕਰਨ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ * ਈ-ਰਿਕਸ਼ਾ ਖ਼ਰੀਦਣ ਤੋਂ ਬਾਅਦ ਪਾਸਵਰਡ ਤੁਰੰਤ ਬਦਲੋ। * ਵਾਹਨ ਨਾਲ ਜੁੜੀ ਮੋਬਾਈਲ ਐਪ ਸਿਰਫ਼ ਮਾਲਕ ਦੇ ਮੋਬਾਈਲ ’ਚ ਹੀ ਰੱਖੋ। * ਓਟੀਪੀ, ਯੂਜ਼ਰ ਆਈਡੀ ਜਾਂ ਪਾਸਵਰਡ ਕਿਸੇ ਨਾਲ ਸਾਂਝਾ ਨਾ ਕਰੋ। * ਸਮੇਂ-ਸਮੇਂ ਤੇ ਐਪ ਤੇ ਵਾਹਨ ਦਾ ਸਾਫਟਵੇਅਰ ਅਪਡੇਟ ਕਰਵਾਉਂਦੇ ਰਹੋ। * ਜੇਕਰ ਕਿਸੇ ਅਣਜਾਣ ਵਿਅਕਤੀ ਕਾਰਨ ਵਾਹਨ ਬੰਦ ਹੋਣ ਦਾ ਸ਼ੱਕ ਹੋਵੇ ਤਾਂ ਤੁਰੰਤ ਪੁਲਿਸ ਤੇ ਡੀਲਰ ਨੂੰ ਸੂਚਿਤ ਕਰੋ। * ਜਨਤਕ ਥਾਵਾਂ ਤੇ ਕਿਸੇ ਅਜਨਬੀ ਨੂੰ ਵਾਹਨ ਦਾ ਕਿਊਆਰ ਕੋਡ, ਕੰਟਰੋਲਰ ਨੰਬਰ ਜਾਂ ਡਿਜੀਟਲ ਜਾਣਕਾਰੀ ਨਾ ਦਿਖਾਓ। ਪ੍ਰਸ਼ਾਸਨ ਤੇ ਕੰਪਨੀਆਂ ਦੀ ਵੀ ਵਧੀ ਜ਼ਿੰਮੇਵਾਰੀ ਤਕਨੀਕੀ ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਅਜਿਹੇ ਮਾਮਲੇ ਵਧਦੇ ਹਨ ਤਾਂ ਨਿਰਮਾਤਾ ਕੰਪਨੀਆਂ ਨੂੰ ਆਪਣੇ ਡਿਜੀਟਲ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨੇ ਪੈਣਗੇ। ਵਾਹਨਾਂ ’ਚ ਦੋ ਪੱਧਰੀ ਸੁਰੱਖਿਆ ਪ੍ਰਣਾਲੀ, ਮਜ਼ਬੂਤ ਪਾਸਵਰਡ ਸਿਸਟਮ ਤੇ ਮਾਲਕ ਦੀ ਪਛਾਣ ਤੋਂ ਬਿਨਾਂ ਵਾਹਨ ਨੂੰ ਲਾਕ ਜਾਂ ਅਨਲਾਕ ਨਾ ਕਰਨ ਵਰਗੀਆਂ ਸਹੂਲਤਾਂ ਲਾਜ਼ਮੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਪੁਲਿਸ ਤੇ ਸਾਈਬਰ ਸੈੱਲ ਨੂੰ ਵੀ ਅਜਿਹੇ ਮਾਮਲਿਆਂ ਦੀ ਜਾਂਚ ਕਰਨੀ ਹੋਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਕੋਈ ਵਿਅਕਤੀ ਤਕਨੀਕੀ ਖਾਮੀਆਂ ਦਾ ਫਾਇਦਾ ਚੁੱਕ ਕੇ ਗਰੀਬ ਈ-ਰਿਕਸ਼ਾ ਚਾਲਕਾਂ ਨੂੰ ਨਿਸ਼ਾਨਾ ਤਾਂ ਨਹੀਂ ਬਣਾ ਰਿਹਾ।