ਕੁੱਟਮਾਰ ਦੇ ਦੋਸ਼ ਹੇਠ 21 ਖ਼ਿਲਾਫ਼ ਕੇਸ ਦਰਜ
ਕੁੱਟਮਾਰ ਦੇ ਦੋਸ਼ ਹੇਠ 21 ਵਿਅਕਤੀਆਂ ਖਿਲਾਫ ਕੇਸ ਦਰਜ
Publish Date: Wed, 01 Jul 2026 05:45 PM (IST)
Updated Date: Thu, 02 Jul 2026 09:38 PM (IST)
* ਮਾਮਲੇ ’ਚ ਹਾਲੇ ਤੱਕ ਕਿਸੇ ਮੁਲਜ਼ਮ ਦੀ ਨਹੀਂ ਹੋਈ ਗ੍ਰਿਫ਼ਤਾਰੀ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਮਾਰਕੁੱਟ ਦੇ ਵੱਖ-ਵੱਖ ਮਾਮਲਿਆਂ ’ਚ 21 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਭਗਤਾ ਭਾਈ ਕਾ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਭਗਤਾ ਭਾਈਕਾ ਵਿਖੇ ਕੰਮ ਕਰਨ ਲਈ ਗਿਆ ਸੀ। ਇਸ ਦੌਰਾਨ ਬਬਲੀ ਕੌਰ ਵਾਸੀ ਭੋਡੀਪੁਰਾ, ਗੁਰਮੀਤ ਸਿੰਘ, ਗੁਰਕਿਰਪਾਲ ਸਿੰਘ ਵਾਸੀਆਨ ਪਿੰਡ ਭਗਤਾ, ਇੰਦਰਜੀਤ ਸਿੰਘ ਵਾਸੀ ਪਿੰਡ ਕੋਠਾ ਗੁਰੂ ਕਾ ਅਤੇ ਸਹਿਜਪਾਲ ਸਿੰਘ ਵਾਸੀ ਥਰਾਜ ਨੇ ਆਪਣੇ ਤਿੰਨ-ਚਾਰ ਅਨਪਛਾਤੇ ਸਾਥੀਆਂ ਸਮੇਤ ਉਸ ਦੀ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਕੁੱਟ ਮਾਰ ਦਾ ਕਾਰਨ ਪੀੜਤ ਨੇ ਪੁਰਾਣਾ ਝਗੜਾ ਦੱਸਿਆ ਹੈ। ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਪਰ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਇਸ ਤਰ੍ਹਾਂ ਥਾਣਾ ਰਾਮਾ ਮੰਡੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਅਨਮੋਲ ਬਾਂਸਲ ਵਾਸੀ ਨੇੜੇ ਗੀਤਾ ਭਵਨ ਰਾਮਾ ਮੰਡੀ ਨੇ ਦੱਸਿਆ ਕਿ ਉਹ ਆਪਣੀ ਮਾਤਾ ਗੀਤਾ ਰਾਣੀ, ਚਾਚਾ ਅਨਿਲ ਕੁਮਾਰ ਨਾਲ ਆਪਣੀ ਪਿੰਡ ਮਲਵਾਲਾ ਰੋਡ ’ਤੇ ਸਥਿਤ ਬੰਗੀ ਦੀਪਾ ਵਿਖੇ ਜਮੀਨ ਵਿੱਚ ਗੇੜਾ ਮਾਰਨ ਗਿਆ ਸੀ। ਇਸ ਦੌਰਾਨ ਸੰਦੀਪ ਸਿੰਘ, ਤਰਸੇਮ ਸਿੰਘ, ਗੁਰਸੇਵਕ ਸਿੰਘ, ਗੁਰਮੀਤ ਕੌਰ ਵਾਸੀ ਪਿੰਡ ਦੀਪਾ ਬੰਗੀ ਨੇ ਆਪਣੇ ਦੋ ਤਿੰਨ ਅਣਪਛਾਤੇ ਸਾਥੀਆਂ ਸਮੇਤ ਉਸ ਦੀ ਗੱਡੀ ਨੂੰ ਘੇਰ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਪੀੜਤ ਨੇ ਦੱਸਿਆ ਕਿ ਮੁਲਜਮਾਂ ਨੇ ਡਲੇ ਚੁੱਕ ਕੇ ਗੱਡੀ ਉੱਪਰ ਮਾਰੇ ਜਿਸ ਕਾਰਨ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਪੀੜਤ ਨੇ ਦੱਸਿਆ ਕਿ ਉਨ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਥਾਣਾ ਰਾਮਾ ਮੰਡੀ ਦੇ ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਪਰ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਇਸੇ ਤਰ੍ਹਾਂ ਹੀ ਥਾਣਾ ਸੰਗਤ ਮੰਡੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਸੇਵਕ ਸਿੰਘ ਵਾਸੀ ਸੰਗਤ ਕਲਾਂ ਨੇ ਦੱਸਿਆ ਕਿ ਹਸਨਾ ਸਿੰਘ ਵਾਸੀ ਪਿੰਡ ਸੰਗਤ ਕਲਾਂ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਨੇ ਆਪਣੇ ਅਣਪਛਾਤੇ ਸਾਥੀਆਂ ਸਮੇਤ ਕਿਰਪਾਨ ਨਾਲ ਹਮਲਾ ਕਰਕੇ ਉਸਦੇ ਸੱਟਾਂ ਮਾਰੀਆਂ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਹਮਲੇ ਦਾ ਕਾਰਨ ਪੀੜਤ ਨੇ ਪੁਰਾਣਾ ਝਗੜਾ ਦੱਸਿਆ ਹੈ। ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਮੁਲਜਮਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸੇ ਥਾਣੇ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਇਮਰਾਨ ਵਾਸੀ ਡੂੰਮਵਾਲੀ ਨੇ ਦੱਸਿਆ ਕਿ ਉਹ ਆਪਣੇ ਘਰ ਖਾਣਾ ਖਾ ਰਿਹਾ ਸੀ ਕਿ ਇਸ ਦੌਰਾਨ ਹੀ ਕਲਸੂਮ ਪੁੱਤਰੀ ਮੁਹੰਮਦ ਅਸਲਮ, ਮੁਹੰਮਦ ਸਹਾਬ ਅਤੇ ਰੁਖਸਾਨਾ ਵਾਸੀਆਨ ਮਲੇਰਕੋਟਲਾ ਘਰ ਉਸ ਦੇ ਘਰ ਦਾਖਲ ਹੋਏ ਅਤੇ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਹਮਲਾ ਕਰਨ ਦਾ ਕਾਰਨ ਜਮੀਨੀ ਝਗੜਾ ਦੱਸਿਆ ਜਾ ਰਿਹਾ ਹੈ। ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।