ਸਕੂਲੀ ਬੱਚਿਆਂ ਦਾ 'ਮੈਥ ਫੋਬੀਆ' ਦੂਰ ਕਰਨ ਲਈ ਵੈਦਿਕ ਮੈਥ ਵਰਕਸ਼ਾਪ ਸਕੂਲੀ ਬੱਚਿਆਂ ਦਾ 'ਮੈਥ ਫੋਬੀਆ' ਦੂਰ ਕਰਨ ਲਈ ਵੈਦਿਕ ਮੈਥ ਵਰਕਸ਼ਾਪ
Publish Date: Fri, 03 Jul 2026 04:26 PM (IST)
Updated Date: Fri, 03 Jul 2026 04:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੋੜ ਮੰਡੀ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੋੜ ਮੰਡੀ ਵਿਖੇ ਵਿਦਿਆਰਥੀਆਂ ਦੇ ਮਨਾਂ ਵਿੱਚੋਂ ਗਣਿਤ ਵਿਸ਼ੇ ਦੇ ਭੈਅ (ਮੈਥ ਫੋਬੀਆ) ਨੂੰ ਖ਼ਤਮ ਕਰਨ ਅਤੇ ਇਸ ਪ੍ਰਤੀ ਦਿਲਚਸਪੀ ਪੈਦਾ ਕਰਨ ਦੇ ਮਕਸਦ ਨਾਲ ਇਕ ਰੋਜ਼ਾ ਵੈਦਿਕ ਮੈਥ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਮਮਤਾ ਖੁਰਾਣਾ ਸੇਠੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਚਮਕੌਰ ਸਿੰਘ ਸਿੱਧੂ ਦੀ ਸਰਪ੍ਰਸਤੀ ਹੇਠ ਲਗਾਈ ਗਈ ਇਸ ਵਿਸ਼ੇਸ਼ ਵਰਕਸ਼ਾਪ ਦੀ ਪ੍ਰਬੰਧਕੀ ਅਗਵਾਈ ਸਕੂਲ ਇੰਚਾਰਜ ਭੁਪਿੰਦਰ ਮਾਨ ਨੇ ਕੀਤੀ। ਇਸ ਮੁਫ਼ਤ ਵਰਕਸ਼ਾਪ ਵਿਚ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਵੈਦਿਕ ਮੈਥ ਟ੍ਰੇਨਰ ਅਤੇ ਸਟੇਟ ਐਵਾਰਡੀ ਅਪੇਕਸ਼ਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਵਿਦਿਆਰਥੀਆਂ ਦੇ ਰੂ-ਬਰੂ ਹੁੰਦਿਆਂ ਅਪੇਕਸ਼ਾ ਨੇ ਵੈਦਿਕ ਗਣਿਤ ਦੇ ਵਿਲੱਖਣ ਸੂਤਰਾਂ ਦੀ ਸਾਂਝ ਪਾਈ। ਉਨ੍ਹਾਂ ਪ੍ਰੈਕਟੀਕਲ ਤਰੀਕੇ ਨਾਲ ਦਿਖਾਇਆ ਕਿ ਕਿਵੇਂ ਵੱਡੀ ਤੋਂ ਵੱਡੀ ਗੁਣਾ, ਭਾਗ, ਵਰਗਮੂਲ ਅਤੇ ਘਣਮੂਲ ਵਰਗੇ ਗੁੰਝਲਦਾਰ ਸਵਾਲਾਂ ਨੂੰ ਬਿਨਾਂ ਕਾਪੀ-ਪੈਨ ਚੁੱਕੇ, ਸਿਰਫ਼ ਕੁਝ ਸਕਿੰਟਾਂ ਵਿੱਚ ਹੱਲ ਕੀਤਾ ਜਾ ਸਕਦਾ ਹੈ। ਵਿਦਿਆਰਥਣਾਂ ਨੂੰ ਜ਼ਿੰਦਗੀ ਵਿੱਚ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕਰਦਿਆਂ ਅਪੇਕਸ਼ਾ ਨੇ ਕਿਹਾ ਗਣਿਤ ਕੋਈ ਡਰਾਉਣਾ ਵਿਸ਼ਾ ਨਹੀਂ ਹੈ। ਜੇਕਰ ਅਸੀਂ ਆਪਣੇ ਪੜ੍ਹਨ ਦੇ ਰਵਾਇਤੀ ਤਰੀਕੇ ਨੂੰ ਬਦਲ ਕੇ ਹਿਸਾਬ ਨਾਲ ਦੋਸਤੀ ਕਰ ਲਈਏ, ਤਾਂ ਇਹ ਦੁਨੀਆ ਦਾ ਸਭ ਤੋਂ ਦਿਲਚਸਪ ਅਤੇ ਮਜ਼ੇਦਾਰ ਵਿਸ਼ਾ ਬਣ ਜਾਂਦਾ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਇਹ ਵੈਦਿਕ ਤਕਨੀਕਾਂ ਸਮੇਂ ਦੀ ਬਚਤ ਲਈ ਬੇਹੱਦ ਕਾਰਗਰ ਸਾਬਤ ਹੁੰਦੀਆਂ ਹਨ। ਆਪਣੀ ਹਮ-ਉਮਰ ਟ੍ਰੇਨਰ ਨੂੰ ਦੇਖ ਬੱਚਿਆਂ ਵਿਚ ਜਾਗਿਆ ਉਤਸ਼ਾਹ। ਵਰਕਸ਼ਾਪ ਦੌਰਾਨ ਸਕੂਲ ਇੰਚਾਰਜ ਭੁਪਿੰਦਰ ਮਾਨ ਨੇ ਅਪੇਕਸ਼ਾ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਮਹਿਜ਼ 17 ਸਾਲ ਦੀ ਨਿੱਕੀ ਉਮਰੇ ਅਪੇਕਸ਼ਾ ਨੇ ਵੈਦਿਕ ਮੈਥ ਵਿੱਚ ਮੁਹਾਰਤ ਹਾਸਲ ਕਰਕੇ ਕਈ ਵਿਸ਼ਵ ਰਿਕਾਰਡ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਸਕੂਲੀ ਵਿਦਿਆਰਥੀ ਆਪਣੀ ਹੀ ਉਮਰ ਦੀ ਕੁੜੀ ਨੂੰ ਸਟੇਜ ਤੋਂ ਇੰਨੇ ਆਤਮ-ਵਿਸ਼ਵਾਸ ਅਤੇ ਸੌਖੇ ਢੰਗ ਨਾਲ ਗਣਿਤ ਦੇ ਗੁਰ ਸਿਖਾਉਂਦੇ ਦੇਖ ਬੇਹੱਦ ਪ੍ਰਭਾਵਿਤ ਅਤੇ ਉਤਸ਼ਾਹਿਤ ਨਜ਼ਰ ਆਏ। ਸਮਾਗਮ ਦੀ ਸਮਾਪਤੀ ਤੇ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਵੱਲੋਂ ਅਪੇਕਸ਼ਾ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਬਲਕ ਰਾਮ, ਕੰਵਲਜੀਤ ਸਿੰਘ, ਰੀਟਾ ਗਰਗ, ਰਮਨਦੀਪ ਕੌਰ, ਹਰਜਿੰਦਰ ਕੌਰ, ਮਧੂ ਬਾਲਾ, ਨੀਰੂ ਬਾਲਾ, ਰਤਜੀਤ ਕੌਰ, ਗੀਤਾ ਰਾਣੀ, ਮਨੀ ਕੌਰ, ਈਸ਼ਾ ਸਿੰਗਲਾ, ਈਸ਼ਾ ਗੋਇਲ ਸਮੇਤ ਸਮੂਹ ਟੀਚਿੰਗ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।