ਬੈੱਡਰੂਮ ’ਚ ਲੁਕਿਆ ਮਿਲਿਆ ਮਾਈਕ੍ਰੋ ਕੈਮਰਾ, ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ
ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਅਤੇ ਜਾਂਚ ਕਰਨ ਉਪਰੰਤ ਮਾਈਕ੍ਰੋ ਕੈਮਰਾ ਅਤੇ ਚਿੱਪ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
Publish Date: Sat, 04 Jul 2026 04:08 PM (IST)
Updated Date: Sat, 04 Jul 2026 04:13 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਥਾਣਾ ਕੈਨਾਲ ਕਲੋਨੀ ਪੁਲਿਸ ਨੇ ਇਕ ਫਲੈਟ ਦੇ ਬੈੱਡਰੂਮ ਵਿਚ ਲੁਕਿਆ ਹੋਇਆ ਮਾਈਕ੍ਰੋ ਕੈਮਰਾ ਮਿਲਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੈਮਰਾ ਕਿਸ ਨੇ ਅਤੇ ਕਿਸ ਮਕਸਦ ਨਾਲ ਲਗਾਇਆ ਸੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਡੀਡੀ. ਮਿੱਤਲ ਟਾਵਰ, ਬਠਿੰਡਾ ਵਾਸੀ ਮਨਜੀਤ ਕੌਰ ਨੇ ਦੱਸਿਆ ਕਿ ਬੀਤੀ 11 ਜੂਨ ਨੂੰ ਉਹ ਆਪਣੇ ਫਲੈਟ ਵਿੱਚ ਏਅਰ ਕੰਡੀਸ਼ਨਰ (ਏਸੀ) ਦੀ ਮੁਰੰਮਤ ਕਰਵਾਉਣ ਲਈ ਇੱਕ ਮਿਸਤਰੀ ਨੂੰ ਲੈ ਕੇ ਆਈ ਸੀ। ਮੁਰੰਮਤ ਦੌਰਾਨ ਜਦੋਂ ਮਿਸਤਰੀ ਨੇ ਬੈੱਡਰੂਮ ਵਿੱਚ ਲੱਗੇ ਹੋਲਡਰ ਨੂੰ ਖੋਲ੍ਹਿਆ ਤਾਂ ਉਸ ਦੇ ਅੰਦਰ ਇੱਕ ਮਾਈਕ੍ਰੋ ਕੈਮਰਾ ਅਤੇ ਮੈਮੋਰੀ ਚਿੱਪ ਲੱਗੀ ਹੋਈ ਮਿਲੀ। ਸ਼ਿਕਾਇਤਕਰਤਾ ਨੇ ਸ਼ੱਕ ਜਤਾਇਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੀ ਨਿੱਜਤਾ ਭੰਗ ਕਰਨ ਦੀ ਨੀਅਤ ਨਾਲ ਗੁਪਤ ਤੌਰ ਤੇ ਇਹ ਕੈਮਰਾ ਲਗਾਇਆ ਹੋ ਸਕਦਾ ਹੈ।
ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਅਤੇ ਜਾਂਚ ਕਰਨ ਉਪਰੰਤ ਮਾਈਕ੍ਰੋ ਕੈਮਰਾ ਅਤੇ ਚਿੱਪ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਟੀਮ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਸਮੇਤ ਹੋਰ ਤਕਨੀਕੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਤਾਂ ਜੋ ਕੈਮਰਾ ਲਗਾਉਣ ਵਾਲੇ ਵਿਅਕਤੀ ਦੀ ਪਛਾਣ ਕੀਤੀ ਜਾ ਸਕੇ। ਫਿਲਹਾਲ ਕਿਸੇ ਵੀ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।