- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਅੰਦਰ ਗਰਮੀ ਦਾ ਪ੍ਰਕੋਪ, ਆਮ ਜਨ ਜੀਵਨ ਪ੍ਰਭਾਵਿਤ, ਪਾਰਾ 40 ਡਿਗਰੀ ਤਕ ਪੁੱਜਾ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ:
ਜ਼ਿਲ੍ਹੇ ਵਿਚ ਇਕ ਵਾਰ ਫਿਰ ਭਿਆਨਕ ਗਰਮੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਕਰੀਬ 40 ਡਿਗਰੀ ਸੈਲਸੀਅਸ ਤੱਕ ਪੁੱਜਣ ਕਾਰਨ ਦੁਪਹਿਰ ਸਮੇਂ ਸੜਕਾਂ 'ਤੇ ਸੁੰਨਸਾਨ ਜਿਹੇ ਹਾਲਾਤ ਦੇਖਣ ਨੂੰ ਮਿਲੇ। ਤਿੱਖੀ ਧੁੱਪ ਅਤੇ ਗਰਮ ਹਵਾਵਾਂ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੁਪਹਿਰ ਦੇ ਸਮੇਂ ਮੁੱਖ ਬਾਜ਼ਾਰਾਂ, ਚੌਕਾਂ ਅਤੇ ਸੜਕਾਂ 'ਤੇ ਆਵਾਜਾਈ ਘੱਟ ਨਜ਼ਰ ਆਈ। ਜ਼ਰੂਰੀ ਕੰਮ ਲਈ ਹੀ ਲੋਕ ਘਰਾਂ ਤੋਂ ਬਾਹਰ ਨਿਕਲੇ, ਜਦਕਿ ਬਹੁਤ ਸਾਰੇ ਲੋਕਾਂ ਨੇ ਸਵੇਰੇ ਅਤੇ ਸ਼ਾਮ ਦੇ ਸਮੇਂ ਹੀ ਆਪਣੇ ਕੰਮ ਨਿਪਟਾਉਣ ਨੂੰ ਤਰਜੀਹ ਦਿੱਤੀ। ਗਰਮੀ ਦਾ ਸਭ ਤੋਂ ਵੱਧ ਅਸਰ ਦਿਹਾੜੀਦਾਰ ਮਜ਼ਦੂਰਾਂ, ਰੇਹੜੀ-ਫੜੀ ਵਾਲਿਆਂ, ਟ੍ਰੈਫਿਕ ਕਰਮਚਾਰੀਆਂ ਅਤੇ ਖੁੱਲ੍ਹੇ ਵਿਚ ਕੰਮ ਕਰਨ ਵਾਲੇ ਲੋਕਾਂ 'ਤੇ ਵੇਖਣ ਨੂੰ ਮਿਲਿਆ। ਭਿਆਨਕ ਗਰਮੀ ਕਾਰਨ ਹਸਪਤਾਲਾਂ ਵਿਚ ਵੀ ਬੁਖਾਰ, ਡੀਹਾਈਡ੍ਰੇਸ਼ਨ, ਚੱਕਰ ਆਉਣ ਅਤੇ ਹੀਟ ਐਗਜ਼ੌਸ਼ਨ ਦੀਆਂ ਸ਼ਿਕਾਇਤਾਂ ਨਾਲ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਗਰਮੀ ਤੋਂ ਬਚਣ ਲਈ ਲਗਾਤਾਰ ਪਾਣੀ ਅਤੇ ਹੋਰ ਤਰਲ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣ, ਸਿਰ ਨੂੰ ਕੱਪੜੇ ਜਾਂ ਟੋਪੀ ਨਾਲ ਢੱਕਣ ਅਤੇ ਧੁੱਪ ਵਿਚ ਲੰਮਾ ਸਮਾਂ ਰਹਿਣ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ ਹੈ। ਬਜ਼ੁਰਗਾਂ, ਬੱਚਿਆਂ ਅਤੇ ਪਹਿਲਾਂ ਤੋਂ ਬਿਮਾਰ ਵਿਅਕਤੀਆਂ ਨੂੰ ਖ਼ਾਸ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਗਰਮੀ ਕਾਰਨ ਬਿਜਲੀ ਦੀ ਮੰਗ ਵਿਚ ਵੀ ਵਾਧਾ ਹੋਇਆ ਹੈ। ਘਰਾਂ ਅਤੇ ਵਪਾਰਕ ਅਦਾਰਿਆਂ ਵਿੱਚ ਏਅਰ ਕੰਡੀਸ਼ਨਰ, ਕੂਲਰ ਅਤੇ ਪੱਖਿਆਂ ਦੀ ਵੱਧ ਵਰਤੋਂ ਕਾਰਨ ਬਿਜਲੀ ਦੀ ਖਪਤ ਵਧੀ ਹੈ।
ਗਰਮੀ ਕਾਰਨ ਤਿੰਨ ਬੇਹੋਸ਼
ਸ਼ਨੀਵਾਰ ਨੂੰ ਪੈ ਰਹੀ ਭਿਆਨਕ ਗਰਮੀ ਕਾਰਨ ਸ਼ਹਿਰ ਵਿੱਚ ਤਿੰਨ ਵੱਖ-ਵੱਖ ਥਾਵਾਂ ’ਤੇ ਤਿੰਨ ਵਿਅਕਤੀਆਂ ਦੀ ਤਬੀਅਤ ਅਚਾਨਕ ਬਿਗੜ ਗਈ, ਜਿਸ ਨਾਲ ਉਹ ਚੱਕਰ ਖਾ ਕੇ ਡਿੱਗ ਪਏ। ਪਹਿਲੀ ਘਟਨਾ ਫਾਇਰ ਬ੍ਰਿਗੇਡ ਦਫ਼ਤਰ ਦੇ ਨੇੜੇ ਵਾਪਰੀ, ਜਿੱਥੇ ਇਕ ਸਾਈਕਲ ਸਵਾਰ ਮਜ਼ਦੂਰ ਗਰਮੀ ਦੇ ਪ੍ਰਭਾਵ ਕਾਰਨ ਚੱਕਰ ਖਾ ਕੇ ਜ਼ਮੀਨ ’ਤੇ ਡਿੱਗ ਗਿਆ। ਦੂਜੀ ਘਟਨਾ ਸੰਤਪੁਰਾ ਰੋਡ ’ਤੇ ਵਾਪਰੀ, ਜਿੱਥੇ ਇਕ ਰਿਕਸ਼ਾ ਚਾਲਕ ਵੀ ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਪਿਆ। ਤੀਜੀ ਘਟਨਾ ਬਠਿੰਡਾ ਰੇਲਵੇ ਸਟੇਸ਼ਨ ਨੇੜੇ ਸਾਹਮਣੇ ਆਈ, ਜਿੱਥੇ ਇਕ ਯਾਤਰੀ ਗਰਮੀ ਨਾਲ ਪ੍ਰਭਾਵਿਤ ਹੋ ਕੇ ਚੱਕਰ ਖਾ ਕੇ ਜ਼ਮੀਨ ’ਤੇ ਡਿੱਗ ਗਿਆ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਰੈਸਕਿਊ ਟੀਮ ਦੇ ਸੰਦੀਪ ਗਿੱਲ ਅਤੇ ਵਿੱਕੀ ਕੁਮਾਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਸਹਾਰਾ ਐਂਬੂਲੈਂਸ ਦੀ ਮਦਦ ਨਾਲ ਤਿੰਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਸ਼ਨੀਵਾਰ ਨੂੰ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਵਿਭਾਗ ਅਨੁਸਾਰ ਅਗਲੇ ਦਿਨ੍ਹਾਂ ਵਿਚ ਮੌਸਮ ਖੁਸ਼ਕ ਰਹੇਗਾ ਅਤੇ ਗਰਮੀ ਦੇ ਹਰ ਵਧਣ ਦੀ ਸੰਭਾਵਨਾ ਹੈ।