ਤਲਵੰਡੀ ਸਾਬੋ ਦੇ ਕਿਸਾਨਾਂ ਦਾ ਗਰਿੱਡ 'ਚ ਧਰਨਾ, ਤਿੰਨ-ਚਾਰ ਘੰਟੇ ਵੀ ਨਹੀਂ ਮਿਲ ਰਹੀ ਨਿਰਵਿਘਨ ਸਪਲਾਈ ਤਲਵੰਡੀ ਸਾਬੋ ਦੇ ਕਿਸਾਨਾਂ ਦਾ ਗਰਿੱਡ 'ਚ ਧਰਨਾ, ਤਿੰਨ-ਚਾਰ ਘੰਟੇ ਵੀ ਨਹੀਂ ਮਿਲ ਰਹੀ ਨਿਰਵਿਘਨ ਸਪਲਾਈ
Publish Date: Tue, 30 Jun 2026 04:19 PM (IST)
Updated Date: Tue, 30 Jun 2026 04:22 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਰੋਜ਼ਾਨਾ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇ ਕੀਤੇ ਜਾ ਰਹੇ ਦਾਵਿਆਂ ਤੇ ਤਲਵੰਡੀ ਸਾਬੋ ਦੇ ਕਿਸਾਨਾਂ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਲੰਬੇ ਸਮੇਂ ਤੋਂ ਬਿਜਲੀ ਸਪਲਾਈ ਵਿਚ ਆ ਰਹੀਆਂ ਰੁਕਾਵਟਾਂ ਤੋਂ ਨਾਰਾਜ਼ ਕਿਸਾਨਾਂ ਨੇ ਮੰਗਲਵਾਰ ਨੂੰ ਸਬ-ਸਟੇਸ਼ਨ (ਗਰਿੱਡ) ਵਿੱਚ ਧਰਨਾ ਲਗਾ ਕੇ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਰੋਸ ਪ੍ਰਗਟਾਇਆ। ਧਰਨੇ ਦੌਰਾਨ ਕਿਸਾਨ ਗੁਰਮੀਤ ਸਿੰਘ ਸਰਾਂ ਨੇ ਕਿਹਾ ਕਿ ਸਰਕਾਰ ਵੱਲੋਂ 5 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਵਾਈ ਗਈ, ਪਰ ਉਸ ਤੋਂ ਬਾਅਦ ਕਿਸਾਨਾਂ ਨੂੰ ਵਾਅਦੇ ਮੁਤਾਬਕ ਅੱਠ ਘੰਟੇ ਬਿਜਲੀ ਨਹੀਂ ਮਿਲੀ। ਉਨ੍ਹਾਂ ਦਾ ਦੋਸ਼ ਸੀ ਕਿ ਕਈ ਦਿਨਾਂ ਤੋਂ ਸਿਰਫ਼ ਤਿੰਨ ਤੋਂ ਚਾਰ ਘੰਟੇ ਹੀ ਸਪਲਾਈ ਮਿਲ ਰਹੀ ਹੈ ਅਤੇ ਉਹ ਵੀ ਲਗਾਤਾਰ ਨਹੀਂ ਹੁੰਦੀ। ਹਰ ਕੁਝ ਮਿੰਟਾਂ ਬਾਅਦ ਬਿਜਲੀ ਕੱਟ ਦਿੱਤੀ ਜਾਂਦੀ ਹੈ, ਜਿਸ ਕਾਰਨ ਸਿੰਚਾਈ ਦਾ ਸਾਰਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਸਰਾਂ ਨੇ ਦੱਸਿਆ ਕਿ ਕਿਸਾਨ ਪਹਿਲਾਂ ਵੀ ਕਈ ਵਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੀ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ, ਪਰ ਹਰ ਵਾਰ ਸਿਰਫ਼ ਭਰੋਸਾ ਦੇ ਕੇ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰ ਜਦੋਂ ਤਕ ਪੱਕਾ ਹੱਲ ਨਹੀਂ ਹੁੰਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਕਿਸਾਨਾਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਕਿਸਾਨਾਂ ਨੂੰ ਲਗਭਗ ਪੂਰੇ ਅੱਠ ਘੰਟੇ ਬਿਜਲੀ ਮਿਲਦੀ ਰਹੀ ਅਤੇ ਇਸ ਤਰ੍ਹਾਂ ਦੀ ਮੁਸ਼ਕਿਲ ਕਦੇ ਨਹੀਂ ਆਈ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰ ਚੰਗਾ ਕੰਮ ਕਰੇਗੀ, ਅਸੀਂ ਉਸ ਦੀ ਸ਼ਲਾਘਾ ਕਰਾਂਗੇ, ਪਰ ਜਿੱਥੇ ਗਲਤੀ ਹੋਵੇਗੀ, ਉੱਥੇ ਆਵਾਜ਼ ਵੀ ਉਠਾਵਾਂਗੇ। ਧਰਨੇ ਵਿਚ ਸ਼ਾਮਲ ਇਕ ਹੋਰ ਕਿਸਾਨ ਨੇ ਦੱਸਿਆ ਕਿ ਬਿਜਲੀ ਦੀ ਘਾਟ ਕਾਰਨ ਮਜਬੂਰਨ ਜਨਰੇਟਰ ਚਲਾਉਣੇ ਪੈ ਰਹੇ ਹਨ, ਜਿਸ ਨਾਲ ਡੀਜ਼ਲ ਤੇ ਵੱਡਾ ਖਰਚਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਹਿਰਾਂ ਵਿਚ ਪਾਣੀ ਦੇਰੀ ਨਾਲ ਛੱਡੇ ਜਾਣ ਕਾਰਨ ਲੇਬਰ ਦੀ ਵੀ ਘਾਟ ਬਣੀ ਹੋਈ ਹੈ ਅਤੇ ਕਿਸਾਨਾਂ ਨੂੰ ਹਰ ਪੱਖੋਂ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਖੇਤ ਪਹੁੰਚਣ ਤੋਂ ਪਹਿਲਾਂ ਹੀ ਲੱਗ ਜਾਂਦੇ ਹਨ ਕੱਟ ਕਿਸਾਨਾਂ ਨੇ ਦੱਸਿਆ ਕਿ ਕਈ ਵਾਰ ਜਦੋਂ ਉਹ ਘਰੋਂ ਖੇਤਾਂ ਵੱਲ ਨਿਕਲਦੇ ਹਨ ਤਾਂ ਰਸਤੇ ਵਿਚ ਹੀ ਬਿਜਲੀ ਬੰਦ ਹੋ ਜਾਂਦੀ ਹੈ। ਕਈ ਵਾਰ ਪਾਣੀ ਕਿਆਰਿਆਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਸਪਲਾਈ ਕੱਟ ਦਿੱਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਤਿੰਨ-ਚਾਰ ਘੰਟਿਆਂ ਦੀ ਸਪਲਾਈ ਦੌਰਾਨ ਵੀ ਕਈ ਵਾਰ ਵਾਰ-ਵਾਰ ਕੱਟ ਲੱਗਦੇ ਹਨ, ਜਿਸ ਨਾਲ ਫ਼ਸਲਾਂ ਨੂੰ ਲੋੜੀਂਦਾ ਪਾਣੀ ਨਹੀਂ ਮਿਲ ਰਿਹਾ। ਕਿਸਾਨਾਂ ਨੇ ਦੱਸਿਆ ਕਿ ਇਕੱਲਾ ਝੋਨਾ ਹੀ ਨਹੀਂ, ਸਗੋਂ ਸਬਜ਼ੀਆਂ ਅਤੇ ਹਰਾ ਚਾਰਾ ਵੀ ਪਾਣੀ ਦੀ ਕਮੀ ਨਾਲ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਖੇਤਾਂ ਵਿਚ ਲਾਇਆ ਝੋਨਾ ਸੁੱਕਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਵਾਅਦੇ ਅਨੁਸਾਰ ਨਿਰਵਿਘਨ ਅੱਠ ਘੰਟੇ ਬਿਜਲੀ ਮੁਹੱਈਆ ਕਰਵਾਈ ਜਾਵੇ। ਧਰਨੇ ਦੌਰਾਨ ਮੌਜੂਦ ਗੋਰਾ ਸਿੰਘ ਗਿੱਲ, ਬਲਜਿੰਦਰ ਸਿੰਘ ਗਿੱਲ, ਰਣਦੀਪ ਸਿੰਘ ਗਿੱਲ, ਮਨਦੀਪ ਸਿੰਘ ਗਿੱਲ, ਕੁਲਦੀਪ ਸਿੰਘ ਗਿੱਲ, ਜਿੰਦਾ ਗਿੱਲ, ਰਣਜੀਤ ਸਰਾਂ, ਪ੍ਰਦੀਪ ਢਿੱਲੋ, ਸਿਕੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਹਾਜ਼ਰ ਸਨ। ਸਬ-ਸਟੇਸ਼ਨ ਕੰਟਰੋਲਰ ਦਾ ਪੱਖ ਜਦੋਂ ਇਸ ਸਬੰਧੀ ਸਬ-ਸਟੇਸ਼ਨ ਕੰਟਰੋਲਰ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਕੱਟ ਸਥਾਨਕ ਪੱਧਰ ਤੇ ਨਹੀਂ, ਸਗੋਂ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਲਗਾਏ ਜਾਂਦੇ ਹਨ। ਉਨ੍ਹਾਂ ਮੁਤਾਬਕ ਬਿਜਲੀ ਦੀ ਮੰਗ ਜ਼ਿਆਦਾ ਹੋਣ ਅਤੇ ਲੋਡ ਵੱਧ ਜਾਣ ਕਾਰਨ ਉੱਪਰੋਂ ਮਿਲਣ ਵਾਲੀਆਂ ਹਦਾਇਤਾਂ ਅਨੁਸਾਰ ਹੀ ਸਪਲਾਈ ਵਿੱਚ ਕਟੌਤੀ ਕਰਨੀ ਪੈਂਦੀ ਹੈ।