ਥਰਮਲ ਪਲਾਂਟ ਦੇ ਮੁਲਾਜ਼ਮਾਂ ਵੱਲੋਂ ਜੇਤੂ ਰੈਲੀ, 15 ਤੱਕ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਥਰਮਲ ਪਲਾਂਟ ਦੇ ਮੁਲਾਜ਼ਮਾਂ ਵੱਲੋਂ ਜੇਤੂ ਰੈਲੀ, 15 ਜੁਲਾਈ ਤਕ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ
Publish Date: Wed, 01 Jul 2026 05:36 PM (IST)
Updated Date: Thu, 02 Jul 2026 04:02 AM (IST)
- ਠੇਕਾ ਪ੍ਰਣਾਲੀ ਖ਼ਤਮ ਕਰ ਕੇ ਪਾਵਰਕਾਮ ’ਚ ਮਰਜ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਹੜਤਾਲ ਸਮਾਪਤ - ਯੂਨੀਅਨ ਆਗੂਆਂ ਵੱਲੋਂ ਸਰਕਾਰ ਨੂੰ ਨਿਰਧਾਰਤ ਸਮੇਂ ’ਚ ਨਿਯੁਕਤੀ ਪੱਤਰ ਜਾਰੀ ਕਰਨ ਦੀ ਅਪੀਲ ਫੋਟੋ:21 ਕੈਪਸ਼ਨ:ਥਰਮਲ ਕੰਟਰੈਕਟਰ ਵਰਕਰਜ਼ ਸੰਘਰਸ਼ ਕਮੇਟੀ ਵੱਲੋਂ ਕੀਤੀ ਰੈਲੀ ਵਿਚ ਸ਼ਾਮਲ ਮੁਲਾਜ਼ਮ ਹਰਮੇਲ ਸਾਗਰ, ਪੰਜਾਬੀ ਜਾਗਰਣ ਭੁੱਚੋ ਮੰਡੀ : ਥਰਮਲ ਕੰਟਰੈਕਟਰ ਵਰਕਰਜ਼ ਸੰਘਰਸ਼ ਦੀ ਸਾਂਝੀ ਕਮੇਟੀ ਏਟਕ ਪੰਜਾਬ ਦੇ ਸੱਦੇ ਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਵੱਲੋਂ ਚੱਲ ਰਹੀ ਹੜਤਾਲ ਸੋਮਵਾਰ ਨੂੰ 16ਵੇਂ ਦਿਨ ਸਮਾਪਤ ਹੋ ਗਈ। ਹੜਤਾਲ ਦੇ ਖਤਮ ਹੋਣ ਮਗਰੋਂ ਮੁਲਾਜ਼ਮਾਂ ਵੱਲੋਂ ਪਲਾਂਟ ਅੰਦਰ ਜੇਤੂ ਰੈਲੀ ਕੀਤੀ ਗਈ ਤੇ ਸਰਕਾਰ ਤੋਂ 15 ਜੁਲਾਈ ਤੱਕ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਗਈ। ਯਾਦ ਰਹੇ ਕਿ ਠੇਕਾ ਮੁਲਾਜ਼ਮਾਂ ਵੱਲੋਂ ਠੇਕਾ ਪ੍ਰਣਾਲੀ ਖਤਮ ਕਰਕੇ ਪਾਵਰਕਾਮ ਵਿੱਚ ਮਰਜ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ 15 ਦਿਨਾਂ ਤੋਂ ਹੜਤਾਲ ਕੀਤੀ ਜਾ ਰਹੀ ਸੀ, ਜਿਸ ਕਾਰਨ ਥਰਮਲ ਪਲਾਂਟ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋਈ ਸੀ। ਹਾਲਾਂਕਿ 30 ਜੂਨ 2026 ਨੂੰ ਸੀਐਮਡੀ ਪਾਵਰਕਾਮ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਪਾਵਰਕਾਮ ’ਚ ਮਰਜ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਅਤੇ ਜਲਦੀ ਨਿਯੁਕਤੀ ਪੱਤਰ ਜਾਰੀ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਸੀ। ਇਸ ਭਰੋਸੇ ਤੋਂ ਬਾਅਦ ਮੁਲਾਜ਼ਮਾਂ ਨੇ ਹੜਤਾਲ ਵਾਪਸ ਲੈ ਲਈ ਅਤੇ ਅੱਜ ਸਵੇਰੇ 10 ਵਜੇ ਤੋਂ ਆਪਣੀਆਂ ਡਿਊਟੀਆਂ ਮੁੜ ਸੰਭਾਲ ਲਈਆਂ। ਹੜਤਾਲ ਖਤਮ ਹੋਣ ਮਗਰੋਂ ਪਲਾਂਟ ਅੰਦਰ ਆਯੋਜਿਤ ਜੇਤੂ ਰੈਲੀ ਦੌਰਾਨ ਯੂਨੀਅਨ ਆਗੂਆਂ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਇਸ ਸੰਘਰਸ਼ ਨੂੰ ਇਤਿਹਾਸਕ ਜਿੱਤ ਕਰਾਰ ਦਿੱਤਾ। ਜੱਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ ਨੇ ਕਿਹਾ ਕਿ ਇਹ ਸਫਲਤਾ ਮਜ਼ਦੂਰ ਏਕਤਾ, ਸਬਰ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੀ ਲੜਾਈ ਅੱਜ ਇੱਕ ਮਹੱਤਵਪੂਰਨ ਪੜਾਅ ਤੇ ਪਹੁੰਚੀ ਹੈ ਅਤੇ ਇਹ ਮੁਲਾਜ਼ਮਾਂ ਦੇ ਹੱਕਾਂ ਦੀ ਜਿੱਤ ਹੈ। ਉਨ੍ਹਾਂ ਸਮੂਹ ਠੇਕਾ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਆਪਣੇ ਹੱਕਾਂ ਦੀ ਰੱਖਿਆ ਲਈ ਏਕਤਾ ਬਣਾਈ ਰੱਖੀ ਜਾਵੇ। ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਪ੍ਰਬੰਧਨ ਨੂੰ ਅਪੀਲ ਕੀਤੀ ਕਿ ਨੋਟੀਫਿਕੇਸ਼ਨ ਦੀ ਭਾਵਨਾ ਅਨੁਸਾਰ 15 ਜੁਲਾਈ ਤੱਕ ਸਾਰੇ ਯੋਗ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਕੇ ਮਰਜ ਦੀ ਪ੍ਰਕਿਰਿਆ ਨੂੰ ਜਲਦੀ ਪੂਰਾ ਕੀਤਾ ਜਾਵੇ। ਇਸ ਮੌਕੇ ਜੱਥੇਬੰਦੀ ਦੇ ਹੋਰ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਇਹ ਜਿੱਤ ਲੰਬੇ, ਸ਼ਾਂਤਮਈ ਅਤੇ ਅਨੁਸ਼ਾਸਿਤ ਸੰਘਰਸ਼ ਦਾ ਨਤੀਜਾ ਹੈ। ਆਗੂਆਂ ਨੇ ਮੁਲਾਜ਼ਮਾਂ ਵੱਲੋਂ ਦਿਖਾਈ ਗਈ ਏਕਤਾ, ਸੰਜਮ ਅਤੇ ਹੌਸਲੇ ਦੀ ਖੂਬ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਘਰਸ਼ ਦੌਰਾਨ ਕਿਸਾਨ ਜੱਥੇਬੰਦੀਆਂ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਵੱਲੋਂ ਦਿੱਤੇ ਸਹਿਯੋਗ ਨੂੰ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ। ਬੁਲਾਰਿਆਂ ’ਚ ਅਜੀਤਪਾਲ ਸਿੰਘ ਬੇਗਾ, ਏਟਕ ਦੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਬਾਠ, ਜਨਰਲ ਸਕੱਤਰ ਹਰਪ੍ਰੀਤ ਸਿੰਘ, ਇੰਪਲਾਈਜ਼ ਫੈੱਡਰੇਸ਼ਨ ਚਾਹਲ ਦੇ ਆਗੂ ਰਘਵੀਰ ਸਿੰਘ ਸੈਣੀ ਅਤੇ ਬੀਕੇਯੂ ਸਿੱਧੂਪੁਰ ਦੇ ਆਗੂ ਗੁਰਮੇਲ ਸਿੰਘ ਲਹਿਰਾ ਸਮੇਤ ਕਈ ਆਗੂ ਸ਼ਾਮਲ ਸਨ। ਉਨ੍ਹਾਂ ਆਸ ਪ੍ਰਗਟਾਈ ਕਿ ਪਾਵਰਕਾਮ ਪ੍ਰਬੰਧਨ ਨਿਰਧਾਰਤ ਸਮੇਂ ਅੰਦਰ ਨਿਯੁਕਤੀ ਪੱਤਰ ਜਾਰੀ ਕਰਕੇ ਕੀਤੇ ਗਏ ਵਾਅਦੇ ਨੂੰ ਪੂਰਾ ਕਰੇਗਾ, ਤਾਂ ਜੋ ਮੁਲਾਜ਼ਮਾਂ ਨੂੰ ਪੂਰੀ ਤਰ੍ਹਾਂ ਸਥਾਈ ਸੇਵਾ ਵਿੱਚ ਸ਼ਾਮਲ ਕੀਤਾ ਜਾ ਸਕੇ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਇਆ ਜਾ ਸਕੇ।