ਚਿਲਡਰਨ ਹੋਮ ਤੋਂ ਦੋ ਬੱਚੇ ਲਾਪਤਾ, ਅਗਵਾ ਹੋਣ ਦੇ ਸ਼ੱਕ 'ਚ ਮਾਮਲਾ ਦਰਜ
ਦੂਜੇ ਪਾਸੇ ਇਹ ਸਵਾਲ ਉੱਠ ਰਿਹਾ ਹੈ ਕਿ ਚਿਲਡਰਨ ਹੋਮ ਵਿੱਚੋਂ ਬੱਚੇ 5 ਜੂਨ ਨੂੰ ਲਾਪਤਾ ਹੋਏ ਹਨ, ਪਰ ਪੁਲਿਸ ਨੇ ਮਾਮਲਾ ਇਕ ਮਹੀਨੇ ਬਾਅਦ ਦਰਜ ਕੀਤਾ ਹੈ।
Publish Date: Sat, 04 Jul 2026 04:07 PM (IST)
Updated Date: Sat, 04 Jul 2026 04:15 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਬਠਿੰਡਾ ਦੇ ਚਿਲਡਰਨ ਹੋਮ ਤੋਂ ਦੋ ਬੱਚਿਆਂ ਦੇ ਰਹੱਸਮਈ ਢੰਗ ਨਾਲ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਥਾਣਾ ਕੋਤਵਾਲੀ ਪੁਲਿਸ ਨੇ ਅਗਵਾ ਹੋਣ ਦੇ ਸ਼ੱਕ ਦੇ ਆਧਾਰ ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਚਿਆਂ ਦੀ ਭਾਲ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ।
ਚਿਲਡਰਨ ਹੋਮ ਵਿਚੋਂ ਬੱਚੇ ਲਾਪਤਾ ਹੋਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਹੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਜਾਣਕਾਰੀ ਅਨੁਸਾਰ ਚਿਲਡਰਨ ਹੋਮ ਬਠਿੰਡਾ ਦੇ ਸੁਪਰਟੈਂਡੈਂਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਪਵਿੱਤਰ ਅਤੇ ਬਲਵੀਰ ਨਾਮ ਦੇ ਦੋ ਬੱਚੇ ਚਿਲਡਰਨ ਹੋਮ ਵਿੱਚ ਰਹਿ ਰਹੇ ਸਨ, ਪਰ 5 ਜੂਨ 2026 ਨੂੰ ਅਚਾਨਕ ਲਾਪਤਾ ਹੋ ਗਏ। ਸੰਸਥਾ ਦੇ ਕਰਮਚਾਰੀਆਂ ਨੇ ਦੋਵਾਂ ਬੱਚਿਆਂ ਦੀ ਆਪਣੇ ਪੱਧਰ ਤੇ ਕਾਫ਼ੀ ਭਾਲ ਕੀਤੀ, ਪਰ ਉਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ।
ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਸ਼ਿਕਾਇਤ ਦੇ ਆਧਾਰ ਤੇ ਥਾਣਾ ਕੋਤਵਾਲੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਅਗਵਾ ਹੋਣ ਦੇ ਸ਼ੱਕ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਟੀਮ ਵੱਲੋਂ ਚਿਲਡਰਨ ਹੋਮ ਅਤੇ ਇਸ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਬੱਚਿਆਂ ਦੀ ਆਖ਼ਰੀ ਮੌਜੂਦਗੀ ਅਤੇ ਸੰਭਾਵਿਤ ਹਿਲਚਲ ਬਾਰੇ ਕੋਈ ਸੁਰਾਗ ਮਿਲ ਸਕੇ।
ਇਸ ਦੇ ਨਾਲ ਹੀ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਸੰਭਾਵਿਤ ਥਾਵਾਂ ਤੇ ਵੀ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਹਰ ਸੰਭਾਵਿਤ ਪੱਖ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲੋੜ ਪੈਣ ਤੇ ਹੋਰ ਏਜੰਸੀਆਂ ਦੀ ਵੀ ਮਦਦ ਲਈ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਬੱਚਿਆਂ ਨੂੰ ਸੁਰੱਖਿਅਤ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮਾਮਲੇ ਦਾ ਖੁਲਾਸਾ ਕਰਨ ਦੀ ਉਮੀਦ ਹੈ।
ਦੂਜੇ ਪਾਸੇ ਇਹ ਸਵਾਲ ਉੱਠ ਰਿਹਾ ਹੈ ਕਿ ਚਿਲਡਰਨ ਹੋਮ ਵਿੱਚੋਂ ਬੱਚੇ 5 ਜੂਨ ਨੂੰ ਲਾਪਤਾ ਹੋਏ ਹਨ, ਪਰ ਪੁਲਿਸ ਨੇ ਮਾਮਲਾ ਇਕ ਮਹੀਨੇ ਬਾਅਦ ਦਰਜ ਕੀਤਾ ਹੈ। ਇਹ ਲਾਪ੍ਰਵਾਹੀ ਚਿਲਡਰਨ ਹੋਮ ਦੇ ਅਧਿਕਕਾਰੀਆਂ ਨੇ ਕੀਤੀ ਹੈ ਜਾਂ ਫ਼ਿਰ ਕੇਸ ਦਰਜ ਕਰਨ ਵਿਚ ਪੁਲਿਸ ਨੇ ਦੇਰੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।