ਪਿੰਡ ਜੋਗਾਨੰਦ ਵਿਖੇ ਕਿਸਾਨ ਜਾਗਰੂਕਤਾ ਕੈਂਪ, ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਤੇ ਸਰਬਪੱਖੀ ਕੀਟ ਪ੍ਰਬੰਧਨ ਬਾਰੇ ਮਾਹਿਰਾਂ ਨੇ ਕੀਤਾ ਜਾਗਰੂਕ
ਪਿੰਡ ਜੋਗਾਨੰਦ ਵਿਖੇ ਕਿਸਾਨ ਜਾਗਰੂਕਤਾ ਕੈਂਪ
Publish Date: Sat, 27 Jun 2026 03:56 PM (IST)
Updated Date: Sat, 27 Jun 2026 03:58 PM (IST)

ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ ਨਥਾਣਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਖੇਤ ਬਚਾਓ ਅਭਿਆਨ ਤਹਿਤ ਬਲਾਕ ਨਥਾਣਾ ਦੇ ਪਿੰਡ ਜੋਗਾਨੰਦ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਕੀਟ ਅਤੇ ਨਦੀਨ ਪ੍ਰਬੰਧਨ ਦੀਆਂ ਵਿਗਿਆਨਕ ਤਕਨੀਕਾਂ, ਫਸਲ ਸੁਰੱਖਿਆ ਅਤੇ ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਸਬੰਧੀ ਜਾਗਰੂਕ ਕਰਨਾ ਸੀ। ਕੈਂਪ ਦੀ ਸੁਰੂਆਤ ਕਰਦਿਆਂ ਡਾ. ਗੁਰਦੀਪ ਸਿੰਘ ਸਿੱਧੂ, ਡਿਪਟੀ ਡਾਇਰੈਕਟਰ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਨੇ ਕਿਸਾਨਾਂ ਨੂੰ ਕੇਂਦਰ ਵਿਖੇ ਚਲਾਏ ਜਾ ਰਹੇ ਕਿੱਤਾਮੁਖੀ ਸਿਖਲਾਈ ਕੋਰਸਾਂ, ਖੇਤੀਬਾੜੀ ਸਬੰਧੀ ਗਤੀਵਿਧੀਆਂ ਅਤੇ ਤਕਨੀਕੀ ਸੇਵਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਝੋਨੇ ਵਿੱਚ ਆਉਣ ਵਾਲੇ ਬੌਣੇ ਰੋਗ ਦੇ ਲੱਛਣਾਂ, ਇਸ ਦੇ ਫੈਲਾਅ ਅਤੇ ਰੋਕਥਾਮ ਸਬੰਧੀ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਰੋਗ ਮੁੱਖ ਤੌਰ ’ਤੇ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲਦਾ ਹੈ, ਇਸ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਨਿਯਮਿਤ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਇਸ ਸਬੰਧੀ ਰੋਕਥਾਮ ਲਈ ਸਿਫਾਰਸ਼ੀ ਉਪਾਅ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਪੀ.ਏ.ਯੂ. ਦੀਆਂ ਸਿਫਾਰਸ਼ਾਂ ਅਨੁਸਾਰ ਵਿਗਿਆਨਕ ਖੇਤੀ ਤਕਨੀਕਾਂ ਅਪਣਾਉਣ ਅਤੇ ਕੇ.ਵੀ.ਕੇ. ਵੱਲੋਂ ਦਿੱਤੀਆਂ ਜਾ ਰਹੀਆਂ ਸਿਖਲਾਈਆਂ ਅਤੇ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਗੁਰਮੀਤ ਸਿੰਘ ਢਿੱਲੋਂ, ਪ੍ਰੋਫੈਸਰ (ਪਸਾਰ ਸਿੱਖਿਆ), ਕੇਵੀਕੇ ਬਠਿੰਡਾ ਨੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਰੂਰੀ ਨੁਕਤੇ ਅਤੇ ਨਦੀਨਾਂ ਦੀ ਰੋਕਥਾਮ ਸਬੰਧੀ ਕਿਸਾਨਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਸਾਉਣੀ ਦੀਆਂ ਫਸਲਾਂ ਵਿੱਚ ਪੀਏਯੂ ਵੱਲੋਂ ਸਿਫਾਰਸ਼ ਕੀਤੀ ਮਾਤਰਾ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਤਾਂ ਜੋ ਖੇਤੀ ਖਰਚਿਆਂ ਨੂੰ ਘਟਾਇਆ ਜਾ ਸਕੇ ਅਤੇ ਵਾਤਾਵਰਣ ਬਚਾਇਆ ਜਾ ਸਕੇ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਚੰਦਰਭਾਨ, ਸਹਾਇਕ ਪੌਦਾ ਸੁਰੱਖਿਆ ਅਫਸਰ (ਏਪੀਪੀਓ), ਸਰਵਪੱਖੀ ਕੀਟ ਪ੍ਰਬੰਧਨ ਕੇਂਦਰ (ਸੀਪੀਆਈਐਮਸੀ), ਕੇਂਦਰੀ ਸਰਵਪੱਖੀ ਕੀਟ ਪ੍ਰਬੰਧਨ ਕੇਂਦਰ, ਜਲੰਧਰ ਨੇ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਸੁਰੱਖਿਅਤ ਅਤੇ ਸੁਚੱਜੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਿਫਾਰਸ਼ੀ ਮਾਤਰਾ ਅਤੇ ਢੁੱਕਵੇਂ ਸਮੇਂ ’ਤੇ ਦਵਾਈਆਂ ਦੀ ਵਰਤੋਂ ਨਾਲ ਨਾ ਸਿਰਫ਼ ਫਸਲਾਂ ਦੀ ਉਪਜ ਵਿੱਚ ਵਾਧਾ ਕੀਤਾ ਜਾ ਸਕਦਾ ਹੈ, ਸਗੋਂ ਵਾਤਾਵਰਣ ਅਤੇ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਵੀ ਘਟਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸਰਵਪੱਖੀ ਕੀਟ ਪ੍ਰਬੰਧਨ (ਆਈਪੀਐੱਮ) ਦੀ ਮਹੱਤਤਾ ਬਾਰੇ ਵੀ ਕਿਸਾਨਾਂ ਨੂੰ ਜਾਣੂ ਕਰਵਾਇਆ। ਇਸ ਦੌਰਾਨ ਡਾ. ਸੰਜੇ ਡੀਜੇ., ਸਹਾਇਕ ਪੌਦਾ ਸੁਰੱਖਿਆ ਅਫਸਰ (ਏਪੀਪੀਓ), ਸੀਪੀਆਈਐਮਸੀ ਜਲੰਧਰ ਨੇ ਝੋਨੇ ਅਤੇ ਨਰਮੇ ਦੀ ਸਿੱਧੀ ਬਿਜਾਈ ਵਿੱਚ ਨਦੀਨਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਬਾਰੇ ਵਿਗਿਆਨਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਅਵਸਥਾ ਵਿੱਚ ਨਦੀਨਾਂ ਦਾ ਸਹੀ ਪ੍ਰਬੰਧਨ ਕਰਨ ਨਾਲ ਫਸਲਾਂ ਦੀ ਵਾਧਾ ਦਰ ਵਿੱਚ ਸੁਧਾਰ ਹੁੰਦਾ ਹੈ ਅਤੇ ਉਤਪਾਦਨ ਵਿੱਚ ਵਾਧਾ ਸੰਭਵ ਬਣਦਾ ਹੈ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਠਿੰਡਾ ਵੱਲੋਂ ਸ. ਸੁਖਪਾਲ ਸ਼ਰਮਾ, ਖੇਤੀਬਾੜੀ ਸਬ-ਇੰਸਪੈਕਟਰ ਅਤੇ ਬਿਕਰਮਜੀਤ ਸਿੰਘ ਬਾਜਵਾ, ਖੇਤੀਬਾੜੀ ਵਿਸਥਾਰ ਅਫਸਰ ਉਚੇਚੇ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ ਕਿਸਾਨਾਂ ਨੂੰ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਕਿਸਾਨ ਭਲਾਈ ਸਕੀਮਾਂ, ਫਸਲ ਵਿਭਿੰਨਤਾ ਪ੍ਰੋਗਰਾਮਾਂ, ਪਾਣੀ ਦੀ ਬਚਤ ਸਬੰਧੀ ਯੋਜਨਾਵਾਂ ਅਤੇ ਖੇਤੀਬਾੜੀ ਸੈਕਟਰ ਲਈ ਉਪਲਬਧ ਸਰਕਾਰੀ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਕੈਂਪ ਦੌਰਾਨ ਕਿਸਾਨਾਂ ਨੇ ਕੀਟ ਅਤੇ ਨਦੀਨ ਪ੍ਰਬੰਧਨ ਨਾਲ ਸਬੰਧਤ ਆਪਣੀਆਂ ਸਮੱਸਿਆਵਾਂ ਮਾਹਿਰਾਂ ਸਾਹਮਣੇ ਰੱਖੀਆਂ, ਜਿਨ੍ਹਾਂ ਦੇ ਵਿਗਿਆਨਕ ਆਧਾਰ ’ਤੇ ਸੰਤੋਸ਼ਜਨਕ ਹੱਲ ਸੁਝਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ ਅਤੇ ਮਾਹਿਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਬਹੁਤ ਹੀ ਲਾਭਦਾਇਕ ਅਤੇ ਸਮੇਂ ਦੀ ਲੋੜ ਅਨੁਸਾਰ ਕਰਾਰ ਦਿੱਤਾ।