ਕੇਂਦਰੀ ਜੇਲ੍ਹ ’ਚ ਹਵਾਲਾਤੀ ਨੇ ਹੈੱਡ ਵਾਰਡਨ ਨਾਲ ਕੀਤੀ ਬਦਸਲੂਕੀ ਕੇਂਦਰੀ ਜੇਲ੍ਹ ’ਚ ਹਵਾਲਾਤੀ ਨੇ ਹੈੱਡ ਵਾਰਡਨ ਨਾਲ ਕੀਤੀ ਬਦਸਲੂਕੀ
Publish Date: Mon, 06 Jul 2026 04:34 PM (IST)
Updated Date: Mon, 06 Jul 2026 04:36 PM (IST)
ਗੁਰਤੇਜ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਇਕ ਹਵਾਲਾਤੀ ਵੱਲੋਂ ਡਿਊਟੀ ਤੇ ਤਾਇਨਾਤ ਹੈੱਡ ਵਾਰਡਰ ਨਾਲ ਬਦਸਲੂਕੀ ਕਰਨ ਅਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੈਂਟ ਪੁਲਿਸ ਨੇ ਕੇਂਦਰੀ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ਤੇ ਹਵਾਲਾਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰਡੈਂਟ ਪਰਮਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਵਿਚ ਬੰਦ ਹਵਾਲਾਤੀ ਸਾਹਿਲਪ੍ਰੀਤ ਵਾਸੀ ਤਰਨਤਾਰਨ ਰੋਡ, ਅੰਮ੍ਰਿਤਸਰ ਨੇ ਡਿਊਟੀ ਦੌਰਾਨ ਹੈੱਡ ਵਾਰਡਰ ਜਗਦੇਵ ਸਿੰਘ ਨਾਲ ਮਾੜਾ ਵਿਵਹਾਰ ਕੀਤਾ। ਸ਼ਿਕਾਇਤ ਅਨੁਸਾਰ ਹਵਾਲਾਤੀ ਨੇ ਜੇਲ੍ਹ ਕਰਮਚਾਰੀ ਨਾਲ ਬਦਤਮੀਜ਼ੀ ਕਰਨ ਦੇ ਨਾਲ-ਨਾਲ ਧੱਕਾ-ਮੁੱਕੀ ਵੀ ਕੀਤੀ, ਜਿਸ ਕਾਰਨ ਸਰਕਾਰੀ ਡਿਊਟੀ ਵਿਚ ਰੁਕਾਵਟ ਪੈਦਾ ਹੋਈ ਅਤੇ ਜੇਲ੍ਹ ਦੇ ਨਿਯਮਾਂ ਦੀ ਉਲੰਘਣਾ ਹੋਈ। ਜੇਲ੍ਹ ਪ੍ਰਸ਼ਾਸਨ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਦੀ ਲਿਖਤੀ ਸ਼ਿਕਾਇਤ ਥਾਣਾ ਕੈਂਟ ਪੁਲਿਸ ਨੂੰ ਭੇਜੀ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਕਥਿਤ ਦੋਸ਼ੀ ਹਵਾਲਾਤੀ ਖ਼ਿਲਾਫ਼ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ, ਜੇਲ੍ਹ ਕਰਮਚਾਰੀ ਨਾਲ ਬਦਸਲੂਕੀ ਕਰਨ ਅਤੇ ਅਪਰਾਧਿਕ ਬਲ ਦੀ ਵਰਤੋਂ ਕਰਨ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕਰ ਲਿਆ। ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਪਰਮਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਹਵਾਲਾਤੀ ਸਾਹਿਲਪ੍ਰੀਤ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।