ਵਕੀਲ ਖ਼ਿਲਾਫ਼ ਦਰਜ ਮਾਮਲੇ ਦੇ ਵਿਰੋਧ 'ਚ ਬਾਰ ਐਸੋਸੀਏਸ਼ਨ ਨੇ ਦਿੱਤਾ ਧਰਨਾ, ਜ਼ਿਲ੍ਹਾ ਤੇ ਪੰਜਾਬ ਪੱਧਰ ਦੇ ਸੰਘਰਸ਼ ਵਿੱਢਣ ਦੀ ਚਿਤਾਵਨੀ ਵਕੀਲ ਖ਼ਿਲਾਫ਼ ਦਰਜ ਮਾਮਲੇ ਦੇ ਵਿਰੋਧ 'ਚ ਬਾਰ ਐਸੋਸੀਏਸ਼ਨ ਨੇ ਦਿੱਤਾ ਧਰਨਾ, ਜ਼ਿਲ੍ਹਾ ਤੇ ਪੰਜਾਬ ਪੱਧਰ ਦੇ ਸੰਘਰਸ਼ ਵਿਿੱਢਣ ਦੀ ਚਿਤਾਵਨੀ
Publish Date: Mon, 06 Jul 2026 04:51 PM (IST)
Updated Date: Mon, 06 Jul 2026 04:54 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਐਡਵੋਕੇਟ ਯਾਦਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਖੁਸ਼ਵਿੰਦਰ ਕੌਰ ਵਾਸੀ ਪਿੰਡ ਭਾਗੀਵਾਂਦਰ ਨਾਲ ਜੁੜੇ ਮਾਮਲੇ ਵਿਚ ਇਨਸਾਫ ਦੀ ਮੰਗ ਨੂੰ ਲੈ ਕੇ ਅੱਜ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਵੱਲੋਂ ਥਾਣਾ ਤਲਵੰਡੀ ਸਾਬੋ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਵੱਡੀ ਗਿਣਤੀ ਵਿਚ ਵਕੀਲਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਦੋਸ਼ ਲਾਇਆ ਕਿ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਪ੍ਰਧਾਨ ਐਡਵੋਕੇਟ ਸਤਿੰਦਰ ਸਿੱਧੂ ਨੇ ਕਿਹਾ ਕਿ ਪਿਛਲੇ ਚਾਰ–ਪੰਜ ਦਿਨਾਂ ਤੋਂ ਉਹ ਅਤੇ ਬਾਰ ਐਸੋਸੀਏਸ਼ਨ ਦੇ ਹੋਰ ਮੈਂਬਰ ਲਗਾਤਾਰ ਡੀਐਸਪੀ ਅਤੇ ਐਸਐਚਓ ਨਾਲ ਸੰਪਰਕ ਕਰਕੇ ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਹਰ ਵਾਰ ਭਰੋਸਾ ਦਿੱਤਾ ਗਿਆ ਕਿ ਮਸਲਾ ਹੱਲ ਕਰ ਦਿੱਤਾ ਜਾਵੇਗਾ, ਪਰ ਅਮਲੀ ਤੌਰ ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇੱਕ ਦਿਨ ਪਹਿਲਾਂ ਵੀ ਐਸਐਚਓ ਨੂੰ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਜੇ ਅਗਲੇ ਦਿਨ ਸਵੇਰੇ 11 ਵਜੇ ਤੱਕ ਇਨਸਾਫ ਨਾ ਮਿਲਿਆ ਤਾਂ ਸਮੁੱਚੀ ਬਾਰ ਐਸੋਸੀਏਸ਼ਨ ਥਾਣੇ ਅੱਗੇ ਧਰਨਾ ਦੇਵੇਗੀ, ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਸਬੰਧਤ ਜ਼ਮੀਨੀ ਵਿਵਾਦ ਵਿੱਚ ਮਾਣਯੋਗ ਅਦਾਲਤ ਵੱਲੋਂ ਸਟੇਅ ਆਰਡਰ ਜਾਰੀ ਹੋਣ ਦੇ ਬਾਵਜੂਦ ਕਥਿਤ ਤੌਰ ਤੇ ਵਿਰੋਧੀ ਧਿਰ ਨੂੰ ਜ਼ਮੀਨ ਤੇ ਕਬਜ਼ਾ ਕਰਨ ਤੋਂ ਨਹੀਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਐਡਵੋਕੇਟ ਯਾਦਵਿੰਦਰ ਸਿੰਘ ਦੀ ਪਤਨੀ ਖੁਸ਼ਵਿੰਦਰ ਕੌਰ ਅਤੇ ਹੋਰ ਪਰਿਵਾਰਕ ਮੈਂਬਰ ਜਦੋਂ ਆਪਣੀ ਜ਼ਮੀਨ ਤੇ ਪਾਣੀ ਲਗਾਉਣ ਗਏ ਤਾਂ ਉਨ੍ਹਾਂ ਨਾਲ ਕਥਿਤ ਕੁੱਟਮਾਰ ਕੀਤੀ ਗਈ, ਜਿਸ ਦੌਰਾਨ ਖੁਸ਼ਵਿੰਦਰ ਕੌਰ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੇ ਕੱਪੜੇ ਵੀ ਪਾੜੇ ਗਏ। ਉਨ੍ਹਾਂ ਦਾ ਦੋਸ਼ ਸੀ ਕਿ ਉਨ੍ਹਾਂ ਦੇ ਪੱਖ ਵੱਲੋਂ ਦਿੱਤੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਸਗੋਂ ਉਲਟ ਉਨ੍ਹਾਂ ਖ਼ਿਲਾਫ਼ ਹੀ ਪਰਚਾ ਦਰਜ ਕਰ ਦਿੱਤਾ ਗਿਆ ਅਤੇ ਘਰਾਂ ਤੇ ਪੁਲਿਸ ਰੇਡਾਂ ਸ਼ੁਰੂ ਕਰ ਦਿੱਤੀਆਂ ਗਈਆਂ। ਐਡਵੋਕੇਟ ਸਤਿੰਦਰ ਸਿੱਧੂ ਨੇ ਇਹ ਵੀ ਦੋਸ਼ ਲਾਇਆ ਕਿ ਜੇ ਕਿਸੇ ਪੁਲਿਸ ਅਧਿਕਾਰੀ ਨੇ ਕਿਸੇ ਦੇ ਪ੍ਰਭਾਵ ਜਾਂ ਕਥਿਤ ਪੈਸਿਆਂ ਦੇ ਲੈਣ-ਦੇਣ ਕਾਰਨ ਕਾਰਵਾਈ ਕੀਤੀ ਹੈ ਤਾਂ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸ਼ਨ ਨੇ ਕਦੇ ਵੀ ਧਰਨੇ ਜਾਂ ਟਕਰਾਅ ਦਾ ਰਾਹ ਨਹੀਂ ਚੁਣਿਆ, ਪਰ ਜਦੋਂ ਵਾਰ-ਵਾਰ ਪ੍ਰਸ਼ਾਸਨ ਕੋਲ ਜਾਣ ਦੇ ਬਾਵਜੂਦ ਇਨਸਾਫ ਨਾ ਮਿਲੇ ਤਾਂ ਸੰਘਰਸ਼ ਹੀ ਆਖ਼ਰੀ ਚਾਰਾ ਰਹਿ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਐਡਵੋਕੇਟ ਯਾਦਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ, ਉਨ੍ਹਾਂ ਖ਼ਿਲਾਫ਼ ਦਰਜ ਕੇਸ ਰੱਦ ਕੀਤਾ ਜਾਵੇ, ਖੁਸ਼ਵਿੰਦਰ ਕੌਰ ਤੇ ਹੋਏ ਕਥਿਤ ਹਮਲੇ ਦੀ ਨਿਰਪੱਖ ਜਾਂਚ ਕਰਕੇ ਦੂਜੇ ਪੱਖ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਐਡਵੋਕੇਟ ਸਤਿੰਦਰ ਸਿੱਧੂ ਨੇ ਚਿਤਾਵਨੀ ਦਿੱਤੀ ਕਿ ਜੇ ਬੁੱਧਵਾਰ ਸ਼ਾਮ ਤੱਕ ਮਾਮਲੇ ਦਾ ਸੰਤੋਸ਼ਜਨਕ ਹੱਲ ਨਾ ਹੋਇਆ ਤਾਂ ਬਾਰ ਐਸੋਸੀਏਸ਼ਨ ਮੁੜ ਥਾਣਾ ਤਲਵੰਡੀ ਸਾਬੋ ਅੱਗੇ ਧਰਨਾ ਦੇਵੇਗੀ। ਇਸ ਤੋਂ ਬਾਅਦ ਤਲਵੰਡੀ ਸਾਬੋ ਦੀਆਂ ਅਦਾਲਤਾਂ ਦਾ ਕੰਮਕਾਜ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇਗਾ। ਜੇ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਪਹਿਲਾਂ ਜ਼ਿਲ੍ਹਾ ਪੱਧਰ ਤੇ ਹੜਤਾਲ ਅਤੇ ਉਸ ਤੋਂ ਬਾਅਦ ਪੰਜਾਬ ਭਰ ਦੀਆਂ ਬਾਰ ਐਸੋਸੀਏਸ਼ਨਾਂ ਨੂੰ ਨਾਲ ਲੈ ਕੇ ਪੰਜਾਬ ਪੱਧਰ ਦਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਦੂਜੇ ਪਾਸੇ ਥਾਣਾ ਤਲਵੰਡੀ ਸਾਬੋ ਦੇ ਮੁੱਖ ਅਫ਼ਸਰ ਅਮਰੀਕ ਸਿੰਘ ਨੇ ਦੱਸਿਆ ਕਿ ਮੁਕੱਦਮਾ ਨੰਬਰ 157, ਮਿਤੀ 2 ਜੁਲਾਈ 2026, ਸੰਦੀਪ ਸਿੰਘ ਵੱਡਾ ਪੁੱਤਰ ਗੁਰਮੀਤ ਸਿੰਘ ਵਾਸੀ ਭਾਗੀਵਾਂਦਰ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਦੋਵਾਂ ਧਿਰਾਂ ਵਿਚਾਲੇ ਹੋਏ ਝਗੜੇ ਦਾ ਮਾਮਲਾ ਹੈ। ਖੁਸ਼ਵਿੰਦਰ ਕੌਰ ਵੱਲੋਂ ਦਿੱਤੀ ਰਿਪੋਰਟ ਨੂੰ ਤਸਦੀਕ ਲਈ ਰੱਖਿਆ ਗਿਆ ਹੈ ਅਤੇ ਪੁਲਿਸ ਟੀਮ ਵੱਲੋਂ ਪਿੰਡ ਵਿੱਚ ਪਹੁੰਚ ਕੇ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਅਤੇ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣਦੀ ਹੋਵੇਗੀ, ਉਹ ਦੋਵਾਂ ਧਿਰਾਂ ਸਬੰਧੀ ਅਮਲ ਵਿੱਚ ਲਿਆਂਦੀ ਜਾਵੇਗੀ। ਐਸਐਚਓ ਵੱਲੋਂ ਜਾਂਚ ਕਰਕੇ ਮਾਮਲੇ ਨੂੰ ਕਾਨੂੰਨ ਅਨੁਸਾਰ ਨਿਪਟਾਉਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਫਿਲਹਾਲ ਬਾਰ ਐਸੋਸੀਏਸ਼ਨ ਨੇ ਆਪਣਾ ਧਰਨਾ ਮੁਲਤਵੀ ਕਰ ਦਿੱਤਾ। ਧਰਨੇ ਦੌਰਾਨ ਹਰਦੇਵ ਸਿੰਘ ਭਾਗੀਵਾਂਦਰ, ਅਵਤਾਰ ਸਿੰਘ ਸਿੱਧੂ, ਅਮਰਿੰਦਰ ਸਿੰਘ ਹਨੀ, ਹਰਦੇਵ ਸਿੰਘ ਧਿੰਗੜ, ਜਗਦੀਪ ਸਿੰਘ ਪੂਨੀਆ, ਗੁਰਟੇਕ ਸਿੰਘ ਜਟਾਣਾ, ਗੁਰਪ੍ਰਤਾਪ ਸਿੰਘ ਭਾਕਰ, ਕੁਲਵਿੰਦਰ ਸਿੰਘ ਫੌਜੀ ਤੋਂ ਇਲਾਵਾ ਸਮੁੱਚਾ ਵਕੀਲ ਭਾਈਚਾਰਾ ਮੌਜੂਦ ਸੀ।