25 ਦਿਨਾਂ ਤੋਂ ਜਾਮ ਸੀਵਰੇਜ ਕਾਰਨ ਲੋਕਾਂ ਦਾ ਫੁੱਟਿਆ ਗੁੱਸਾ, ਨਗਰ ਨਿਗਮ ਦੀ ਲਾਪਰਵਾਹੀ ਕਾਰਨ ਲੋਕ ਪ੍ਰੇਸ਼ਾਨ 25 ਦਿਨਾਂ ਤੋਂ ਜਾਮ ਸੀਵਰੇਜ ਕਾਰਨ ਲੋਕਾਂ ਦਾ ਫੁੱਟਿਆ ਗੁੱਸਾ, ਨਗਰ ਨਿਗਮ ਦੀ ਲਾਪਰਵਾਹੀ ਕਾਰਨ ਲੋਕ ਪ੍ਰੇਸ਼ਾਨ
Publish Date: Mon, 29 Jun 2026 04:02 PM (IST)
Updated Date: Mon, 29 Jun 2026 04:04 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਦੇ ਵਾਰਡ ਨੰਬਰ-34 ਵਿਚ ਪਿਛਲੇ ਕਰੀਬ 25 ਦਿਨਾਂ ਤੋਂ ਸੀਵਰੇਜ ਜਾਮ ਹੋਣ ਦੀ ਸਮੱਸਿਆ ਲਗਾਤਾਰ ਗੰਭੀਰ ਬਣੀ ਹੋਈ ਹੈ। ਮਿੰਨੀ ਸਕੱਤਰੇਤ ਰੋਡ, ਪੂੱਜਾਵਾਲਾ ਮੁਹੱਲਾ, ਪੰਡਿਤ ਜੇਠੂ ਰਾਮ ਰੋਡ, ਕੋਰਟ ਰੋਡ ਨਾਲ ਲੱਗਦੀਆਂ ਗਲੀਆਂ, ਲੱਖੀ ਰਾਮ ਵਾਲੀ ਗਲੀ ਅਤੇ ਸ਼ਹੀਦ ਜਰਨੈਲ ਸਿੰਘ ਵਾਲੀ ਗਲੀ ਸਮੇਤ ਕਈ ਇਲਾਕਿਆਂ ਵਿਚ ਸੀਵਰੇਜ ਓਵਰਫਲੋ ਹੋਣ ਕਾਰਨ ਗੰਦਾ ਪਾਣੀ ਸੜਕਾਂ ਤੇ ਖੜ੍ਹਾ ਹੈ। ਲਗਾਤਾਰ ਸ਼ਿਕਾਇਤਾਂ ਦੇ ਬਾਵਜੂਦ ਸਮੱਸਿਆ ਦਾ ਸਥਾਈ ਹੱਲ ਨਾ ਹੋਣ ਕਾਰਨ ਇਲਾਕਾ ਵਾਸੀਆਂ ਵਿਚ ਨਗਰ ਨਿਗਮ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਨਿਗਮ ਦੇ ਅਧਿਕਾਰੀ ਏਅਰ ਕੰਡੀਸ਼ਨ ਦਫ਼ਤਰਾਂ ਤੋਂ ਬਾਹਰ ਨਿਕਲ ਕੇ ਮੌਕੇ ਦਾ ਜਾਇਜ਼ਾ ਲੈਣ ਦੀ ਵੀ ਜ਼ਹਿਮਤ ਨਹੀਂ ਕਰ ਰਹੇ, ਜਿਸ ਕਾਰਨ ਪੂਰੇ ਇਲਾਕੇ ਦੇ ਹਾਲਾਤ ਨਰਕ ਵਰਗੇ ਬਣ ਗਏ ਹਨ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ 25 ਦਿਨਾਂ ਤੋਂ ਨਗਰ ਨਿਗਮ ਅਤੇ ਸਬੰਧਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਲਗਾਤਾਰ ਸੀਵਰੇਜ ਦੀ ਵਿਆਪਕ ਡੀ-ਸਿਲਟਿੰਗ ਕਰਵਾਉਣ ਲਈ ਅਪੀਲ ਕਰ ਰਹੇ ਹਨ, ਪਰ ਹਰ ਵਾਰ ਸਿਰਫ਼ ਭਰੋਸੇ ਹੀ ਦਿੱਤੇ ਜਾ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਨਿਗਮ ਦੀਆਂ ਟੀਮਾਂ ਕਦੇ-ਕਦਾਈਂ ਆ ਕੇ ਰਸਮੀ ਸਫ਼ਾਈ ਕਰਕੇ ਵਾਪਸ ਚਲੀਆਂ ਜਾਂਦੀਆਂ ਹਨ, ਜਦਕਿ ਵਿਗਿਆਨਕ ਅਤੇ ਤਕਨੀਕੀ ਢੰਗ ਨਾਲ ਸੀਵਰਾਂ ਦੀ ਸਫ਼ਾਈ ਨਹੀਂ ਕੀਤੀ ਜਾਂਦੀ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਇੱਕ-ਦੋ ਦਿਨਾਂ ਵਿੱਚ ਹੀ ਸੀਵਰ ਮੁੜ ਜਾਮ ਹੋ ਜਾਂਦੇ ਹਨ ਅਤੇ ਗੰਦਾ ਪਾਣੀ ਦੁਬਾਰਾ ਸੜਕਾਂ ਤੇ ਫੈਲ ਜਾਂਦਾ ਹੈ। ਇਲਾਕਾ ਵਾਸੀਆਂ ਮੁਤਾਬਕ ਕੋਰਟ ਰੋਡ ਤੇ ਸੜਕ ਨਿਰਮਾਣ ਦੌਰਾਨ ਡਿੱਗੀਆਂ ਇੱਟਾਂ ਅਤੇ ਹੋਰ ਮਲਬਾ ਸੀਵਰੇਜ ਲਾਈਨਾਂ ਵਿੱਚ ਫਸਿਆ ਹੋਇਆ ਹੈ, ਜਿਸ ਨਾਲ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਦੂਜੇ ਪਾਸੇ ਪੂੱਜੇਵਾਲਾ ਮੁਹੱਲੇ ਵਿੱਚ ਸੀਵਰਾਂ ਵਿੱਚ ਭਾਰੀ ਮਾਤਰਾ ਵਿਚ ਗਾਰ ਜਮ੍ਹਾ ਹੋਈ ਪਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਮਸ਼ੀਨਾਂ ਰਾਹੀਂ ਵਿਆਪਕ ਡੀ-ਸਿਲਟਿੰਗ ਨਾ ਕਰਵਾਈ ਗਈ ਤਾਂ ਆਉਣ ਵਾਲੇ ਬਰਸਾਤੀ ਮੌਸਮ ਵਿਚ ਹਾਲਾਤ ਹੋਰ ਵੀ ਭਿਆਨਕ ਹੋ ਸਕਦੇ ਹਨ। ਸਥਾਨਕ ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਸੀਵਰੇਜ ਲਾਈਨਾਂ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਲਾਈਨਾਂ ਵਿਚ ਕਿਤੇ ਨਾ ਕਿਤੇ ਲੀਕੇਜ ਹੋਣ ਕਾਰਨ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਰਲਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਕਾਰਨ ਲੋਕਾਂ ਦੀ ਸਿਹਤ ਉੱਤੇ ਗੰਭੀਰ ਸੰਕਟ ਮੰਡਰਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੀ ਮੁੱਢਲੀ ਜ਼ਿੰਮੇਵਾਰੀ ਸਾਫ਼ ਪੀਣ ਵਾਲਾ ਪਾਣੀ, ਵਧੀਆ ਸੜਕਾਂ ਅਤੇ ਸੁਚਾਰੂ ਸੀਵਰੇਜ ਪ੍ਰਣਾਲੀ ਮੁਹੱਈਆ ਕਰਵਾਉਣਾ ਹੈ, ਪਰ ਵਾਰਡ-34 ਵਿਚ ਇਹ ਤਿੰਨੇ ਹੀ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਸੜਕਾਂ ਤੇ ਖੜ੍ਹੇ ਗੰਦੇ ਪਾਣੀ ਕਾਰਨ ਰਾਹਗੀਰਾਂ, ਦੁਕਾਨਦਾਰਾਂ ਅਤੇ ਵਾਹਨ ਚਾਲਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਗੰਦਗੀ ਅਤੇ ਮੱਛਰਾਂ ਦੀ ਵੱਧ ਰਹੀ ਗਿਣਤੀ ਕਾਰਨ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵਧਦਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਠੋਸ ਕਦਮ ਨਾ ਚੁੱਕੇ ਗਏ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਵਾਰਡ-34 ਦੇ ਕੌਂਸਲਰ ਸੰਦੀਪ ਬੌਬੀ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੂਰੇ ਖੇਤਰ ਦੇ ਸੀਵਰੇਜ ਨੈੱਟਵਰਕ ਦੀ ਵਿਆਪਕ ਡੀ-ਸਿਲਟਿੰਗ ਕਰਵਾਈ ਜਾਵੇ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ ਰਸਮੀ ਸਫ਼ਾਈ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ, ਜਿਨ੍ਹਾਂ ਇਲਾਕਿਆਂ ਵਿੱਚ ਵਾਰ-ਵਾਰ ਸੀਵਰ ਜਾਮ ਹੋ ਰਹੇ ਹਨ, ਉੱਥੇ ਤਕਨੀਕੀ ਜਾਂਚ ਕਰਕੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਵੇ ਅਤੇ ਨਿਯਮਤ ਨਿਗਰਾਨੀ ਪ੍ਰਣਾਲੀ ਲਾਗੂ ਕੀਤੀ ਜਾਵੇ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸ਼ਹਿਰ ਵਿੱਚ ਸੀਵਰੇਜ ਦੀ ਸਫ਼ਾਈ ਲਈ ਉਪਲਬਧ ਮਸ਼ੀਨਾਂ ਅਤੇ ਹੋਰ ਸਰੋਤਾਂ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਕੀਤੀ ਜਾ ਰਹੀ। ਕੌਂਸਲਰ ਨੇ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਖੁਦ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲੈਣ ਅਤੇ ਪ੍ਰਭਾਵਿਤ ਇਲਾਕਿਆਂ ਵਿਚ ਤੁਰੰਤ ਰਾਹਤ ਕਾਰਜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਉੱਧਰ ਸਥਾਨਕ ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਇਸ ਸਮੱਸਿਆ ਦਾ ਸਥਾਈ ਹੱਲ ਨਾ ਕੀਤਾ ਗਿਆ ਤਾਂ ਉਹ ਨਗਰ ਨਿਗਮ ਪ੍ਰਸ਼ਾਸਨ ਖ਼ਿਲਾਫ਼ ਵੱਡਾ ਜਨ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ। ਲੋਕਾਂ ਨੇ ਮੰਗ ਕੀਤੀ ਕਿ ਸ਼ਹਿਰ ਦੇ ਸਾਰੇ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਡੀ-ਸਿਲਟਿੰਗ ਮੁਹਿੰਮ ਚਲਾਈ ਜਾਵੇ ਤਾਂ ਜੋ ਨਾਗਰਿਕਾਂ ਨੂੰ ਸਾਫ਼-ਸੁਥਰਾ, ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ।