ਭੁੱਚੋ ਮੰਡੀ ਦੇ ਕਮਿਊਨਿਟੀ ਹੈਲਥ ਸੈਂਟਰ ’ਚ ਡਾਕਟਰ ਸਨਮਾਨਿਤ ਡਾਕਟਰ ਦਿਵਸ ਮੌਕੇ ਭੁੱਚੋ ਮੰਡੀ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਡਾਕਟਰ ਸਨਮਾਨਿਤ
Publish Date: Wed, 01 Jul 2026 05:34 PM (IST)
Updated Date: Thu, 02 Jul 2026 04:02 AM (IST)
- ਦ੍ਰਿਸ਼ਟੀ ਆਈ ਡੋਨੇਸ਼ਨ ਸੋਸਾਇਟੀ ਵੱਲੋਂ ਕਰਵਾਇਆ ਗਿਆ ਸਨਮਾਨ ਸਮਾਗਮ - ਮਰੀਜ਼ਾਂ ਦੀ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਡਾਕਟਰਾਂ ਨੂੰ ਡਾ. ਦੀਪਕ ਅਰੋੜਾ ਯਾਦਗਾਰੀ ਐਵਾਰਡ ਨਾਲ ਨਿਵਾਜਿਆ ਫੋਟੋ:16 ਕੈਪਸ਼ਨ: ਦ੍ਰਿਸ਼ਟੀ ਆਈ ਡੋਨੇਸ਼ਨ ਸੋਸਾਇਟੀ ਦੇ ਅਹੁਦੇਦਾਰ ਡਾ. ਦੀਪਕ ਅਰੋੜਾ ਯਾਦਗਾਰੀ ਐਵਾਰਡ ਨਾਲ ਡਾਕਟਰਾਂ ਨੂੰ ਸਨਮਾਨਿਤ ਕਰਦੇ ਹੋਏ। ਹਰਮੇਲ ਸਾਗਰ, ਪੰਜਾਬੀ ਜਾਗਰਣ ਭੁੱਚੋ ਮੰਡੀ : ਡਾਕਟਰ ਦਿਵਸ ਮੌਕੇ ਦ੍ਰਿਸ਼ਟੀ ਆਈ ਡੋਨੇਸ਼ਨ ਸੁਸਾਇਟੀ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਭੁੱਚੋ ਮੰਡੀ ਵਿਖੇ ਇਕ ਗੌਰਵਮਈ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਮਰੀਜ਼ਾਂ ਦੀ ਸੇਵਾ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਡਾਕਟਰਾਂ ਨੂੰ ਡਾ. ਦੀਪਕ ਅਰੋੜਾ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਨਿਸ਼ਕਾਮ ਸੇਵਾ ਅਤੇ ਸਮਰਪਣ ਨੂੰ ਸਲਾਮ ਕੀਤਾ ਗਿਆ। ਸਮਾਗਮ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਾ ਗਰਗ, ਡਾ. ਅਮੋਲਦੀਪ ਕੌਰ, ਡਾ. ਮੀਨਾਕਸ਼ੀ ਸਿੰਗਲਾ, ਡਾ. ਸਰਬਜੀਤ ਕੌਰ ਅਤੇ ਡਾ. ਰਮਨਦੀਪ ਕੌਰ ਨੂੰ ਮਰੀਜ਼ਾਂ ਪ੍ਰਤੀ ਸੰਵੇਦਨਸ਼ੀਲ ਰਵੱਈਏ, ਉੱਚ ਪੱਧਰੀ ਡਾਕਟਰੀ ਸੇਵਾਵਾਂ ਅਤੇ ਸਿਹਤ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਮਿਸਾਲੀ ਜ਼ਿੰਮੇਵਾਰੀਆਂ ਲਈ ਸਨਮਾਨਿਤ ਕੀਤਾ ਗਿਆ। ਸੋਸਾਇਟੀ ਦੇ ਅਹੁਦੇਦਾਰਾਂ ਨੇ ਡਾਕਟਰਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਭੇਟ ਕਰਕੇ ਉਨ੍ਹਾਂ ਦੀ ਸੇਵਾ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਦ੍ਰਿਸ਼ਟੀ ਆਈ ਡੋਨੇਸ਼ਨ ਸੋਸਾਇਟੀ ਦੇ ਚੇਅਰਮੈਨ ਸੁਸ਼ੀਲ ਨਾਗਪਾਲ, ਸਕੱਤਰ ਪਵਨ ਪੰਕਜ, ਪ੍ਰੈੱਸ ਸਕੱਤਰ ਰਾਜਵਿੰਦਰ ਸਿੰਘ ਰੰਗੀਲਾ, ਇੰਦਰਜੀਤ ਸੈਫਾਲੀ ਅਤੇ ਚਿਰਾਗ ਗਰਗ ਨੇ ਕਿਹਾ ਕਿ ਡਾਕਟਰ ਕੇਵਲ ਇੱਕ ਪੇਸ਼ੇ ਨਾਲ ਹੀ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਨਾਲ ਜੁੜੇ ਹੋਏ ਹਨ। ਉਹ ਹਰ ਹਾਲਾਤ ਵਿੱਚ ਆਪਣਾ ਫ਼ਰਜ਼ ਨਿਭਾਉਂਦੇ ਹੋਏ ਅਨੇਕਾਂ ਲੋਕਾਂ ਦੀ ਜ਼ਿੰਦਗੀ ਬਚਾਉਣ ਅਤੇ ਉਨ੍ਹਾਂ ਨੂੰ ਨਵਾਂ ਜੀਵਨ ਦੇਣ ਦਾ ਮਹਾਨ ਕਾਰਜ ਕਰਦੇ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਨਿਸ਼ਠਾ, ਮਿਹਨਤ ਅਤੇ ਸਮਰਪਣ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ। ਕੋਵਿਡ ਮਹਾਮਾਰੀ ਸਮੇਤ ਹਰ ਔਖੇ ਸਮੇਂ ਦੌਰਾਨ ਡਾਕਟਰਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਸੇਵਾ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਹੈ। ਬੁਲਾਰਿਆਂ ਨੇ ਦੱਸਿਆ ਕਿ ਡਾ. ਦੀਪਕ ਅਰੋੜਾ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ ਇਹ ਸਨਮਾਨ ਉਨ੍ਹਾਂ ਦੇ ਸੇਵਾ ਭਾਵ ਅਤੇ ਮਨੁੱਖਤਾ ਪ੍ਰਤੀ ਸਮਰਪਣ ਨੂੰ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਅਵਾਰਡ ਸਿਹਤ ਖੇਤਰ ਨਾਲ ਜੁੜੇ ਡਾਕਟਰਾਂ ਨੂੰ ਹੋਰ ਵੱਧ ਉਤਸ਼ਾਹ ਅਤੇ ਸਮਰਪਣ ਨਾਲ ਲੋਕ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ। ਸਮਾਗਮ ਦੌਰਾਨ ਡਾਕਟਰਾਂ ਨੇ ਦ੍ਰਿਸ਼ਟੀ ਆਈ ਡੋਨੇਸ਼ਨ ਸੋਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹਾ ਸਨਮਾਨ ਉਨ੍ਹਾਂ ਨੂੰ ਹੋਰ ਵੱਧ ਜ਼ਿੰਮੇਵਾਰੀ ਅਤੇ ਸਮਰਪਣ ਨਾਲ ਮਰੀਜ਼ਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਲੋਕਾਂ ਨੂੰ ਬਿਹਤਰ ਅਤੇ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ।