ਮੌਨਸੂਨ ’ਚ ਦੇਰੀ ਤੇ ਬਿਜਲੀ ਕਿੱਲਤ ਕਾਰਨ ਕਿਸਾਨ ਸੋਕੇ ਵਰਗੇ ਹਾਲਾਤ ਨਾਲ ਜੂਝਣ ਲਈ ਮਜਬੂਰ ਮੌਨਸੂਨ ਵਿੱਚ ਦੇਰੀ ਤੇ ਬਿਜਲੀ ਦੀ ਕਮੀ ਕਾਰਨ ਕਿਸਾਨ ਸੋਕੇ ਵਰਗੇ ਹਾਲਾਤਾਂ ਨਾਲ ਜੂਝਣ ਲਈ ਮਜਬੂਰ
Publish Date: Wed, 01 Jul 2026 06:10 PM (IST)
Updated Date: Thu, 02 Jul 2026 04:02 AM (IST)
- ਝੋਨੇ ਨੂੰ ਬਚਾਉਣ ਲਈ ਜਨਰੇਟਰਾਂ ਰਾਹੀਂ ਮਹਿੰਗਾ ਡੀਜ਼ਲ ਫੂਕ ਕੇ ਦੇ ਰਹੇ ਹਨ ਪਾਣੀ - ਰਾਤ ਸਮੇਂ ਨਸ਼ੇੜੀਆਂ ਵੱਲੋਂ ਟਰਾਂਸਫਾਰਮਰਾਂ ਦਾ ਤੇਲ ਅਤੇ ਤਾਰਾਂ ਚੋਰੀ, ਕਿਸਾਨ ਖੁਦ ਦੇ ਰਹੇ ਹਨ ਪਹਿਰਾ ਫੋਟੋ:18,19,20 ਕੈਪਸ਼ਨ: ਪਾਣੀ ਕਮੀ ਕਾਰਨ ਪਿੰਡ ਦਿਓਣ ਦੇ ਕਿਸਾਨ ਬਲਜਿੰਦਰ ਸਿੰਘ ਦੇ ਖੇਤ ਵਿਚ ਸੋਕੇ ਵਰਗੇ ਹਾਲਾਤ ਕੈਪਸ਼ਨ: ਜਨਰੇਟਰ ਨਾਲ ਮੋਟਰ ਚਲਾ ਕੇ ਝੋਨੇ ਦੀ ਫਸਲ ਨੂੰ ਬਚਾਉਣ ਦਾ ਯਤਨ ਕਰਦਾ ਹੋਇਆ ਕਿਸਾਨ ਬਲਜਿੰਦਰ ਸਿੰਘ ਗੁਰਨੈਬ ਸਾਜਨ, ਪੰਜਾਬੀ ਜਾਗਰਣ ਬੱਲੂਆਣਾ : ਪੰਜਾਬ ’ਚ ਮੌਨਸੂਨ ਦੀ ਆਮਦ ਵਿਚ ਹੋ ਰਹੀ ਦੇਰੀ ਅਤੇ ਪਿਛਲੇ ਦਿਨਾਂ ਦੌਰਾਨ ਬਿਜਲੀ ਸਪਲਾਈ ’ਚ ਆਈ ਰੁਕਾਵਟ ਨੇ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ। ਲਗਾਤਾਰ ਪੈ ਰਹੀ ਅੱਤ ਦੀ ਗਰਮੀ ਕਾਰਨ ਖੇਤਾਂ ਵਿੱਚ ਸੋਕੇ ਵਰਗੇ ਹਾਲਾਤ ਬਣ ਗਏ ਹਨ, ਜਿਸ ਕਾਰਨ ਝੋਨੇ ਦੀ ਫ਼ਸਲ ਨੂੰ ਬਚਾਉਣਾ ਕਿਸਾਨਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਬਾਰਿਸ਼ ਨਾ ਹੋਣ ਕਾਰਨ ਕਿਸਾਨ ਮਜਬੂਰੀ ਵਿੱਚ ਜਨਰੇਟਰ ਚਲਾ ਕੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਖੇਤਾਂ ਨੂੰ ਪਾਣੀ ਦੇ ਰਹੇ ਹਨ। ਇਸ ਦੇ ਨਾਲ-ਨਾਲ ਰਾਤ ਦੇ ਸਮੇਂ ਨਸ਼ੇੜੀਆਂ ਵੱਲੋਂ ਖੇਤਾਂ ’ਚ ਲੱਗੇ ਟਰਾਂਸਫਾਰਮਰਾਂ ਦਾ ਤੇਲ ਤੇ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਦੀਆਂ ਘਟਨਾਵਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਬਠਿੰਡਾ ਦੇ ਪਿੰਡ ਦਿਉਣ ਦੇ ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੌਨਸੂਨ ’ਚ ਦੇਰੀ ਕਾਰਨ ਝੋਨੇ ਦੀ ਫ਼ਸਲ ਤੇ ਬੁਰਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਹੁਣ ਬਿਜਲੀ ਮਿਲਣੀ ਸ਼ੁਰੂ ਹੋਈ ਹੈ, ਜਿਸ ਨਾਲ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਝੋਨੇ ਦਾ ਰਕਬਾ ਵੱਧ ਹੋਣ ਕਾਰਨ ਸਿਰਫ਼ ਬਿਜਲੀ ਨਾਲ ਕੰਮ ਨਹੀਂ ਚੱਲਦਾ। ਇਸ ਲਈ ਜਨਰੇਟਰ ਵੀ ਚਲਾਉਣਾ ਪੈਂਦਾ ਹੈ, ਜੋ ਹਰ ਘੰਟੇ ਕਰੀਬ ਚਾਰ ਲੀਟਰ ਡੀਜ਼ਲ ਦੀ ਖਪਤ ਕਰਦਾ ਹੈ। ਡੀਜ਼ਲ ਦੀਆਂ ਉੱਚੀਆਂ ਕੀਮਤਾਂ ਕਾਰਨ ਸਿੰਚਾਈ ਦਾ ਖਰਚਾ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਰਮੀ ਇੰਨੀ ਜ਼ਿਆਦਾ ਹੈ ਕਿ ਰਾਤ ਨੂੰ ਲਾਇਆ ਪਾਣੀ ਅਗਲੇ ਦਿਨ ਸ਼ਾਮ ਤੱਕ ਖੇਤਾਂ ਵਿੱਚ ਨਹੀਂ ਟਿਕਦਾ। ਅਜਿਹੇ ਹਾਲਾਤਾਂ ਵਿੱਚ ਨਾ ਤਾਂ ਫ਼ਸਲ ਨੂੰ ਲੋੜੀਂਦੀ ਨਮੀ ਮਿਲ ਰਹੀ ਹੈ ਅਤੇ ਨਾ ਹੀ ਕੀਟਨਾਸ਼ਕਾਂ ਦੀ ਸਪਰੇਅ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕਰੀਬ 30 ਕਿੱਲੇ ਝੋਨਾ ਲਗਾਇਆ ਜਾ ਚੁੱਕਾ ਹੈ, ਜਦਕਿ ਸੱਤ ਕਿੱਲੇ ਹੋਰ ਲਗਾਉਣਾ ਬਾਕੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਨਾ ਹੋਈ ਤਾਂ ਝੋਨੇ ਦੀ ਪਨੀਰੀ ਦੀ ਉਮਰ ਵੱਧ ਜਾਵੇਗੀ, ਜਿਸ ਨਾਲ ਫ਼ਸਲ ਦੇ ਝਾੜ ਤੇ ਸਿੱਧਾ ਅਸਰ ਪਵੇਗਾ। ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਆਮ ਤੌਰ ਤੇ 35 ਦਿਨਾਂ ਦੀ ਪਨੀਰੀ ਖੇਤ ਵਿੱਚ ਲਗਾਈ ਜਾਂਦੀ ਹੈ, ਪਰ ਬਾਰਿਸ਼ ਨਾ ਹੋਣ ਕਾਰਨ ਹੁਣ ਪਨੀਰੀ 40 ਦਿਨਾਂ ਤੋਂ ਵੀ ਵੱਧ ਦੀ ਹੋ ਗਈ ਹੈ। ਜੇਕਰ ਇੱਕ ਹਫ਼ਤਾ ਹੋਰ ਮੀਂਹ ਨਾ ਪਿਆ ਤਾਂ ਇਹ 48 ਦਿਨਾਂ ਦੀ ਹੋ ਜਾਵੇਗੀ, ਜਿਸ ਨਾਲ ਝੋਨੇ ਦੀ ਪੈਦਾਵਾਰ ਵਿੱਚ ਵੱਡੀ ਕਮੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਖਾਦ ਦੀ ਮਾਤਰਾ ਵੀ ਵਧਾਉਣੀ ਪਵੇਗੀ, ਜਿਸ ਨਾਲ ਖੇਤੀ ਦੀ ਲਾਗਤ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਕਿਸਾਨਾਂ ਦੀ ਸਾਰੀ ਉਮੀਦ ਕੁਦਰਤ ਅਤੇ ਇੰਦਰ ਦੇਵਤਾ ਤੇ ਹੀ ਟਿਕੀ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਮੌਨਸੂਨ ਦੀ ਦੇਰੀ ਅਤੇ ਸੋਕੇ ਵਰਗੇ ਹਾਲਾਤ ਉਨ੍ਹਾਂ ਦੀ ਫ਼ਸਲ ਨੂੰ ਪ੍ਰਭਾਵਿਤ ਕਰ ਰਹੇ ਹਨ, ਜਦਕਿ ਦੂਜੇ ਪਾਸੇ ਨਸ਼ੇ ਨਾਲ ਜੁੜੇ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਚੋਰੀਆਂ ਨੇ ਉਨ੍ਹਾਂ ਦੀਆਂ ਰਾਤਾਂ ਦੀ ਨੀਂਦ ਵੀ ਖੋਹ ਲਈ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੇਂਡੂ ਖੇਤਰਾਂ ਵਿੱਚ ਬਿਜਲੀ ਸਪਲਾਈ ਨੂੰ ਨਿਰਵਿਘਨ ਬਣਾਇਆ ਜਾਵੇ, ਚੋਰੀ ਦੀਆਂ ਘਟਨਾਵਾਂ ਤੇ ਸਖ਼ਤ ਰੋਕ ਲਾਈ ਜਾਵੇ ਅਤੇ ਕਿਸਾਨਾਂ ਨੂੰ ਇਸ ਔਖੇ ਸਮੇਂ ਦੌਰਾਨ ਹਰ ਸੰਭਵ ਸਹਾਇਤਾ ਦਿੱਤੀ ਜਾਵੇ। ਚੋਰਾਂ ਤੋਂ ਦੁਖੀ ਕਿਸਾਨ ਇਸ ਦੇ ਨਾਲ ਹੀ ਕਿਸਾਨਾਂ ਨੂੰ ਚੋਰੀ ਦੀਆਂ ਘਟਨਾਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਬਲਜਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਤ ਸਮੇਂ ਜਦੋਂ ਇੱਕ ਗੁਆਂਢੀ ਕਿਸਾਨ ਖੇਤ ਵਿੱਚ ਪਾਣੀ ਲਗਾਉਣ ਗਿਆ ਤਾਂ ਦੇਖਿਆ ਕਿ ਸੋਲਰ ਮੋਟਰ ਦੀਆਂ ਤਾਰਾਂ ਕੱਟੀਆਂ ਹੋਈਆਂ ਸਨ। ਕੁਝ ਹੀ ਦਿਨਾਂ ਬਾਅਦ ਚੋਰਾਂ ਨੇ ਟਰਾਂਸਫਾਰਮਰਾਂ ਵਿੱਚੋਂ ਤੇਲ ਅਤੇ ਤਾਰਾਂ ਵੀ ਚੋਰੀ ਕਰ ਲਈਆਂ। ਉਨ੍ਹਾਂ ਕਿਹਾ ਕਿ ਇੱਕ ਵਾਰ ਤਾਰਾਂ ਚੋਰੀ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਲਗਵਾਉਣ ਲਈ ਹਜ਼ਾਰਾਂ ਰੁਪਏ ਖਰਚ ਕਰਨੇ ਪੈਂਦੇ ਹਨ ਅਤੇ ਮਿਸਤਰੀ ਵੀ ਆਸਾਨੀ ਨਾਲ ਨਹੀਂ ਮਿਲਦਾ। ਉਨ੍ਹਾਂ ਦੱਸਿਆ ਕਿ ਚੋਰੀ ਦੀਆਂ ਘਟਨਾਵਾਂ ਸਬੰਧੀ ਪਿੰਡ ਦੇ ਸਰਪੰਚ, ਪੰਚਾਇਤ ਮੈਂਬਰਾਂ ਅਤੇ ਹੋਰ ਕਿਸਾਨਾਂ ਨਾਲ ਮਿਲ ਕੇ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਗਈ, ਪਰ ਹਾਲਾਤਾਂ ਵਿੱਚ ਕੋਈ ਖ਼ਾਸ ਸੁਧਾਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਚੋਰਾਂ ਨੂੰ ਕਾਬੂ ਕਰ ਲੈਣ ਤਾਂ ਉਨ੍ਹਾਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਚੋਰੀਆਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੋ ਰਹੀ। ਇਸ ਕਾਰਨ ਹੁਣ ਕਿਸਾਨਾਂ ਨੇ ਆਪਣੀ ਸੁਰੱਖਿਆ ਦਾ ਜ਼ਿੰਮਾ ਖੁਦ ਚੁੱਕ ਲਿਆ ਹੈ। ਪਿੰਡ ਦੇ ਕਿਸਾਨਾਂ ਨੇ ਆਪਸ ਵਿੱਚ ਮੋਬਾਈਲ ਗਰੁੱਪ ਬਣਾਏ ਹੋਏ ਹਨ ਅਤੇ ਰਾਤ ਸਮੇਂ ਵਾਰੀ-ਵਾਰੀ ਆਪਣੇ ਖੇਤਾਂ ਵਿੱਚ ਪਹਿਰਾ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ ਦਸ ਦਿਨਾਂ ਤੋਂ ਇਸ ਉਪਰਾਲੇ ਕਾਰਨ ਚੋਰੀ ਦੀਆਂ ਘਟਨਾਵਾਂ ਵਿੱਚ ਕੁਝ ਕਮੀ ਆਈ ਹੈ।