ਲੜਕੀਆਂ ਦੀ ਨਿੱਜੀ ਸੁਰੱਖਿਆ ਲਈ ਵਿਸ਼ੇਸ਼ ਕੈਂਪ ਦੀ ਸ਼ੁਰੂਆਤ ਲੜਕੀਆਂ ਦੀ ਨਿੱਜੀ ਸੁਰੱਖਿਆ ਲਈ ਵਿਸ਼ੇਸ਼ ਕੈਂਪ ਦੀ ਸ਼ੁਰੂਆਤ
Publish Date: Tue, 30 Jun 2026 04:09 PM (IST)
Updated Date: Tue, 30 Jun 2026 04:10 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟਫੱਤਾ ਨਗਰ ਕੋਟ ਸ਼ਮੀਰ ਵਿਖੇ ਐਸਓਆਈ ਲੜਕੀਆਂ ਵਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਲੜਕੀਆਂ ਦੀ ਨਿੱਜੀ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਹ ਕੈਂਪ ਕੋਟ ਸ਼ਮੀਰ ਦੇ ਖੇਡ ਗਰਾਊਂਡ ਵਿਚ ਲਗਾਇਆ ਗਿਆ, ਜਿਸ ਵਿਚ ਵਿਦਿਆਰਥਣਾਂ ਅਤੇ ਲੜਕੀਆਂ ਨੂੰ ਆਪਣੀ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਸਵੈ-ਰੱਖਿਆ ਸਬੰਧੀ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਲੜਕੀਆਂ ਨੂੰ ਸਕੂਲ, ਕਾਲਜ ਆਉਂਦੇ ਜਾਂਦੇ ਸਮੇਂ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਸਫਰ ਦੌਰਾਨ ਅਤੇ ਹੋਰ ਕਈ ਜਨਤਕ ਥਾਵਾਂ ’ਤੇ ਲੜਕੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਅਤੇ ਪ੍ਰੇਸ਼ਾਨੀਆਂ ਤੋਂ ਨਜਿੱਠਣ ਲਈ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤਿਆਰ ਕੀਤਾ ਗਿਆ।ਇਸ ਤੋਂ ਇਲਾਵਾ ਉਨ੍ਹਾਂ ਨੂੰ ਖੇਡਾਂ ਅਤੇ ਪੜ੍ਹਾਈ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਆਪਣੇ ਭਵਿੱਖ ਨੂੰ ਹੋਰ ਮਜ਼ਬੂਤ ਬਣਾ ਸਕਣ। ਲੜਕੀਆਂ ਨੂੰ ਫਿਜ਼ੀਕਲ ਤਿਆਰੀ ਅਤੇ ਸਵੈ-ਰੱਖਿਆ ਸਬੰਧੀ ਸਿੱਖਿਆ ਵੀ ਦਿੱਤੀ ਗਈ ਤਾਂ ਜੋ ਉਹ ਕਿਸੇ ਵੀ ਸਥਿਤੀ ਦਾ ਹੌਸਲੇ ਨਾਲ ਸਾਹਮਣਾ ਕਰ ਸਕਣ। ਇਸ ਮੌਕੇ ਐਸ.ਓ.ਆਈ ਲੜਕੀਆਂ ਵਿੰਗ ਮਾਲਵਾ ਜੋਨ ਦੀ ਪ੍ਰਧਾਨ ਧਰਮਵੀਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਨੂੰ ਸਿੱਖਿਆ, ਖੇਡਾਂ ਅਤੇ ਹਰ ਖੇਤਰ ਵਿੱਚ ਅੱਗੇ ਲਿਆਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਜਾਗਰੂਕ ਅਤੇ ਆਤਮ ਵਿਸ਼ਵਾਸੀ ਬਣਾਉਣ ਲਈ ਇਹ ਕੈਂਪ ਆਯੋਜਿਤ ਕੀਤਾ ਗਿਆ ਹੈ। ਬੱਚੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐਸਓਆਈ ਲੜਕੀਆਂ ਵਿੰਗ ਵੱਲੋਂ ਲੜਕੀਆਂ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਯੋਗ ਲੜਕੀਆਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਦਾਖਲੇ ਕਰਵਾਉਣ ਲਈ ਮਦਦ ਕੀਤੀ ਜਾ ਰਹੀ ਹੈ, ਤਾਂ ਜੋ ਕੋਈ ਵੀ ਬੱਚੀ ਸਿੱਖਿਆ ਤੋਂ ਵਾਂਝੀ ਨਾ ਰਹੇ। ਕੈਂਪ ਦੀ ਸ਼ੁਰੂਆਤ ਦੌਰਾਨ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ, ਕਬੱਡੀ ਖਿਡਾਰੀ ਪੀਤਾ ਸਿੱਧੂ, ਚੌਕੀ ਇੰਚਾਰਜ ਗੁਰਪ੍ਰੀਤ ਸਿੰਘ, ਕਾਂਸਟੇਬਲ ਅਵਤਾਰ ਸਿੰਘ ਅਤੇ ਨਗਰ ਕੋਟ ਸ਼ਮੀਰ ਦੀਆਂ ਵਿਦਿਆਰਥਣਾਂ ਨਾਲ ਐਸ.ਓ.ਆਈ ਦੀਆਂ ਮੈਂਬਰ ਨਰਵੀਰ ਕੌਰ, ਲਖਵੀਰ ਕੌਰ ਅਤੇ ਰੋਸਨੀ ਹਾਜ਼ਰ ਸਨ।