ਡਾ. ਗਰਗ ਦੇ ਕਲੀਨਿਕ 'ਤੇ ਪੈਟਰੋਲ ਬੰਬ ਹਮਲੇ ਦਾ ਮੁੱਖ ਮੁਲਜ਼ਮ ਕਾਬੂ
ਇਸ ਦੌਰਾਨ ਇਕ ਵਿਅਕਤੀ ਦੇ ਮੌਕੇ ਤੇ ਆ ਜਾਣ ਕਾਰਨ ਹਮਲਾਵਰ ਘਬਰਾ ਗਏ ਅਤੇ ਦੂਜਾ ਤਿਆਰ ਕੀਤਾ ਪੈਟਰੋਲ ਬੰਬ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਪੁਲਿਸ ਲਈ ਇਸ ਮਾਮਲੇ ਦੀ ਪਹਿਲੀ ਕੜੀ ਆਟੋ ਚਾਲਕ ਸਾਬਤ ਹੋਇਆ।
Publish Date: Fri, 26 Jun 2026 06:27 PM (IST)
Updated Date: Sat, 27 Jun 2026 04:05 AM (IST)

* ਸੀਸੀਟੀਵੀ ਫੁਟੇਜ ਤੇ ਤਕਨੀਕੀ ਜਾਂਚ ਨਾਲ ਪੁਲਿਸ ਨੂੰ ਮਿਲੀ ਸਫ਼ਲਤਾ * ਵਿਦੇਸ਼ੀ ਹੈਂਡਲਰਾਂ ਨਾਲ ਕੁਨੈਕਸ਼ਨ ਦੀ ਵੀ ਹੋ ਰਹੀ ਹੈ ਜਾਂਚ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਭਾਜਪਾ ਆਗੂ, ਸਿਵਲ ਡਿਫੈਂਸ ਦੇ ਚੀਫ਼ ਵਾਰਡਨ ਤੇ ਹੋਮਿਓਪੈਥਿਕ ਡਾਕਟਰ ਡਾ. ਤਰਸੇਮ ਗਰਗ ਦੇ ਕਲੀਨਿਕ ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ’ਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਦੇ ਤੀਜੇ ਤੇ ਮੁੱਖ ਮੁਲਜ਼ਮ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਪੁਲਿਸ ਨੇ ਅਧਿਕਾਰਤ ਤੌਰ ਤੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ, ਪਰ ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਨੂੰ ਸ਼ੁੱਕਰਵਾਰ ਬਠਿੰਡਾ ਸ਼ਹਿਰ ਤੋਂ ਕਾਬੂ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਸੀਨੀਅਰ ਪੁਲਿਸ ਅਧਿਕਾਰੀ ਜਲਦੀ ਪ੍ਰੈੱਸ ਕਾਨਫਰੰਸ ਕਰ ਕੇ ਪੂਰੇ ਮਾਮਲੇ ਦਾ ਖੁਲਾਸਾ ਕਰਨਗੇ। ਇਸ ਤੋਂ ਪਹਿਲਾਂ ਪੁਲਿਸ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖੂਈਆਂ ਸਰਵਰ ਵਾਸੀ ਨਕੁਲ ਰਾਜਪੂਤ ਤੇ ਗੁਰਵਿੰਦਰ ਸਿੰਘ ਉਰਫ਼ ਗੋਲੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਾਂਚ ਦੌਰਾਨ ਪਾਕਿਸਤਾਨ ’ਚ ਬੈਠੇ ਕਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਦਾ ਨਾਂ ਵੀ ਸਾਹਮਣੇ ਆਇਆ ਹੈ, ਜਿਸ ਨੂੰ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਪੈਸਿਆਂ ਦੇ ਲਾਲਚ ’ਚ ਇਹ ਵਾਰਦਾਤ ਕੀਤੀ ਸੀ, ਹਾਲਾਂਕਿ ਹਮਲੇ ਦੇ ਅਸਲ ਮਕਸਦ ਤੇ ਸਾਜ਼ਿਸ਼ ਦੀ ਜਾਂਚ ਅਜੇ ਵੀ ਜਾਰੀ ਹੈ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਤਿੰਨੇ ਮੁਲਜ਼ਮ ਵਾਰਦਾਤ ਵਾਲੇ ਦਿਨ ਚਾਰ ਵਾਰ ਡਾ. ਗਰਗ ਦੇ ਕਲੀਨਿਕ ਦੇ ਆਲੇ-ਦੁਆਲੇ ਘੁੰਮ ਰਹੇ ਸਨ। ਆਖ਼ਰਕਾਰ ਰਾਤ ਕਰੀਬ 9.45 ਵਜੇ ਉਹ ਮੁੜ ਕਲੀਨਿਕ ਕੋਲ ਪਹੁੰਚੇ ਤੇ ਗੁਰਵਿੰਦਰ ਸਿੰਘ ਨੇ ਕਲੀਨਿਕ ਅੰਦਰ ਪੈਟਰੋਲ ਬੰਬ ਸੁੱਟ ਦਿੱਤਾ। ਜਾਂਚ ਅਨੁਸਾਰ ਸੰਦੀਪ ਸਿੰਘ, ਨਕੁਲ ਤੇ ਗੁਰਵਿੰਦਰ ਸਿੰਘ ਫਾਜ਼ਿਲਕਾ ਤੋਂ ਬੱਸ ਰਾਹੀਂ ਬਠਿੰਡਾ ਆਏ ਸਨ। ਇੱਥੇ ਉਨ੍ਹਾਂ ਇਕ ਆਟੋ ਕਿਰਾਏ ਤੇ ਲਿਆ ਅਤੇ ਦੁਪਹਿਰ ਕਰੀਬ ਢਾਈ ਵਜੇ ਕਲੀਨਿਕ ਦੀ ਰੇਕੀ ਕੀਤੀ। ਭੀੜ ਹੋਣ ਕਾਰਨ ਉਹ ਵਾਪਸ ਚਲੇ ਗਏ। ਸ਼ਾਮ ਤੱਕ ਉਹ ਵੱਖ-ਵੱਖ ਸਮੇਂ ਤੇ ਹੋਰ ਦੋ ਵਾਰ ਮੌਕੇ ਤੇ ਪਹੁੰਚੇ, ਪਰ ਮੌਕਾ ਨਾ ਮਿਲਣ ਕਾਰਨ ਵਾਰਦਾਤ ਨੂੰ ਟਾਲ ਦਿੱਤਾ। ਚੌਥੀ ਕੋਸ਼ਿਸ਼ ਦੌਰਾਨ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਇਕ ਵਿਅਕਤੀ ਦੇ ਮੌਕੇ ਤੇ ਆ ਜਾਣ ਕਾਰਨ ਹਮਲਾਵਰ ਘਬਰਾ ਗਏ ਅਤੇ ਦੂਜਾ ਤਿਆਰ ਕੀਤਾ ਪੈਟਰੋਲ ਬੰਬ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਪੁਲਿਸ ਲਈ ਇਸ ਮਾਮਲੇ ਦੀ ਪਹਿਲੀ ਕੜੀ ਆਟੋ ਚਾਲਕ ਸਾਬਤ ਹੋਇਆ। ਘਟਨਾ ਸਥਾਨ ਅਤੇ ਭੱਜਣ ਵਾਲੇ ਰਸਤੇ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਤੋਂ ਬਾਅਦ ਪੁਲਿਸ ਆਟੋ ਚਾਲਕ ਤੱਕ ਪਹੁੰਚੀ। ਉਸ ਤੋਂ ਮਿਲੀ ਜਾਣਕਾਰੀ ਤੇ ਤਕਨੀਕੀ ਸਬੂਤਾਂ ਦੇ ਆਧਾਰ ਤੇ ਪਹਿਲਾਂ ਨਕੁਲ ਅਤੇ ਗੁਰਵਿੰਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਤੋਂ ਪੁੱਛਗਿੱਛ ਦੌਰਾਨ ਮਿਲੇ ਇਨਪੁੱਟ ਦੇ ਆਧਾਰ ਤੇ ਹੁਣ ਮੁੱਖ ਮੁਲਜ਼ਮ ਸੰਦੀਪ ਸਿੰਘ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਪੁਲਿਸ ਹੁਣ ਮਾਮਲੇ ਨਾਲ ਜੁੜੇ ਵਿਦੇਸ਼ੀ ਕੁਨੈਕਸ਼ਨ ਤੇ ਸਾਜ਼ਿਸ਼ ਦੇ ਹੋਰ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।