ਕ੍ਰਿਸ਼ਨ ਭਾਗੀਵਾਂਦਰ ਨੇ ਖੋਲ੍ਹਿਆ ਆਪਣਾ ਦਫ਼ਤਰ, ਤਲਵੰਡੀ ਸਾਬੋ ਤੋਂ ਠੋਕੀ ਦਾਅਵੇਦਾਰੀ
ਕ੍ਰਿਸ਼ਨ ਭਾਗੀਵਾਂਦਰ ਨੇ ਖੋਲ੍ਹਿਆ ਆਪਣਾ ਦਫ਼ਤਰ, ਤਲਵੰਡੀ ਸਾਬੋ ਤੋਂ ਠੋਕੀ ਦਾਅਵੇਦਾਰੀ
Publish Date: Sat, 27 Jun 2026 04:20 PM (IST)
Updated Date: Sat, 27 Jun 2026 04:22 PM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਕਾਂਗਰਸ ਤਲਵੰਡੀ ਸਾਬੋ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਵੱਲੋਂ ਰੋੜੀ ਰੋਡ ਲੇਲੇ ਵਾਲਾ ਚੌਂਕ ਵਿਖੇ ਆਪਣੇ ਮੁੱਖ ਹਲਕਾ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਗਿਆ। ਸਮਾਗਮ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਉਦਘਾਟਨ ਦੀ ਰਸਮ ਸੀਨੀਅਰ ਅਤੇ ਟਕਸਾਲੀ ਕਾਂਗਰਸੀ ਆਗੂ ਮੈਡਮ ਆਸ਼ਾ ਰਾਣੀ ਨੇ ਰਿਬਨ ਕੱਟ ਕੇ ਨਿਭਾਈ। ਇਸ ਮੌਕੇ ਮੈਡਮ ਆਸ਼ਾ ਰਾਣੀ ਨੇ ਭਾਗੀਵਾਂਦਰ ਨੂੰ ਨਵੇਂ ਦਫ਼ਤਰ ਦੀਆਂ ਵਧਾਈਆਂ ਦਿੱਤੀਆਂ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੰਗਠਨ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਕਰਨ ਵਿੱਚ ਅਜਿਹੇ ਉਪਰਾਲੇ ਅਹਿਮ ਭੂਮਿਕਾ ਨਿਭਾਉਣਗੇ। ਮੈਡਮ ਆਸ਼ਾ ਰਾਣੀ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਹਲਕਾ ਤਲਵੰਡੀ ਸਾਬੋ ਦੇ ਲੋਕ ਲੋਕਲ ਲੀਡਰ ਦੀ ਭਾਲ ਵਿੱਚ ਸਨ ਅਤੇ ਹੁਣ ਉਨ੍ਹਾਂ ਦੀਆਂ ਆਸਾਂ ਦੇ ਉੱਪਰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਪਹੁੰਚੇ ਹੋਏ ਸਮੂਹ ਆਗੂਆਂ, ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਸਲ ਤਾਕਤ ਉਸਦਾ ਸਮਰਪਿਤ ਵਰਕਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਹਰ ਪੱਧਰ ਤੇ ਕੰਮ ਕੀਤਾ ਜਾਵੇਗਾ। ਉਨ੍ਹਾਂ ਹਲਕੇ ਵਿੱਚ ਚੱਲ ਰਹੀ ਧੜੇਬੰਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਕਾਰਨ ਪਾਰਟੀ ਨੂੰ ਪਿਛਲੀਆਂ ਚੋਣਾਂ ਵਿੱਚ ਨੁਕਸਾਨ ਝੱਲਣਾ ਪਿਆ। ਉਨ੍ਹਾਂ ਦਾਅਵਾ ਕੀਤਾ ਕਿ ਉਦਘਾਟਨ ਸਮਾਗਮ ਦੌਰਾਨ ਵੀ ਕੁਝ ਗਰੁੱਪਾਂ ਵੱਲੋਂ ਕਈ ਵਰਕਰਾਂ ਅਤੇ ਸਮਰਥਕਾਂ ਨੂੰ ਸਮਾਗਮ ਵਿੱਚ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਕਈ ਲੋਕ ਚਾਹੁੰਦੇ ਹੋਏ ਵੀ ਨਹੀਂ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਅਜਿਹੀ ਗਰੁੱਪਬੰਦੀ ਅਤੇ ਆਪਸੀ ਖਿੱਚੋਤਾਣ ਨੂੰ ਖ਼ਤਮ ਕਰਨਾ ਸਮੇਂ ਦੀ ਲੋੜ ਹੈ ਅਤੇ ਕਾਂਗਰਸ ਨੂੰ ਇੱਕਜੁੱਟ ਹੋ ਕੇ ਅੱਗੇ ਵਧਣਾ ਪਵੇਗਾ। ਭਾਗੀਵਾਂਦਰ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਸਿਪਾਹੀ ਵਜੋਂ ਕੰਮ ਕਰ ਰਹੇ ਹਨ ਅਤੇ ਹਲਕਾ ਤਲਵੰਡੀ ਸਾਬੋ ਤੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਦਾਅਵੇਦਾਰੀ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਪਾਰਟੀ ਹਾਈਕਮਾਨ ਉਨ੍ਹਾਂ ਤੇ ਭਰੋਸਾ ਕਰਦੀ ਹੈ ਤਾਂ ਉਹ ਪੂਰੀ ਤਾਕਤ ਨਾਲ ਚੋਣ ਲੜਣਗੇ। ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇ ਪਾਰਟੀ ਕਿਸੇ ਹੋਰ ਸਥਾਨਕ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਦੀ ਹੈ ਤਾਂ ਉਹ ਪਾਰਟੀ ਦੇ ਫ਼ੈਸਲੇ ਦਾ ਪੂਰਾ ਸਤਿਕਾਰ ਕਰਦੇ ਹੋਏ ਉਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਸਮਾਗਮ ਦੌਰਾਨ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸ਼ਰਮਾ, ਜਗਤਾਰ ਸਿੰਘ ਮੈਨੂੰਆਣਾ ਜਿਲਾ ਉਪ ਪ੍ਰਧਾਨ, ਸਾਬਕਾ ਬਲਾਕ ਪ੍ਰਧਾਨ ਦਿਲਪ੍ਰੀਤ ਸਿੰਘ ਜਗਾ ਰਾਮ ਤੀਰਥ, ਯੂਥ ਕਾਂਗਰਸ ਜਿਲਾ ਉਪ ਪ੍ਰਧਾਨ ਬਲਜੀਤ ਸਿੰਘ, ਬਲਵਿੰਦਰ ਸਿੰਘ ਸਿੰਗੌ, ਰਣਵੀਰ ਸਿੰਘ ਸੇਖਪੁਰਾ, ਸੁਖਦੇਵ ਰਾਮ ਸ਼ਰਮਾ, ਮੇਜਰ ਸਿੰਘ ਜਗਾਰਾਮ ਤੀਰਥ, ਰਾਮ ਸਿੰਘ ਲੇਲੇਵਾਲਾ, ਤਰਲੋਕ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ,ਮਨਪ੍ਰੀਤ ਸਿੰਘ ਯੂਥ ਆਗੂ ਜਸਵਿੰਦਰ ਸਿੰਘ ਭਵਾਨਪੁਰਾ, ਜੋਧਾ ਸਿੰਘ ਨਵਾਂ ਪਿੰਡ, ਬਾਬਾ ਜੀਵਨ ਖਾਨ ਭਾਗੀਵਾਂਦਰ, ਰਾਜ ਸਿੰਘ ਭੰਮ, ਵਿਕਾਸ ਸ਼ਰਮਾ ਜਨਰਲ ਸਕੱਤਰ ਸੋਸ਼ਲ ਮੀਡੀਆ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ, ਵਰਕਰ ਅਤੇ ਸਮਰਥਕ ਹਾਜ਼ਰ ਰਹੇ।