ਡੇਂਗੂ ਰੋਕਥਾਮ ਲਈ ਜਾਗਰੂਕਤਾ ਰੈਲੀ, ਲੋਕਾਂ ਨੂੰ ਦਿੱਤਾ ਬਚਾਅ ਦਾ ਸੰਦੇਸ਼
ਡੇਂਗੂ ਰੋਕਥਾਮ ਲਈ ਜਾਗਰੂਕਤਾ ਰੈਲੀ, ਲੋਕਾਂ ਨੂੰ ਦਿੱਤਾ ਬਚਾਅ ਦਾ ਸੰਦੇਸ਼
Publish Date: Sat, 27 Jun 2026 03:57 PM (IST)
Updated Date: Sat, 27 Jun 2026 03:58 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ, ਡੇਂਗੂ ਤੋਂ ਲੋਕਾਂ ਨੂੰ ਸੁਚੇਤ ਕਰਨ ਅਤੇ ਬਚਾਅ ਸਬੰਧੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਬਠਿੰਡਾ ਵੱਲੋਂ ਸ਼ੁੱਕਰਵਾਰ ਨੂੰ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਗਈ। ਇਹ ਰੈਲੀ ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਨੂੰ ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰੈਲੀ ਸਿਵਲ ਹਸਪਤਾਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚੋਂ ਗੁਜ਼ਰੀ। ਇਸ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ, ਮਲਟੀਪਰਪਜ਼ ਹੈਲਥ ਵਰਕਰਾਂ, ਜੀਐਨਐਮ ਵਿਦਿਆਰਥੀਆਂ ਅਤੇ ਸਕੂਲੀ ਬੱਚਿਆਂ ਨੇ ਹੱਥਾਂ ਵਿੱਚ ਬੈਨਰ ਅਤੇ ਪਲੇਕਾਰਡ ਫੜ ਕੇ ਡੇਂਗੂ ਤੋਂ ਬਚਾਅ ਸਬੰਧੀ ਨਾਅਰੇ ਲਗਾਏ। “ਹਰ ਸ਼ੁੱਕਰਵਾਰ-ਡੇਂਗੂ ਤੇ ਵਾਰ”, “ਸਾਫ਼-ਸਫ਼ਾਈ ਰੱਖੋ, ਡੇਂਗੂ ਤੋਂ ਬਚੋ” ਤੇ “ਪਾਣੀ ਖੜ੍ਹਾ ਨਾ ਹੋਣ ਦਿਓ” ਵਰਗੇ ਸੰਦੇਸ਼ਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਅਨੁਪਮਾ ਸ਼ਰਮਾ ਨੇ ਕਿਹਾ ਕਿ ਡੇਂਗੂ ਦਾ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੂਲਰਾਂ ਦਾ ਪਾਣੀ ਹਰ ਹਫ਼ਤੇ ਬਦਲਣ, ਫਰਿੱਜ ਦੀ ਟਰੇ, ਗਮਲਿਆਂ, ਪੁਰਾਣੇ ਟਾਇਰਾਂ ਅਤੇ ਛੱਤਾਂ ਉੱਤੇ ਪਾਣੀ ਇਕੱਠਾ ਨਾ ਹੋਣ ਦੇਣ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਨੇ ਦੱਸਿਆ ਕਿ ਡੇਂਗੂ ਦੇ ਮੁੱਖ ਲੱਛਣਾਂ ਵਿਚ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ ਅਤੇ ਮਾਸਪੇਸ਼ੀਆਂ ਤੇ ਜੋੜਾਂ ਵਿੱਚ ਦਰਦ ਸ਼ਾਮਲ ਹਨ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਅਜਿਹੇ ਲੱਛਣ ਦਿਖਾਈ ਦੇਣ ਤੇ ਸਵੈ-ਇਲਾਜ ਕਰਨ ਦੀ ਬਜਾਏ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਇਸ ਰੈਲੀ ਵਿਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਣਦੀਪ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਭਾਗ ਲਿਆ। ਡਾ. ਰਣਦੀਪ ਕੌਰ ਨੇ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਹਰ ਨਾਗਰਿਕ ਦੀ ਭਾਗੀਦਾਰੀ ਜ਼ਰੂਰੀ ਹੈ ਅਤੇ ਸਾਂਝੇ ਯਤਨਾਂ ਨਾਲ ਹੀ ਇਸ ਬਿਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕਦਾ ਹੈ।