ਨਗਰ ਨਿਗਮ ਦੇ ਨਵੇਂ ਹਾਊਸ ਦੀ ਪਹਿਲੀ ਮੀਟਿੰਗ ਭਲਕੇ, 94 ਵਿਕਾਸ ਕਾਰਜਾਂ ਸਮੇਤ ਕਈ ਅਹਿਮ ਮਤਿਆਂ 'ਤੇ ਹੋਵੇਗੀ ਚਰਚਾ ਨਗਰ ਨਿਗਮ ਦੇ ਨਵੇਂ ਹਾਊਸ ਦੀ ਪਹਿਲੀ ਮੀਟਿੰਗ 8 ਜੁਲਾਈ ਨੂੰ, 94 ਵਿਕਾਸ ਕਾਰਜਾਂ ਸਮੇਤ ਕਈ ਅਹਿਮ ਮਤਿਆਂ 'ਤੇ ਹੋਵੇਗੀ ਚਰਚਾ
Publish Date: Mon, 06 Jul 2026 05:29 PM (IST)
Updated Date: Mon, 06 Jul 2026 05:30 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਨਗਰ ਨਿਗਮ ਦੇ ਨਵੇਂ ਹਾਊਸ ਦੇ ਗਠਨ ਤੋਂ ਬਾਅਦ ਪਹਿਲੀ ਜਨਰਲ ਹਾਊਸ ਮੀਟਿੰਗ 8 ਜੁਲਾਈ ਨੂੰ ਮੇਅਰ ਪਦਮਜੀਤ ਮਹਿਤਾ ਦੀ ਪ੍ਰਧਾਨਗੀ ਹੇਠ ਹੋਵੇਗੀ। ਇਸ ਮੀਟਿੰਗ ਨੂੰ ਨਗਰ ਨਿਗਮ ਦੇ ਨਵੇਂ ਕਾਰਜਕਾਲ ਦੀ ਦਿਸ਼ਾ ਤੈਅ ਕਰਨ ਵਾਲੀ ਪਹਿਲੀ ਅਹਿਮ ਬੈਠਕ ਮੰਨਿਆ ਜਾ ਰਿਹਾ ਹੈ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ, ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ ਦੀ ਸਪਲਾਈ, ਸੜਕਾਂ, ਜਨਤਕ ਸਹੂਲਤਾਂ ਅਤੇ ਪ੍ਰਸ਼ਾਸਨਿਕ ਮਾਮਲਿਆਂ ਨਾਲ ਸਬੰਧਤ ਕੁੱਲ 94 ਵਿਕਾਸ ਕਾਰਜਾਂ ਸਮੇਤ ਕਈ ਮਹੱਤਵਪੂਰਨ ਮਤਿਆਂ ਤੇ ਵਿਚਾਰ ਕਰਕੇ ਮਨਜ਼ੂਰੀ ਦਿੱਤੀ ਜਾਵੇਗੀ। ਮੀਟਿੰਗ ਦੇ ਏਜੰਡੇ ਵਿੱਚ 150 ਆਊਟਸੋਰਸ ਮੁਲਾਜ਼ਮਾਂ ਦਾ ਮੁੱਦਾ ਸਭ ਤੋਂ ਅਹਿਮ ਰਹੇਗਾ। ਸਰਕਾਰ ਵੱਲੋਂ ਪਹਿਲਾਂ ਪਾਸ ਕੀਤਾ ਗਿਆ ਪ੍ਰਸਤਾਵ ਰੱਦ ਹੋਣ ਤੋਂ ਬਾਅਦ ਹੁਣ ਨਗਰ ਨਿਗਮ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਲਈ ਹਾਊਸ ਦੀ ਮਨਜ਼ੂਰੀ ਮੰਗੇਗਾ, ਤਾਂ ਜੋ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਪ੍ਰਭਾਵਿਤ ਨਾ ਹੋਵੇ ਅਤੇ ਮੁਲਾਜ਼ਮਾਂ ਦਾ ਰੁਜ਼ਗਾਰ ਵੀ ਸੁਰੱਖਿਅਤ ਰਹੇ। ਸ਼ਹਿਰ ਵਿੱਚ ਅਧੂਰੇ ਪਏ ਸੜਕ ਨਿਰਮਾਣ ਕਾਰਜਾਂ ਨੂੰ ਮੁੜ ਸ਼ੁਰੂ ਕਰਨ ਲਈ ਵੱਖ-ਵੱਖ ਜ਼ੋਨਾਂ ਦੇ ਸੋਧੇ ਹੋਏ ਅਨੁਮਾਨ (ਐਸਟੀਮੇਟ) ਵੀ ਮਨਜ਼ੂਰੀ ਲਈ ਪੇਸ਼ ਕੀਤੇ ਜਾਣਗੇ। ਉਸਾਰੀ ਸਮੱਗਰੀ ਦੀਆਂ ਵਧੀਆਂ ਕੀਮਤਾਂ ਕਾਰਨ ਪ੍ਰਾਜੈਕਟਾਂ ਦੀ ਲਾਗਤ ਵਿੱਚ ਵਾਧਾ ਹੋਣ ਕਰਕੇ ਨਵੀਂ ਲਾਗਤ ਅਨੁਸਾਰ ਦੁਬਾਰਾ ਟੈਂਡਰ ਜਾਰੀ ਕਰਨ ਦਾ ਪ੍ਰਸਤਾਵ ਵੀ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਸਿਵਲ ਸਟੇਸ਼ਨ ਖੇਤਰ ਦੀਆਂ ਸੜਕਾਂ ਦੀ ਰੀ-ਕਾਰਪੇਟਿੰਗ ਲਈ ਲਗਭਗ 25 ਫ਼ੀਸਦੀ ਵਾਧੂ ਰਾਸ਼ੀ ਮਨਜ਼ੂਰ ਕਰਨ ਦਾ ਮਤਾ ਵੀ ਏਜੰਡੇ ਵਿੱਚ ਸ਼ਾਮਲ ਹੈ। ਮੀਟਿੰਗ ਵਿੱਚ ਮੇਅਰ ਦਫ਼ਤਰ ਲਈ ਨਵੀਂ ਸਰਕਾਰੀ ਗੱਡੀ ਖਰੀਦਣ ਦੇ ਪ੍ਰਸਤਾਵ ਤੇ ਵੀ ਵਿਚਾਰ ਕੀਤਾ ਜਾਵੇਗਾ। ਇਸ ਲਈ ਮਹਿੰਦਰਾ ਬੋਲੇਰੋ ਨਿਓ, ਸਕਾਰਪੀਓ ਕਲਾਸਿਕ, ਥਾਰ ਅਤੇ ਸਕਾਰਪੀਓ-ਐਨ ਸਮੇਤ ਵੱਖ-ਵੱਖ ਮਾਡਲਾਂ ਦੇ ਕੋਟੇਸ਼ਨ ਪੇਸ਼ ਕੀਤੇ ਜਾਣਗੇ। ਇਸ ਦੇ ਨਾਲ ਹੀ ਸ਼ਹਿਰ ਵਿੱਚ ਸੜਕਾਂ ਅਤੇ ਖਾਲੀ ਥਾਵਾਂ ਤੇ ਗੈਰ-ਕਾਨੂੰਨੀ ਢੰਗ ਨਾਲ ਮਲਬਾ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਪ੍ਰਸਤਾਵ ਵੀ ਏਜੰਡੇ ਵਿੱਚ ਹੈ। ਪ੍ਰਸਤਾਵ ਅਨੁਸਾਰ ਅਜਿਹੇ ਵਾਹਨਾਂ ਤੇ 25 ਹਜ਼ਾਰ ਰੁਪਏ ਜੁਰਮਾਨਾ ਲਗਾਉਣ ਦੇ ਨਾਲ ਵਾਹਨ ਜ਼ਬਤ ਕਰਨ ਦੀ ਵੀ ਵਿਵਸਥਾ ਹੋਵੇਗੀ। ਜਨਤਕ ਪਖਾਨਿਆਂ ਦੇ ਸੰਚਾਲਨ ਅਤੇ ਰੱਖ-ਰਖਾਅ ਲਈ ਕਰੀਬ 5.31 ਕਰੋੜ ਰੁਪਏ ਦੀ ਲਾਗਤ ਨਾਲ ਦੋ ਸਾਲ ਲਈ ਨਵਾਂ ਟੈਂਡਰ ਜਾਰੀ ਕਰਨ ਦੀ ਮਨਜ਼ੂਰੀ ਵੀ ਮੰਗੀ ਜਾਵੇਗੀ। ਇਸ ਤੋਂ ਇਲਾਵਾ ਰੋਜ਼ ਗਾਰਡਨ ਵਿੱਚ ਬਣੀ ਨਵੀਂ ਕੈਂਟੀਨ ਨੂੰ ਈ-ਨੀਲਾਮੀ ਰਾਹੀਂ ਤਿੰਨ ਸਾਲ ਲਈ ਕਿਰਾਏ ਤੇ ਦੇਣ ਅਤੇ ਘੱਟੋ-ਘੱਟ 6 ਲੱਖ ਰੁਪਏ ਸਾਲਾਨਾ ਰਾਖਵੀਂ ਕੀਮਤ ਨਿਰਧਾਰਤ ਕਰਨ ਤੇ ਵੀ ਫ਼ੈਸਲਾ ਲਿਆ ਜਾਵੇਗਾ। ਬੈਠਕ ਵਿੱਚ ਸ਼ਹਿਰ ਦੇ ਮੁੱਖ ਜਲਘਰ ਦੀ ਮਸ਼ੀਨਰੀ ਨੂੰ ਮਜ਼ਬੂਤ ਕਰਨ ਦਾ ਕੰਮ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੀ ਥਾਂ ਨਗਰ ਨਿਗਮ ਵੱਲੋਂ ਕਰਵਾਉਣ ਦਾ ਪ੍ਰਸਤਾਵ ਵੀ ਰੱਖਿਆ ਜਾਵੇਗਾ, ਤਾਂ ਜੋ ਪੀਣ ਵਾਲੇ ਪਾਣੀ ਦੀ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਦਾ ਪੱਕਾ ਹੱਲ ਕੀਤਾ ਜਾ ਸਕੇ। ਇਸ ਦੇ ਨਾਲ ਨਿਗਮ ਦੇ ਵਾਹਨਾਂ ਲਈ ਕੰਪਨੀ ਸੰਚਾਲਿਤ ਪੈਟਰੋਲ ਪੰਪ ਸਥਾਪਤ ਕਰਨ, ਮੁੱਖ ਸੜਕਾਂ ਦੀ ਮਸ਼ੀਨੀ ਸਫ਼ਾਈ ਅਤੇ ਪ੍ਰਮੁੱਖ ਬਾਜ਼ਾਰਾਂ ਵਿੱਚ ਬਿਜਲੀ ਦੀਆਂ ਓਵਰਹੈੱਡ ਤਾਰਾਂ ਨੂੰ ਜ਼ਮੀਨ ਹੇਠਾਂ ਕਰਨ ਦੀ ਯੋਜਨਾ ਤੇ ਵੀ ਚਰਚਾ ਹੋਵੇਗੀ। ਸਭ ਤੋਂ ਵੱਡਾ ਏਜੰਡਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ 94 ਨਵੇਂ ਵਿਕਾਸ ਕਾਰਜਾਂ ਨਾਲ ਸਬੰਧਤ ਹੈ। ਇਨ੍ਹਾਂ ਵਿੱਚ ਸੜਕਾਂ ਦਾ ਨਿਰਮਾਣ, ਇੰਟਰਲਾਕਿੰਗ ਟਾਈਲਾਂ, ਸੀਵਰੇਜ ਲਾਈਨਾਂ, ਪਾਰਕਾਂ ਦਾ ਵਿਕਾਸ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਦੀ ਵਿਵਸਥਾ, ਟਿਊਬਵੈੱਲ, ਹੈਂਡਪੰਪ, ਸੜਕਾਂ ਦਾ ਚੌੜੀਕਰਨ, ਵੈਲਕਮ ਗੇਟ, ਮੇਅਰ ਦਫ਼ਤਰ ਦੀ ਇਮਾਰਤ, ਆਡੀਟੋਰੀਅਮ ਦੀ ਮੁਰੰਮਤ, ਉਸਾਰੀ ਅਤੇ ਢਾਹੁਣ ਵਾਲੇ ਮਲਬੇ ਦੀ ਪ੍ਰੋਸੈਸਿੰਗ ਪਲਾਂਟ, ਆਵਾਰਾ ਪਸ਼ੂਆਂ ਲਈ ਏਬੀਸੀ-ਏਆਰਵੀ ਪ੍ਰੋਗਰਾਮ, ਰੇਬੀਜ਼ ਕੰਟਰੋਲ ਮੁਹਿੰਮ, ਮਰੇ ਹੋਏ ਪਸ਼ੂਆਂ ਦੇ ਨਿਪਟਾਰੇ ਲਈ ਇੰਸੀਨਰੇਟਰ, ਸਟਰੀਟ ਲਾਈਟ ਸਮੱਗਰੀ ਦੀ ਖਰੀਦ ਅਤੇ ਆਮ ਮੁਰੰਮਤ ਕਾਰਜ ਸ਼ਾਮਲ ਹਨ। ਮੀਟਿੰਗ ਦੇ ਅੰਤ ਵਿੱਚ ਪੰਜਾਬ ਮਿਉਂਸਪਲ ਐਕਟ-1976 ਤਹਿਤ ਨਵ-ਗਠਿਤ ਚੁਣੇ ਹੋਏ ਹਾਊਸ ਦੀ ਵਿੱਤ ਅਤੇ ਠੇਕਾ ਕਮੇਟੀ ਦੇ ਗਠਨ ਦਾ ਪ੍ਰਸਤਾਵ ਵੀ ਪੇਸ਼ ਕੀਤਾ ਜਾਵੇਗਾ। ਇਹ ਕਮੇਟੀ ਭਵਿੱਖ ਵਿੱਚ ਨਗਰ ਨਿਗਮ ਦੇ ਵਿੱਤੀ ਅਤੇ ਠੇਕਾ ਸਬੰਧੀ ਫ਼ੈਸਲਿਆਂ ਵਿੱਚ ਅਹਿਮ ਭੂਮਿਕਾ ਨਿਭਾਏਗੀ। ਇਸ ਕਾਰਨ ਨਵੇਂ ਹਾਊਸ ਦੀ ਇਹ ਪਹਿਲੀ ਮੀਟਿੰਗ ਸ਼ਹਿਰ ਦੇ ਵਿਕਾਸ ਅਤੇ ਪ੍ਰਸ਼ਾਸਨਿਕ ਫ਼ੈਸਲਿਆਂ ਲਈ ਬੇਹੱਦ ਮਹੱਤਵਪੂਰਨ ਮੰਨੀ ਜਾ ਰਹੀ ਹੈ।