ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹਫ਼ਤਾਵਰੀ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਸੰਪੰਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹਫ਼ਤਾਵਰੀ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਸੰਪੰਨ
Publish Date: Mon, 29 Jun 2026 04:07 PM (IST)
Updated Date: Mon, 29 Jun 2026 04:07 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਹਫ਼ਤਾਵਰੀ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਨਾਲ ਕਰਵਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਦੌਰਾਨ ਜਿੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਢਾਡੀ ਦਰਬਾਰ ਰਾਹੀਂ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ, ਉੱਥੇ ਹੀ ਅੰਮ੍ਰਿਤ ਸੰਚਾਰ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿੱਚ ਪ੍ਰਾਣੀਆਂ ਨੇ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਗੁਰੂ ਵਾਲੇ ਬਣਨ ਦਾ ਸੁਭਾਗ ਹਾਸਲ ਕੀਤਾ। ਇਸ ਮੌਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦੇਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਟੇਕ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸੰਗਤ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਨੇ ਜਿੱਥੇ ਸਿੰਘ-ਸਿੰਘਣੀਆਂ ਨੂੰ ਗੁਰਮਤਿ ਰਹਿਤ-ਮਰਯਾਦਾ ਵਿੱਚ ਪਰਪੱਕ ਰਹਿਣ ਦਾ ਸੰਦੇਸ਼ ਦਿੱਤਾ, ਉੱਥੇ ਹੀ ਵਰਤਮਾਨ ਸਮੇਂ ਸਿੱਖ ਕੌਮ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਅਤੇ ਰਾਜਨੀਤਿਕ ਸਾਜ਼ਿਸ਼ਾਂ ਬਾਰੇ ਵੀ ਵਿਸਥਾਰ ਵਿੱਚ ਚਾਨਣਾ ਪਾਇਆ। ਜਥੇਦਾਰ ਟੇਕ ਸਿੰਘ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸਿੱਖ ਕੌਮ ਦੀ ਚਾਰ-ਚੁਫੇਰਿਓਂ ਸਰਕਾਰੀ ਸ਼ਹਿ ਤੇ ਘੇਰਾਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਈ ਅਹਿਮ ਮਿਸਾਲਾਂ ਦਿੰਦਿਆਂ ਕਿਹਾ ਕਿ ਅਬਚਲਨਗਰ ਨਾਂਦੇੜ ਦਾ ਇਤਿਹਾਸਕ ਐਕਟ/ਕਾਨੂੰਨ ਰੱਦ ਕਰਕੇ, ਨਵੇਂ ਕਾਨੂੰਨਾਂ ਰਾਹੀਂ ਸਰਕਾਰਾਂ ਵੱਲੋਂ ਗੁਰੂ-ਘਰ ਦੇ ਪ੍ਬੰਧ ਵਿੱਚ ਸਿੱਧਾ ਦਖ਼ਲ ਦਿੱਤਾ ਜਾ ਰਿਹਾ ਹੈ। ਪੰਜਾਬ ਦੀ ਧਰਤੀ ਤੇ ਵੀ ਵੱਖ-ਵੱਖ ਕਾਨੂੰਨੀ ਹੱਥਕੰਡਿਆਂ ਰਾਹੀਂ ਸਿੱਖਾਂ ਨੂੰ ਆਪਣੇ ਹੀ ਧਾਰਮਿਕ ਕੇਂਦਰਾਂ ਅਤੇ ਗੁਰੂ-ਘਰਾਂ ਤੋਂ ਲਾਂਭੇ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਸਿੱਖ ਕੌਮ ਦੀ ਪਛਾਣ ਅਤੇ ਅਣਖ ਦੇ ਪ੍ਰਤੀਕ ਕਕਾਰਾਂ ਨੂੰ ਵੱਖ-ਵੱਖ ਥਾਵਾਂ ਤੇ ਨਿਸ਼ਾਨਾ ਬਣਾ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰਾਂ ਦੀਆਂ ਇਨ੍ਹਾਂ ਡੂੰਘੀਆਂ ਸਾਜ਼ਿਸ਼ਾਂ ਨੂੰ ਬਾਰੀਕੀ ਨਾਲ ਸਮਝਣ ਦੀ ਲੋੜ ਹੈ। ਅੱਜ ਸਮਾਂ ਆਪਣੇ ਨਿੱਜੀ ਮੁਫ਼ਾਦਾਂ ਅਤੇ ਮੱਤਭੇਦਾਂ ਨੂੰ ਤਿਆਗ ਕੇ, ਪੰਥ ਦੇ ਇੱਕੋ-ਇੱਕ ਨਿਸ਼ਾਨ ਸਾਹਿਬ (ਝੰਡੇ) ਥੱਲੇ ਇਕੱਠੇ ਹੋਣ ਦਾ ਹੈ। ਸਿੰਘ ਸਾਹਿਬ ਨੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਦਾ ਹਵਾਲਾ ਦਿੰਦਿਆਂ ਸਿੱਖ ਮਿਸਲਾਂ ਦੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਮਿਸਲ ਕਾਲ ਦੌਰਾਨ ਸਿੰਘਾਂ ਦੇ ਆਪਸੀ ਵਖਰੇਵੇਂ ਜਾਂ ਥੋੜ੍ਹੇ-ਬਹੁਤ ਝਗੜੇ ਹੁੰਦੇ ਸਨ, ਪਰ ਜਦੋਂ ਵੀ ਕਿਸੇ ਬਾਹਰੀ ਹਮਲਾਵਰ ਨੇ ਸਿੱਖ ਕੌਮ ਜਾਂ ਪੰਥਕ ਵਕਾਰ ਵੱਲ ਅੱਖ ਚੁੱਕੀ, ਤਾਂ ਸਾਰੀਆਂ ਮਿਸਲਾਂ ਆਪਣੇ ਮੱਤਭੇਦ ਭੁਲਾ ਕੇ ਇੱਕਜੁੱਟ ਹੋ ਕੇ ਲੋਹੇ ਦੀ ਕੰਧ ਵਾਂਗ ਖੜ੍ਹ ਜਾਂਦੀਆਂ ਸਨ। ਇਹੋ ਨਿਆਰੇ ਖਾਲਸਾ ਪੰਥ ਦਾ ਅਸਲ ਅਤੇ ਖੂਬਸੂਰਤ ਸਰੂਪ ਸੀ। ਸਿੰਘ ਸਾਹਿਬ ਨੇ ਸਮੁੱਚੀ ਸਿੱਖ ਕੌਮ, ਲੀਡਰਸ਼ਿਪ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਤਿਹਾਸ ਤੋਂ ਸਬਕ ਲੈਂਦਿਆਂ ਮੌਜੂਦਾ ਸੰਕਟ ਦੇ ਦੌਰ ਵਿੱਚ ਆਪਸੀ ਏਕਤਾ ਅਤੇ ਅਖੰਡਤਾ ਦਾ ਸਬੂਤ ਦੇਣ ਤਾਂ ਜੋ ਕੌਮ ਵਿਰੁੱਧ ਹੋ ਰਹੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਜਾ ਸਕੇ । ਇਸ ਮੌਕੇ ਨਰਿੰਦਰਜੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ , ਗੁਰਸੇਵਕ ਸਿੰਘ ਵਧੀਕ ਮੈਨੇਜਰ, ਮਨਦੀਪ ਸਿੰਘ ਅਤੇ ਗੁਰਸੇਵਕ ਸਿੰਘ ਮੀਤ ਮੈਨੇਜਰ, ਭੋਲਾ ਸਿੰਘ ਇੰਚਾਰਜ ਸਬ ਆਫਿਸ ਧਰਮ ਪ੍ਰਚਾਰ ਕਮੇਟੀ ਹਾਜ਼ਰ ਸਨ ।