ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮਾਂ ਵੱਲੋਂ ਨੈਸ਼ਨਲ ਹਾਈਵੇਅ ਜਾਮ, ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਕੀਤੀ ਨਾਅਰੇਬਾਜ਼ੀ ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮਾਂ ਵੱਲੋਂ ਨੈਸ਼ਨਲ ਹਾਈਵੇਅ ਜਾਮ, ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਕੀਤੀ ਨਾਅਰੇਬਾਜ਼ੀ
Publish Date: Tue, 30 Jun 2026 04:53 PM (IST)
Updated Date: Tue, 30 Jun 2026 04:55 PM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ ਭੁੱਚੋ ਮੰਡੀ ਸਾਂਝੀ ਥਰਮਲ ਕੰਟਰੈਕਟਰ ਵਰਕਰਜ਼ ਸੰਘਰਸ਼ ਕਮੇਟੀ (ਏਟਕ ਪੰਜਾਬ) ਦੀ ਅਗਵਾਈ ਹੇਠ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਦੀ ਹੜਤਾਲ ਮੰਗਲਵਾਰ ਨੂੰ 15ਵੇਂ ਦਿਨ ਵੀ ਜਾਰੀ ਰਹੀ। ਆਪਣੀਆਂ ਮੰਗਾਂ ਦੇ ਹੱਕ ਵਿਚ ਮੁਲਾਜ਼ਮਾਂ ਨੇ ਪਹਿਲਾਂ ਰੋਸ ਮਾਰਚ ਕੱਢਿਆ ਅਤੇ ਬਾਅਦ ਵਿਚ ਬਠਿੰਡਾ–ਜ਼ੀਰਕਪੁਰ ਨੈਸ਼ਨਲ ਹਾਈਵੇਅ-7 ਤੇ ਧਰਨਾ ਦੇ ਕੇ ਆਵਾਜਾਈ ਰੋਕ ਦਿੱਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਪ੍ਰਬੰਧਨ ਦੀ ਪ੍ਰਤੀਕਾਤਮਕ ਅਰਥੀ ਫੂਕਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਕੋ-ਕਨਵੀਨਰ ਸੁਖਵਿੰਦਰ ਸਿੰਘ ਬਾਠ ਨੇ ਕਿਹਾ ਕਿ 24 ਮਈ ਨੂੰ ਪੰਜਾਬ ਸਰਕਾਰ ਅਤੇ ਸੰਘਰਸ਼ਸ਼ੀਲ ਮੁਲਾਜ਼ਮਾਂ ਵਿਚਾਲੇ ਹੋਏ ਲਿਖਤੀ ਸਮਝੌਤੇ ਅਨੁਸਾਰ 15 ਜੂਨ ਤੱਕ ਠੇਕਾ ਮੁਲਾਜ਼ਮਾਂ ਨੂੰ ਪਾਵਰਕਾਮ ਵਿੱਚ ਮਰਜ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਨਿਰਧਾਰਿਤ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਆਪਣੇ ਵਾਅਦੇ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਅਤੇ ਲਗਾਤਾਰ ਮੀਟਿੰਗਾਂ ਦਾ ਹਵਾਲਾ ਦੇ ਕੇ ਮਾਮਲੇ ਨੂੰ ਟਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 30 ਜੂਨ ਤਕ ਵੀ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਗਿਆ ਸੀ, ਪਰ ਉਹ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਣਦੇਖੀ ਕਾਰਨ ਮੁਲਾਜ਼ਮਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ। ਹੜਤਾਲ ਕਾਰਨ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਬਿਜਲੀ ਉਤਪਾਦਨ ਆਪਣੀ ਸਮਰੱਥਾ ਤੋਂ ਕਾਫ਼ੀ ਘੱਟ ਹੋ ਗਿਆ ਹੈ, ਜਦਕਿ ਪਲਾਂਟ ਲਈ ਕੋਲੇ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦਾ ਸਿੱਧਾ ਅਸਰ ਪੰਜਾਬ ਦੀ ਬਿਜਲੀ ਸਪਲਾਈ ਤੇ ਪੈ ਰਿਹਾ ਹੈ ਅਤੇ ਸੂਬੇ ਵਿਚ ਬਿਜਲੀ ਦੀ ਕਮੀ ਹੋਰ ਗੰਭੀਰ ਬਣਦੀ ਜਾ ਰਹੀ ਹੈ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਇਸ ਸਮੇਂ ਝੋਨੇ ਦਾ ਸੀਜ਼ਨ ਸਿਖਰ ਤੇ ਹੈ ਅਤੇ ਕਿਸਾਨਾਂ ਨੂੰ ਖੇਤਾਂ ਦੀ ਸਿੰਚਾਈ ਲਈ ਲਗਾਤਾਰ ਬਿਜਲੀ ਦੀ ਲੋੜ ਹੈ। ਜੇਕਰ ਬਿਜਲੀ ਉਤਪਾਦਨ ਪ੍ਰਭਾਵਿਤ ਰਿਹਾ ਤਾਂ ਕਿਸਾਨਾਂ, ਘਰੇਲੂ ਖਪਤਕਾਰਾਂ ਅਤੇ ਉਦਯੋਗਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਠੇਕਾ ਮੁਲਾਜ਼ਮਾਂ ਨੂੰ ਪਾਵਰਕਾਮ ਵਿੱਚ ਮਰਜ ਕਰਨ ਸਬੰਧੀ ਲਿਖਤੀ ਸਮਝੌਤੇ ਨੂੰ ਤੁਰੰਤ ਲਾਗੂ ਕਰਦਿਆਂ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਪ੍ਰਬੰਧਨ ਦੀ ਹੋਵੇਗੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਗੁਰਮੇਲ ਸਿੰਘ ਲਹਿਰਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਪਹੂਲੀ ਨੇ ਧਰਨੇ ਵਿੱਚ ਸ਼ਾਮਲ ਹੋ ਕੇ ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਨੂੰ ਆਪਣਾ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਨਿਭਾਉਣੇ ਚਾਹੀਦੇ ਹਨ ਅਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦਾ ਜਲਦ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਬੀਕੇਯੂ ਸਿੱਧੂਪੁਰ ਦੇ ਆਗੂ ਗੁਰਮੇਲ ਸਿੰਘ ਲਹਿਰਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਪੂਹਲੀ ਨੇ ਸੰਘਰਸ਼ ਨੂੰ ਹਮਾਇਤ ਦਿੱਤੀ। ਜੱਥੇਬੰਦੀ ਦੇ ਆਗੂਆਂ ਨੇ ਸਮਰਥਨ ਦੇਣ ਵਾਲੀਆਂ ਭਰਾਤਰੀ ਜਥੇਬੰਦੀਆਂ ਦਾ ਧੰਨਵਾਦ ਕੀਤਾ।