ਗਰਮੀਆਂ ਦੀਆਂ ਛੁੱਟੀਆਂ ਮਗਰੋਂ ਸਕੂਲ ਖੁੱਲ੍ਹੇ, ਪਹਿਲੇ ਦਿਨ 55 ਤੋਂ 60 ਫ਼ੀਸਦੀ ਰਹੀ ਵਿਦਿਆਰਥੀਆਂ ਦੀ ਹਾਜ਼ਰੀ ਗਰਮੀਆਂ ਦੀਆਂ ਛੁੱਟੀਆਂ ਮਗਰੋਂ ਸਕੂਲ ਖੁੱਲ੍ਹੇ, ਪਹਿਲੇ ਦਿਨ 55 ਤੋਂ 60 ਫ਼ੀਸਦੀ ਰਹੀ ਵਿਦਿਆਰਥੀਆਂ ਦੀ ਹਾਜ਼ਰੀ
Publish Date: Wed, 01 Jul 2026 05:32 PM (IST)
Updated Date: Thu, 02 Jul 2026 04:02 AM (IST)
- ਛੁੱਟੀਆਂ ਵਧਣ ਦੀਆਂ ਅਫ਼ਵਾਹਾਂ ਤੇ ਗਰਮੀ ਕਾਰਨ ਪਹਿਲੇ ਦਿਨ ਘੱਟ ਰਹੀ ਹਾਜ਼ਰੀ - ਇਕ ਮਹੀਨੇ ਬਾਅਦ ਸਕੂਲਾਂ ’ਚ ਮੁੜ ਪਰਤੀ ਰੌਣਕ, ਵਿਦਿਆਰਥੀਆਂ ਦਾ ਨਿੱਘਾ ਸਵਾਗਤ ਫੋਟੋ:10,12,13 ਕੈਪਸ਼ਨ: ਗਰਮੀਆਂ ਦੀਆਂ ਛੁੱਟੀਆ ਬਾਅਦ ਸਕੂਲ ਖੁੱਲਣ ਦੇ ਪਹਿਲੇ ਦਿਨ ਸਰਕਾਰੀ ਸਕੂਲ ਵਿਚ ਆਉਣ ਵਾਲੀਆਂ ਵਿਦਿਆਰਥਣਾਂ ਦਾ ਸਵਾਗਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਇਕ ਮਹੀਨੇ ਦੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਬੁੱਧਵਾਰ ਨੂੰ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਮੁੜ ਖੁੱਲ੍ਹ ਗਏ। ਲੰਬੇ ਵਿਰਾਮ ਤੋਂ ਬਾਅਦ ਸਕੂਲਾਂ ਵਿੱਚ ਇੱਕ ਵਾਰ ਫਿਰ ਚਹਿਲ-ਪਹਿਲ ਦੇਖਣ ਨੂੰ ਮਿਲੀ, ਪਰ ਪਹਿਲੇ ਦਿਨ ਵਿਦਿਆਰਥੀਆਂ ਦੀ ਹਾਜ਼ਰੀ ਉਮੀਦ ਤੋਂ ਘੱਟ ਰਹੀ। ਜ਼ਿਲ੍ਹੇ ਦੇ ਬਹੁਤੇ ਸਕੂਲਾਂ ਵਿੱਚ ਸਿਰਫ਼ 55 ਤੋਂ 60 ਫ਼ੀਸਦੀ ਵਿਦਿਆਰਥੀ ਹੀ ਪੜ੍ਹਾਈ ਲਈ ਪਹੁੰਚੇ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪਹਿਲੇ ਦਿਨ ਘੱਟ ਹਾਜ਼ਰੀ ਦਾ ਮੁੱਖ ਕਾਰਨ ਤੇਜ਼ ਗਰਮੀ ਅਤੇ ਸੋਸ਼ਲ ਮੀਡੀਆ ਤੇ ਸਕੂਲਾਂ ਦੀਆਂ ਛੁੱਟੀਆਂ ਵਧਾਏ ਜਾਣ ਸਬੰਧੀ ਫੈਲੀਆਂ ਅਫ਼ਵਾਹਾਂ ਰਹੀਆਂ। ਕਈ ਮਾਪੇ ਅਤੇ ਵਿਦਿਆਰਥੀ ਇਸ ਗੱਲ ਨੂੰ ਲੈ ਕੇ ਦੁਵਿਧਾ ਵਿੱਚ ਸਨ ਕਿ ਕੀ ਸਕੂਲ ਵਾਸਤਵ ਵਿੱਚ ਖੁੱਲ੍ਹ ਗਏ ਹਨ ਜਾਂ ਛੁੱਟੀਆਂ ਹੋਰ ਵਧਾ ਦਿੱਤੀਆਂ ਗਈਆਂ ਹਨ। ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਕਿ ਗਰਮੀਆਂ ਦੀਆਂ ਛੁੱਟੀਆਂ ਨਿਰਧਾਰਤ ਸਮੇਂ ਅਨੁਸਾਰ ਸਮਾਪਤ ਹੋ ਚੁੱਕੀਆਂ ਹਨ ਅਤੇ 1 ਜੁਲਾਈ ਤੋਂ ਸਾਰੇ ਸਕੂਲਾਂ ਵਿੱਚ ਨਿਯਮਤ ਤੌਰ ਤੇ ਪੜ੍ਹਾਈ ਸ਼ੁਰੂ ਹੋ ਗਈ ਹੈ। ਵਿਭਾਗ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਅਪੁਸ਼ਟ ਖ਼ਬਰਾਂ ਤੇ ਵਿਸ਼ਵਾਸ ਕਰਨ ਦੀ ਬਜਾਏ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਅਧਿਕਾਰਤ ਜਾਣਕਾਰੀ ਤੇ ਹੀ ਭਰੋਸਾ ਕਰਨ। ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਬਠਿੰਡਾ ਵਿੱਚ ਨਵੇਂ ਸੈਸ਼ਨ ਦੇ ਪਹਿਲੇ ਦਿਨ ਵਿਦਿਆਰਥਣਾਂ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ। ਸਕੂਲ ਦੇ ਮੁੱਖ ਦਰਵਾਜ਼ੇ ਤੇ ਅਧਿਆਪਕਾਂ ਨੇ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕੀਤਾ। ਲੰਬੇ ਸਮੇਂ ਬਾਅਦ ਆਪਣੇ ਸਹਿਪਾਠੀਆਂ ਅਤੇ ਅਧਿਆਪਕਾਂ ਨੂੰ ਮਿਲ ਕੇ ਵਿਦਿਆਰਥਣਾਂ ਦੇ ਚਿਹਰਿਆਂ ਤੇ ਖੁਸ਼ੀ ਅਤੇ ਉਤਸ਼ਾਹ ਸਾਫ਼ ਨਜ਼ਰ ਆਇਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਮਤਾ ਸੇਠੀ ਨੇ ਸਕੂਲ ਦਾ ਦੌਰਾ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਵੇਂ ਸੈਸ਼ਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਪੂਰੇ ਉਤਸ਼ਾਹ ਅਤੇ ਨਵੀਂ ਊਰਜਾ ਨਾਲ ਪੜ੍ਹਾਈ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੀਵਨ ਵਿੱਚ ਸਫ਼ਲਤਾ ਹਾਸਲ ਕਰਨ ਲਈ ਅਨੁਸ਼ਾਸਨ, ਸਮੇਂ ਦੀ ਪਾਬੰਦੀ, ਸਕਾਰਾਤਮਕ ਸੋਚ ਅਤੇ ਨਿਰੰਤਰ ਮਿਹਨਤ ਬਹੁਤ ਜ਼ਰੂਰੀ ਹਨ। ਮਮਤਾ ਸੇਠੀ ਨੇ ਕਿਹਾ ਕਿ ਸਫ਼ਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ। ਨਿਯਮਤ ਪੜ੍ਹਾਈ, ਆਤਮ-ਵਿਸ਼ਵਾਸ ਅਤੇ ਮਿਹਨਤ ਨਾਲ ਹੀ ਵਿਦਿਆਰਥੀ ਆਪਣੇ ਜੀਵਨ ਦੇ ਟੀਚਿਆਂ ਨੂੰ ਹਾਸਲ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੂਰੀ ਲਗਨ ਨਾਲ ਪੜ੍ਹਾਈ ਕਰਨ ਅਤੇ ਆਪਣੇ ਭਵਿੱਖ ਨੂੰ ਰੌਸ਼ਨ ਬਣਾਉਣ ਦਾ ਸੱਦਾ ਦਿੱਤਾ। ਸਕੂਲ ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਢਿੱਲੋਂ ਨੇ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਨਵੇਂ ਸੈਸ਼ਨ ਦੀ ਸ਼ੁਰੂਆਤ ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰੇਗਾ। ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਨਵੇਂ ਜੋਸ਼ ਨਾਲ ਪੜ੍ਹਾਈ ਵਿੱਚ ਜੁਟਣ ਅਤੇ ਆਪਣੀਆਂ ਯੋਗਤਾਵਾਂ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਉਮੀਦ ਜਤਾਈ ਕਿ ਭਾਵੇਂ ਪਹਿਲੇ ਦਿਨ ਹਾਜ਼ਰੀ ਕੁਝ ਘੱਟ ਰਹੀ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਸਾਰੇ ਵਿਦਿਆਰਥੀ ਨਿਯਮਤ ਤੌਰ ਤੇ ਸਕੂਲ ਪਹੁੰਚਣਗੇ ਅਤੇ ਸਾਰੀਆਂ ਅਕਾਦਮਿਕ ਗਤੀਵਿਧੀਆਂ ਪੂਰੀ ਰਫ਼ਤਾਰ ਨਾਲ ਸ਼ੁਰੂ ਹੋ ਜਾਣਗੀਆਂ।