ਚੋਰੀ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਵਾਸੀਆਂ ’ਚ ਸਹਿਮ ਦਾ ਮਾਹੌਲ ਚੋਰੀ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਵਾਸੀਆਂ ਵਿੱਚ ਡਰ ਤੇ ਸਹਿਮ ਦਾ ਮਾਹੌਲ
Publish Date: Mon, 06 Jul 2026 04:09 PM (IST)
Updated Date: Mon, 06 Jul 2026 04:12 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਸ਼ਹਿਰ ਅੰਦਰ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਪਹਿਲਾਂ ਚੋਰੀਆਂ ਰਾਤ ਸਮੇਂ ਖਾਲੀ ਘਰਾਂ ਵਿੱਚ ਹੁੰਦੀਆਂ ਸਨ ਪਰ ਹੁਣ ਅਪਰਾਧੀ ਲੋਕ ਜਿੱਥੇ ਦਿਨ ਦਿਹਾੜੇ ਚੋਰੀਆਂ ਨੂੰ ਅੰਜਾਮ ਦੇਣ ਲੱਗੇ ਹਨ, ਉਥੇ ਹੀ ਪਰਿਵਾਰਾਂ ਨੂੰ ਬੇਹੋਸ਼ ਕਰਕੇ ਚੋਰੀਆਂ ਕੀਤੀਆਂ ਜਾ ਰਹੀਆਂ। ਜੇਕਰ ਐਤਵਾਰ ਦੀ ਗੱਲ ਕਰੀਏ ਤਾਂ ਸ਼ਹਿਰ ਵਿੱਚ ਤਿੰਨ ਚੋਰੀਆਂ ਹੋਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮਬਾਗ ਰੋਡ ’ਤੇ ਰਹਿਣ ਵਾਲਾ ਇਕ ਪਰਿਵਾਰ ਰਾਤ ਸਮੇਂ ਕੂਲਰ ਲਗਾ ਕੇ ਸੌਂ ਰਿਹਾ ਸੀ। ਇਸ ਦੌਰਾਨ ਅਣਪਛਾਤੇ ਚੋਰ ਉਕਤ ਘਰ ਵਿੱਚ ਦਾਖਲ ਹੋਏ। ਚੋਰਾਂ ਨੇ ਦੱਸਿਆ ਜਾ ਰਿਹਾ ਹੈ ਕਿ ਕੂਲਰ ਵਿੱਚ ਕੋਈ ਬੇਹੋਸ਼ੀ ਵਾਲੀ ਵਸਤੂ ਪਾ ਦਿੱਤੀ, ਜਿਸ ਕਾਰਨ ਸਾਰਾ ਪਰਿਵਾਰ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਚੋਰਾਂ ਨੇ ਬੜੀ ਹੀ ਤਸੱਲੀ ਨਾਲ ਅਲਮਾਰੀਆਂ ਦੀ ਭੰਨਤੋੜ ਕੀਤੀ ਅਤੇ ਇਕ ਇਕ ਚੀਜ਼ ਦੀ ਫਰੋਲਾ ਫਰਾਲੀ ਕਰਦਿਆਂ ਡੇਢ ਤੋਲੇ ਸੋਨਾ, ਅੱਧਾ ਕਿਲੋ ਚਾਂਦੀ, 12 ਤੋਂ 13 ਹਜ਼ਾਰ ਦੀ ਨਗਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ। ਇਸ ਦੌਰਾਨ ਚੋਰਾਂ ਨੇ ਫਰਿਜ ਵਿੱਚੋਂ ਠੰਡਾ ਪਾਣੀ ਕੱਢ ਕੇ ਵੀ ਪੀਤਾ। ਚੋਰਾਂ ਨੂੰ ਇਹ ਪਤਾ ਸੀ ਕਿ ਘਰ ਵਿੱਚ ਪਏ ਪੰਜ ਛੇ ਮੈਂਬਰ ਕੂਲਰ ਵਿੱਚ ਪਾਈ ਕੋਈ ਦਵਾਈ ਕਾਰਨ ਬੇਹੋਸ਼ ਹੋ ਗਏ ਹਨ, ਜਿਸ ਕਾਰਨ ਉਨ੍ਹਾਂ ਬੜੀ ਆਰਾਮ ਨਾਲ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਸਵੇਰੇ 6 ਵਜੇ ਜਦੋਂ ਉਹ ਉੱਠੇ ਤਾਂ ਪਤਾ ਲੱਗਾ ਕਿ ਘਰ ਵਿੱਚ ਚੋਰੀ ਹੋ ਚੁੱਕੀ ਹੈ, ਜਿਸ ਤਰ੍ਹਾਂ ਪਰਿਵਾਰ ਨੂੰ ਬੇਹੋਸ਼ ਕਰਕੇ ਚੋਰੀ ਕਰਨ ਦੀ ਘਟਨਾ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਦੂਜੀ ਘਟਨਾ ਬਸੰਤ ਬਿਹਾਰ ਇਲਾਕੇ ਵਿੱਚ ਹੋਈ ਹੈ ਜਿੱਥੋਂ ਅਣਪਛਾਤੇ ਚੋਰ ਇਕ ਵਰਨਾ ਕਾਰ ਚੋਰੀ ਕਰਕੇ ਲੈ ਗਏ। ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਨੇ ਆਪਣੀ ਕਾਰ ਹਰ ਰੋਜ਼ ਦੀ ਤਰ੍ਹਾਂ ਘਰ ਦੇ ਬਾਹਰ ਖੜੀ ਕੀਤੀ ਸੀ, ਜਿਸ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਫਰਾਰ ਹੋ ਗਏ। ਤੀਜੀ ਘਟਨਾ ਅਜੀਤ ਰੋਡ ’ਤੇ ਸ਼ਾਮ ਕਰੀਬ 4 ਵਜੇ ਵਾਪਰੀ। ਇੱਕ ਨੌਜਵਾਨ ਅਜੀਤ ਰੋਡ ਗਲੀ ਨੰਬਰ 20 ਦੇ ਇਕ ਘਰ ਵਿੱਚ ਗੇਟ ਟੱਪ ਕੇ ਦਾਖਲ ਹੁੰਦਾ। ਉਹ ਉਹ ਘਰ ਦੀਆਂ ਪੌੜੀਆਂ ਰਾਹੀਂ ਛੱਤ ਉੱਪਰ ਜਾਂਦਾ ਹੈ ਅਤੇ ਇਹ ਇੱਧਰ ਉਧਰ ਫਰੋਲਾ ਫਰਾਲੀ ਕਰਦਾ ਹੈ, ਪਰ ਜਦੋਂ ਉਸਦਾ ਕੋਈ ਫਹੁ ਨਹੀਂ ਪੈਂਦਾ ਤਾਂ ਉਹ ਗੇਟ ਦੇ ਨਾਲ ਬਣੇ ਬਾਥਰੂਮ ਵਿਚ ਜਾਂਦਾ ਹੈ। ਉਕਤ ਨੌਜਵਾਨ ਬਾਥਰੂਮ ਵਿੱਚ ਲੱਗਾ ਗੀਜ਼ਰ ਹੀ ਲਾੀ ਲੈਂਦਾ ਹੈ। ਦਿਨ ਸਮੀ ਉਹ ਬੜੇ ਆਰਾਮ ਨਾਲ ਗੀਜਰ ਚੋਰੀ ਕਰਕੇ ਘਰ ਦਾ ਗੇਟ ਟੱਪਦਿਆਂ ਫਰਾਰ ਹੋ ਜਾਂਦਾ ਹੈ। ਦਿਨ ਦਿਹਾੜੇ ਇਸ ਤਰ੍ਹਾਂ ਹੋਈ ਚੋਰੀ ਕਾਰਨ ਲੋਕ ਚਿੰਤਤ ਨਜ਼ਰ ਆ ਰਹੇ ਹਨ ਜਦੋਂ ਕਿ ਦੂਜੇ ਪਾਸੇ ਪਰਿਵਾਰ ਨੂੰ ਬੇਹੋਸ਼ ਕਰਕੇ ਵਾਪਰੀ ਚੋਰੀ ਦੀ ਘਟਨਾ ਕਾਰਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸ਼ਹਿਰ ਦੇ ਲੋਕਾਂ ਦੀ ਮੰਗ ਹੈ ਕਿ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੇ ਚੋਰਾਂ ਨੂੰ ਨੱਥ ਪਾਈ ਜਾ ਸਕੇ।